ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਨੂੰ ਲੈ ਕੇ ਔਜਲਾ ਨੇ ਕੀਤੀ ਕੈਨੇਡੀਅਨ MP ਨਾਲ ਮੁਲਾਕਾਤ

01/11/2020 10:51:58 AM

ਅੰਮ੍ਰਿਤਸਰ (ਵਾਲੀਆ, ਕਮਲ) : ਸੰਸਦ ਵਿਚ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜਵਾਨ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਕੈਨੇਡਾ ਦੀ ਸੰਸਦ ਵਿਚ ਬਰੈਂਪਟਨ ਹਲਕੇ ਦੀ ਨੁਮਾਇੰਦਗੀ ਕਰਦੇ ਅਤੇ ਪਾਰਲੀਮੈਂਟ ਸਕੱਤਰ ਅੰਤਰਰਾਸ਼ਟਰੀ ਵਿਕਾਸ ਮੰਤਰਾਲਾ ਕੈਨੇਡਾ ਮਿਸ ਕਮਲ ਖਹਿਰਾ ਨਾਲ ਮੁਲਾਕਾਤ ਕੀਤੀ ਤੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ।

ਜ਼ਿਕਰਯੋਗ ਹੈ ਕਿ ਔਜਲਾ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਨਿੱਜੀ ਦੌਰੇ 'ਤੇ ਹਨ। ਸਭ ਤੋਂ ਪਹਿਲਾਂ ਔਜਲਾ ਨੇ ਕਮਲ ਖਹਿਰਾ ਦੇ ਸੰਸਦ ਮੈਂਬਰ ਚੁਣੇ ਜਾਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਨਾਲ ਸਮੁੱਚੇ ਵਿਸ਼ਵ 'ਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਸ ਸਮੇਂ ਔਜਲਾ ਦੀ ਮਿਸ ਖਹਿਰਾ ਨਾਲ ਹੋਈ ਮੁਲਾਕਾਤ ਦੌਰਾਨ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਪੰਜਾਬ ਦੀ ਤਰੱਕੀ ਲਈ ਵਿਚਾਰਾਂ ਦਾ ਬਹੁਤ ਪ੍ਰਭਾਵਸ਼ਾਲੀ ਆਦਾਨ ਪ੍ਰਦਾਨ ਹੋਇਆ। ਔਜਲਾ ਨੇ ਇਸ ਸਮੇਂ ਪੰਜਾਬ ਸਮੇਤ ਭਾਰਤ ਨਾਲ ਦੁਵੱਲੇ ਸੰਬੰਧਾਂ ਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਔਜਲਾ ਨੇ ਇਸ ਦੌਰਾਨ ਪੰਜਾਬ ਅਤੇ ਕੈਨੇਡਾ ਦਰਮਿਆਨ ਵਪਾਰ ਨੂੰ ਉਤਸ਼ਾਹਿਤ ਕਰਨ ਤੇ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵਸੇ ਪੰਜਾਬੀਆਂ ਦੀ ਪਹਿਲੀ ਮੰਗ ਅਨੁਸਾਰ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀ ਯਾਤਰੀ ਹਵਾਈ ਸੇਵਾ ਤੇ ਕਾਰਗੋ ਸੇਵਾ ਨੂੰ ਸ਼ੁਰੂ ਕਰਨ 'ਤੇ ਵਿਚਾਰ ਚਰਚਾ ਕੀਤੀ ਗਈ। ਔਜਲਾ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਹੀ ਅਜਿਹੀ ਹੈ, ਜਿੱਥੇ ਪੰਜਾਬ ਤੋਂ ਵਿਦੇਸ਼ਾਂ ਦੀ ਧਰਤੀ ਤੇ ਸਭ ਤੋਂ ਵੱਧ ਪੰਜਾਬੀ ਪੁੱਜੇ ਹਨ। ਇਸ ਲਈ ਕੈਨੇਡਾ ਸਰਕਾਰ ਨੂੰ ਪਹਿਲ ਕਰ ਕੇ ਅੰਮ੍ਰਿਤਸਰ ਤੋਂ ਕੈਨੇਡਾ ਲਈ ਹਵਾਈ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ। ਬਹੁਤ ਹੀ ਸਹਿਜ ਮਾਹੌਲ ਵਿਚ ਹੋਈ ਮੁਲਾਕਾਤ ਤੋਂ ਖੁਸ਼ ਕੈਨੇਡੀਅਨ ਸੰਸਦ ਮੈਂਬਰ ਕਮਲ ਖਹਿਰਾ ਨੇ ਕਿਹਾ ਕਿ ਕੈਨੇਡਾ ਦੀ ਤਰੱਕੀ ਵਿਚ ਪੰਜਾਬੀਆਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਵਾਉਣ ਲਈ ਯਤਨਸ਼ੀਲ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਦੀ ਸ਼ਲਾਘਾ ਕੀਤੀ।


Baljeet Kaur

Content Editor

Related News