ਅੰਮ੍ਰਿਤਸਰ ਮੋਬਾਇਲ ਵਿੰਗ ਨੇ ਵਸੂਲਿਆ 20.61 ਲੱਖ ਜੁਰਮਾਨਾ

Saturday, Dec 01, 2018 - 02:26 PM (IST)

ਅੰਮ੍ਰਿਤਸਰ ਮੋਬਾਇਲ ਵਿੰਗ ਨੇ ਵਸੂਲਿਆ 20.61 ਲੱਖ ਜੁਰਮਾਨਾ

ਅੰਮ੍ਰਿਤਸਰ (ਇੰਦਰਜੀਤ) : ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਜੀ. ਐੱਸ. ਟੀ. ਦੇ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਟੈਕਸ ਚੋਰੀ 'ਤੇ ਭਾਰੀ ਗਾਜ ਡੇਗੀ ਹੈ। ਇਸ 'ਚ ਵਿਭਾਗ ਨੇ 20 ਲੱਖ 61 ਹਜ਼ਾਰ ਜੁਰਮਾਨੇ ਦੀ ਵਸੂਲੀ ਕਰਦਿਆਂ ਨਵਾਂ ਰਿਕਾਰਡ ਬਣ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਮਾਲ ਨੂੰ ਬਰਾਮਦ ਕਰਨ ਲਈ ਇਹ ਵੱਡੀ ਕਾਰਵਾਈ ਪਟਿਆਲਾ ਸਥਿਤ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਦੀ ਡਾਇਰੈਕਟਰ ਮੈਡਮ ਨਵਦੀਪ ਕੌਰ ਭਿੰਡਰ ਦੇ ਨਿਰਦੇਸ਼ 'ਤੇ ਹੋਈ।

ਜਾਣਕਾਰੀ ਮੁਤਾਬਕ ਡਾਇਰੈਕਟਰ ਮੈਡਮ ਭਿੰਡਰ ਨੂੰ 12 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ 200 ਦੇ ਕਰੀਬ ਸਿਲਵਰ ਅਤੇ ਤਾਂਬੇ ਦੇ ਸਕਰੈਪ ਦੀ ਖੇਪ ਭੇਜੀ ਜਾ ਰਹੀ ਹੈ, ਜਿਸ 'ਤੇ ਮੈਡਮ ਭਿੰਡਰ ਨੇ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਐੱਸ. ਐੱਸ. ਬਾਜਵਾ ਨੂੰ ਇਸ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ। 12 ਨਵੰਬਰ ਨੂੰ ਕੀਤੀ ਗਈ ਕਾਰਵਾਈ ਵਿਚ ਪੂਰੀ ਕਮਾਨ ਸੰਭਾਲਦਿਆਂ ਸਹਾਇਕ ਕਮਿਸ਼ਨਰ ਬਾਜਵਾ ਨੇ ਮਾਲ ਦੀ ਖੇਪ ਨੂੰ ਘੇਰ ਲਿਆ। ਇਸ 'ਚ ਵਿਭਾਗ ਨੂੰ ਸਫਲਤਾ ਮਿਲੀ ਅਤੇ 200 ਦੇ ਕਰੀਬ ਨਗ ਮੋਬਾਇਲ ਵਿੰਗ ਦੇ ਦਫਤਰ 'ਚ ਜ਼ਬਤ ਕਰ ਲਏ ਗਏ। ਇਸ ਮਾਮਲੇ ਦੀ ਵੱਡੀ ਗੱਲ ਹੈ ਕਿ ਪੂਰੀ ਪਾਰਦਰਸ਼ਿਤਾ ਲਈ ਬਰਾਮਦ ਕੀਤੇ ਗਏ ਮਾਲ ਦੇ ਨਗਾਂ ਬਾਰੇ ਇਸ ਦੇ ਵਾਰਿਸਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਕਿ ਉਹ ਆਪਣਾ ਪੱਖ ਰੱਖਣ। ਇਸ ਦੇ ਲਈ ਮੋਬਾਇਲ ਵਿੰਗ 'ਚ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਈ. ਟੀ. ਓ. ਜਪ ਸਿਮਰਨ ਸਿੰਘ ਪੀ. ਸੀ. ਐੱਸ., ਈ. ਟੀ. ਓ. ਲਖਬੀਰ ਸਿੰਘ ਤੇ ਸੁਸ਼ੀਲ ਕੁਮਾਰ ਸਨ ਅਤੇ ਇਨ੍ਹਾਂ ਦੇ ਨਾਲ ਇੰਸਪੈਕਟਰ ਰਾਜੀਵ ਮਰਵਾਹਾ, ਅਮਿਤ ਵਿਆਸ ਤੇ ਤ੍ਰਿਲੋਕ ਸ਼ਰਮਾ ਵੀ ਸਨ। ਬਰਾਮਦ ਕੀਤੇ ਗਏ ਮਾਲ ਦੀਆਂ 200 ਦੇ ਕਰੀਬ ਬੋਰੀਆਂ 'ਚ ਵਿਭਾਗ ਲਈ ਇਕ ਲੰਮੀ-ਚੌੜੀ ਸਮੱਸਿਆ ਸੀ ਕਿ ਇਸ ਵਿਚ ਵੱਖ-ਵੱਖ ਤਰ੍ਹਾਂ ਦੇ ਮੈਟਲ ਸਨ, ਜਿਨ੍ਹਾਂ 'ਚ ਸਿਲਵਰ, ਤਾਂਬਾ ਤੇ ਕੁਝ ਸਸਤੇ ਮੈਟਲ ਦੇ ਨਗ ਵੀ ਦੱਸੇ ਜਾਂਦੇ ਹਨ।

ਵਿਭਾਗੀ ਤੌਰ 'ਤੇ ਇਸ ਮਾਲ ਦੇ ਸੈਂਪਲ ਲੈ ਕੇ ਜਾਂਚ ਟੀਮ ਨੇ ਕਈ ਮਾਹਿਰਾਂ ਨੂੰ ਦਿਖਾਇਆ ਅਤੇ ਮਾਲ ਦੀ ਪੂਰੀ ਵੈਲਿਊਏਸ਼ਨ ਕੀਤੀ। ਦੂਜੇ ਪਾਸੇ ਮਾਲ ਨੂੰ ਤੋਲਣ ਲਈ ਵਿਭਾਗ ਨੇ ਆਟੋਮੈਟਿਕ ਕੰਡੇ ਮੋਬਾਇਲ ਵਿੰਗ ਦੇ ਦਫਤਰ ਮੰਗਵਾਏ ਤੇ ਮਾਲ ਦੇ ਮਾਲਕਾਂ ਨੂੰ ਇਸ ਦਾ ਪੂਰਾ ਨਾਪ-ਤੋਲ ਦਿਖਾਉਂਦਿਆਂ ਮਾਲ ਦੀ ਲਿਸਟ ਤਿਆਰ ਕੀਤੀ ਤਾਂ ਕਿ ਕਿਸੇ ਪ੍ਰਕਾਰ ਦੇ ਦੋਸ਼-ਪ੍ਰਤਿਆਰੋਪ ਇਕ-ਦੂਜੇ 'ਤੇ ਨਾ ਲਾਏ ਜਾਣ। ਜ਼ਿਕਰਯੋਗ ਹੈ ਕਿ ਪਹਿਲੇ ਸਮੇਂ 'ਚ ਇੰਨੀ ਵੱਡੀ ਟੈਕਸ ਦੀ ਪੈਨਲਟੀ ਅੰਮ੍ਰਿਤਸਰ ਵਿਚ ਨਹੀਂ ਦੇਖੀ ਗਈ, ਜਿਸ ਵਿਚ ਜਿਥੇ ਮਾਲ ਦੇ ਮਾਲਕਾਂ ਨੂੰ ਭਾਰੀ ਜੁਰਮਾਨਾ ਪਿਆ, ਉਥੇ ਟੈਕਸ ਬਚਾਉਣ ਵਾਲੇ ਲੋਕਾਂ 'ਤੇ ਵੀ ਇਸ ਦਾ ਅਸਰ ਹੋਇਆ ਹੈ। ਮਾਹਿਰਾਂ ਦੀ ਮੰਨੀਏ ਤਾਂ ਇੰਨੀ ਵੱਡੀ ਪੈਨਲਟੀ ਕਾਰਨ ਅੰਮ੍ਰਿਤਸਰ 'ਚ 2 ਨੰਬਰ ਦਾ ਕੰਮ ਕਰਨ ਵਾਲੇ ਲੋਕਾਂ 'ਚ ਭਾਰੀ ਦਹਿਸ਼ਤ ਫੈਲੀ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਜਵਾ ਨੇ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਨੇ ਉਕਤ ਮਾਲ ਲਈ 129 ਦਾ ਨੋਟਿਸ ਜਾਰੀ ਕੀਤਾ, ਜਿਸ ਵਿਚ ਦੂਜੇ ਮਾਲ ਦੇ ਮਾਲਕਾਂ ਨੇ ਵੀ ਆਪਣੇ ਕੁਝ ਸੁਝਾਅ ਦਿੱਤੇ ਤੇ ਕੁਝ ਦਸਤਾਵੇਜ਼ ਵੀ ਪੇਸ਼ ਕੀਤੇ। ਕਈ ਦਿਨ ਤੱਕ ਚੱਲੀ ਵਿਭਾਗੀ ਅਧਿਕਾਰੀਆਂ ਤੇ ਮਾਲ ਦੇ ਮਾਲਕਾਂ ਦੀ ਇਸ ਲੁਕਣ-ਮੀਟੀ 'ਚ ਅੱਜ ਆਖ਼ਿਰਕਾਰ ਵਿਭਾਗ ਨੇ ਫ਼ੈਸਲੇ 'ਤੇ ਪੁੱਜਦਿਆਂ ਮਾਲ ਦੀ ਪੂਰੀ ਵੈਲਿਊਏਸ਼ਨ ਵਿਚ 20 ਲੱਖ 61 ਹਜ਼ਾਰ ਤੇ ਜੁਰਮਾਨੇ ਦੀ ਫਾਈਲ ਤਿਆਰ ਕਰ ਕੇ ਆਪਣਾ ਪੱਖ ਸੁਣਾਇਆ, ਜਿਸ ਨੂੰ ਮਨਜ਼ੂਰ ਕਰਦਿਆਂ ਅੱਜ ਮੋਬਾਇਲ ਵਿੰਗ ਨੂੰ ਮਾਲ ਦੇ ਦਾਅਵੇਦਾਰਾਂ ਨੇ ਜੁਰਮਾਨੇ ਦੀ ਰਕਮ ਅਦਾ ਕਰਦਿਆਂ ਆਪਣਾ ਮਾਲ ਛੁਡਵਾ ਲਿਆ।


author

Baljeet Kaur

Content Editor

Related News