3 ਮਰਲੇ ਦੀ ਬਜਾਏ ਮੁਖਤਿਆਰਨਾਮੇ ''ਤੇ ਲਿਖ ਦਿੱਤਾ 63 ਮਰਲੇ

04/23/2019 11:16:40 AM

ਅੰਮ੍ਰਿਤਸਰ (ਨੀਰਜ)—ਰਜਿਸਟਰੀ ਦਫਤਰਾਂ 'ਚ ਜਾਅਲੀ ਦਸਤਾਵੇਜ਼ਾਂ ਦਾ ਫਰਜੀਵਾੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲ ਹੀ ਵਿਚ ਸਬ-ਰਜਿਸਟਰਾਰ ਅੰਮ੍ਰਿਤਸਰ (2) ਗੁਰਦੇਵ ਸਿੰਘ ਧੰਮ ਵੱਲੋਂ ਫੜੇ ਗਏ 324 ਗਜ ਪਲਾਟ ਦੇ ਜਾਅਲੀ ਮੁਖਤਾਰਨਾਮੇ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਸਬ-ਰਜਿਸਟਰਾਰ ਅੰਮ੍ਰਿਤਸਰ (1) ਜੇ. ਪੀ. ਸਲਵਾਨ ਨੇ 1500 ਗਜ ਦੇ ਪਲਾਟ ਦਾ ਜਾਅਲੀ ਮੁਖਤਾਰਨਾਮਾ ਫੜਿਆ ਲਿਆ ਹੈ। ਇਸ ਜਾਅਲੀ ਮੁਖਤਾਰਨਾਮੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਬਾਅਦ ਸਬ-ਰਜਿਸਟਰਾਰ ਨੇ ਜਾਅਲੀ ਮੁਖਤਾਰਨਾਮਾਂ ਤਿਆਰ ਕਰਨ ਵਾਲੇ ਦੋਸ਼ੀਆਂ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਜੀ. ਏ. ਟੂ. ਡੀ. ਸੀ., ਐੱਸ. ਡੀ. ਐੱਮ. ਅਤੇ ਡੀ. ਸੀ. ਨੂੰ ਸਿਫਾਰਿਸ਼ ਕਰ ਦਿੱਤੀ ਹੈ ਤਾਂ ਕਿ ਪੁਲਸ ਜਾਂਚ ਕਰਵਾਈ ਜਾ ਸਕੇ ਅਤੇ ਜਾਅਲੀ ਮੁਖਤਾਰਨਾਮਾ ਤਿਆਰ ਕਰਨ ਵਾਲਿਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ। ਜਗ ਬਾਣੀ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਰਜਿੰਦਰ ਕੌਰ ਨੇ ਕੁੱਝ ਲੋਕਾਂ ਖਿਲਾਫ ਸ਼ਿਕਾਇਤ ਕੀਤੀ ਸੀ ਕਿ ਉਸ ਨੇ 3 ਮਰਲੇ ਦੀ ਜ਼ਮੀਨ ਦਾ ਮੁਖਤਾਰਨਾਮਾ 24 ਦਸੰਬਰ 2018 ਨੂੰ ਕੀਤਾ ਸੀ ਪਰ ਦੋਸ਼ੀਆਂ ਨੇ ਮੁਖਤਾਰਨਾਮੇ ਦੇ ਦਸਤਾਵੇਜਾਂ ਵਿਚ ਟੈਂਪਰਿੰਗ ਕਰ ਕੇ 3 ਤੋਂ ਪਹਿਲਾਂ 6 ਲਿਖ ਦਿੱਤਾ ਅਤੇ 3 ਮਰਲੇ ਨੂੰ 63 ਮਰਲੇ ਬਣਾ ਦਿੱਤਾ। ਇਸ 63 ਮਰਲੇ ਦੀ ਅੱਗੇ ਰਜਿਸਟਰੀ ਵੀ ਕਰਵਾ ਦਿੱਤੀ ਰਜਿੰਦਰ ਕੌਰ ਵੱਲੋਂ ਇਸ ਸਬੰਧ ਵਿਚ ਸਭ-ਰਜਿਸਟਰਾਰ (1) ਨੂੰ ਜਾਂਚ ਕਰਨ ਲਈ ਲਿਖਤੀ ਅਪੀਲ ਕੀਤੀ ਗਈ।

6 ਅਤੇ 3 ਦੇ ਫਰਕ ਨਾਲ ਫੜਿਆ ਗਿਆ ਦਸਤਾਵੇਜ਼
ਸਬ-ਰਜਿਸਟਰਾਰ ਅੰਮ੍ਰਿਤਸਰ (1) ਜੇ. ਪੀ. ਸਲਵਾਨ ਨੂੰ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਦਸਤਾਵੇਜਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ। ਜਦੋਂ ਮੁਖਤਾਰਨਾਮੇ ਨੂੰ ਚੈੱਕ ਕੀਤਾ ਗਿਆ ਤਾਂ 63 ਮਰਲੇ ਵਾਲੀ ਥਾਂ 'ਤੇ 6 ਅਤੇ 3 ਵਿਚ ਕਾਫ਼ੀ ਫਰਕ ਨਜ਼ਰ ਆਇਆ। ਦਸਤਾਵੇਜਾਂ ਨੂੰ ਸਕੈਨ ਕੀਤਾ ਗਿਆ ਤਾਂ ਪਤਾ ਲੱਗਾ ਕਿ 3 ਦੇ ਅੱਗੇ ਜੋ 6 ਲਗਾਇਆ ਗਿਆ ਸੀ ਉਹ 3 ਤੋਂ ਕਾਫ਼ੀ ਹੇਠਾਂ ਸੀ ਇਸ ਨਾਲ ਜਾਂਚ ਅਧਿਕਾਰੀਆਂ ਦਾ ਭਰੋਸਾ ਹੋਰ ਪੱਕਾ ਹੋ ਗਿਆ ਕਿ ਦਾਲ ਵਿਚ ਜਰੂਰ ਕੁੱਝ ਕਾਲ਼ਾ ਹੈ।

ਨੋਟਿਸ ਭੇਜਣ ਦੇ ਬਾਅਦ ਵੀ ਸਬ-ਰਜਿਸਟਰਾਰ ਸਾਹਮਣੇ ਪੇਸ਼ ਨਾ ਹੋਏ ਮੁਲਜ਼ਮ
ਸਬ-ਰਜਿਸਟਰਾਰ ਜੇ. ਪੀ. ਸਲਵਾਨ ਵੱਲੋਂ ਮਾਮਲੇ ਦੀ ਜਾਂਚ ਕਰਨ ਲਈ ਜਦੋਂ ਦੋਸ਼ੀਆਂ ਨੂੰ ਡਾਕ ਦੇ ਜਰੀਏ ਸ਼ੋਕਾਜ ਨੋਟਿਸ ਭੇਜੇ ਗਏ ਤਾਂ ਉਨ੍ਹਾਂ ਵਿਚੋਂ ਕੋਈ ਵੀ ਦੋਸ਼ੀ ਆਪਣਾ ਪੱਖ ਰੱਖਣ ਅਤੇ ਬੇਗੁਨਾਹੀ ਸਾਬਤ ਕਰਨ ਲਈ ਪੇਸ਼ ਨਾ ਹੋਇਆ ਜਦੋਂ ਕਿ ਸ਼ਿਕਾਇਤਕਰਤਾ ਵੱਲੋਂ ਆਪਣੇ ਪੱਖ ਵਿਚ ਸਾਰੇ ਸਬੂਤ ਪੇਸ਼ ਕੀਤੇ ਗਏ ਜਿਸ ਨਾਲ ਸਪੱਸ਼ਟ ਹੋ ਗਿਆ ਕਿ ਸ਼ਿਕਾਇਤਕਰਤਾ ਦੇ ਵੱਲੋਂ ਲਗਾਏ ਗਏ ਇਲਜ਼ਾਮ ਸੱਚ ਸਨ।

ਵਾਲ ਵਾਲ ਬਚੇ ਸਬ-ਰਜਿਸਟਰਾਰ ਦਫਤਰ ਦੇ ਕਰਮਚਾਰੀ
63 ਮਰਲੇ ਜ਼ਮੀਨ ਦੇ ਜਾਅਲੀ ਮੁਖਤਾਰਨਾਮੇ ਦੇ ਮਾਮਲੇ ਵਿਚ ਸਬ-ਰਜਿਸਟਰਾਰ ਦਫਤਰ ਦੇ ਕਰਮਚਾਰੀ ਵੀ ਬਾਲ ਬਾਲ ਬਚ ਗਏ ਹਨ ਜੇਕਰ ਪੀੜਤ ਮਹਿਲਾ ਪੁਲਸ ਨੂੰ ਸ਼ਿਕਾਇਤ ਕਰਦੀ ਤਾਂ ਜ਼ਮੀਨ ਦਾ ਜਾਅਲੀ ਮੁਖਤਾਰਨਾਮਾ ਤਿਆਰ ਕਰਨ ਵਾਲੇ ਦੋਸ਼ੀਆਂ ਨਾਲ ਸਬ-ਰਜਿਸਟਰਾਰ ਦਫਤਰ ਦੇ ਕਰਮਚਾਰੀ ਵੀ ਇਸ ਵਿਚ ਫੱਸਦੇ ਕਿਉਂਕਿ ਦੋਸ਼ੀਆਂ ਨੇ ਜਾਅਲੀ ਮੁਖਤਾਰਨਾਮੇ ਨਾਲ ਅੱਗੇ ਰਜਿਸਟਰੀ ਵੀ ਕਰਵਾ ਲਈ ਸੀ ਅਤੇ ਰਜਿਸਟਰੀ ਕਰਦੇ ਸਮੇਂ ਰਜਿਸਟਰੀ ਦਫਤਰ ਦੇ ਕਰਮਚਾਰੀਆਂ ਨੇ ਜਾਅਲੀ ਮੁਖਤਾਰਨਾਮਾ ਚੈਕ ਹੀ ਨਹੀਂ ਕੀਤਾ ਜਦੋਂ ਕਿ ਮੁਖਤਾਰਨਾਮੇ 'ਤੇ ਲਿਖੇ ਗਏ 63 ਗਜ ਵਿਚ 6 ਅਤੇ 3 ਦਾ ਫਰਕ ਸਾਫ਼ ਨਜ਼ਰ ਆ ਰਿਹਾ ਸੀ।


Shyna

Content Editor

Related News