ਲਾਕਡਾਊਨ ''ਚ ਢਿੱਲ ਪੈ ਰਹੀ ਮਹਿੰਗੀ, ਬੁੱਧਵਾਰ ਸਾਹਮਣੇ ਆਏ 18 ਨਵੇਂ ਪਾਜ਼ੇਟਿਵ ਕੇਸ
Thursday, May 28, 2020 - 01:29 AM (IST)
ਅੰਮ੍ਰਿਤਸਰ,(ਦਲਜੀਤ ਸ਼ਰਮਾ): ਪੰਜਾਬ ਸਰਕਾਰ ਵਲੋਂ ਜ਼ਿਲੇ 'ਚ ਲਾਕਡਾਊਨ ਦੌਰਾਨ ਢਿੱਲ ਦੇਣਾ ਅੰਮ੍ਰਿਤਸਰ ਵਾਸੀਆਂ ਲਈ ਮਹਿੰਗਾ ਸਾਬਤ ਹੋ ਰਿਹਾ ਹੈ। ਬੁੱਧਵਾਰ ਕੋਰੋਨਾ ਬਲਾਸਟ ਹੁੰਦੇ ਹੀ 18 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ 'ਚ 12 ਪਹਿਲਾਂ ਤੋਂ ਪਾਜ਼ੇਟਿਵ ਚੱਲ ਰਹੇ ਮਰੀਜ਼ਾਂ ਦੇ ਸੰਪਰਕ ਵਾਲੇ ਹਨ, ਜਦਕਿ 2 ਵੱਖ-ਵੱਖ ਆਬਾਦੀਆਂ ਤੋਂ ਆਏ ਹਨ। ਇਨ੍ਹਾਂ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਸੇ ਤਰ੍ਹਾਂ ਨਾਲ 3 ਉਹ ਲੋਕ ਹਨ, ਜੋ ਸੋਮਵਾਰ ਨੂੰ ਫਲਾਈਟ ਦੇ ਜਰੀਏ ਵਿਦੇਸ਼ਾਂ ਤੋਂ ਆਏ ਸਨ। ਫਿਲਹਾਲ ਹੁਣ ਕੁਲ ਪਾਜ਼ੇਟਿਵ ਮਰੀਜ਼ 355 ਹੋ ਗਏ ਹਨ। ਇਨ੍ਹਾਂ 'ਚੋਂ ਠੀਕ ਹੋ ਕੇ 301 ਘਰ ਜਾ ਚੁਕੇ ਹਨ, ਜਦਕਿ 48 ਹਸਪਤਾਲਾਂ 'ਚ ਦਾਖਲ ਹਨ, 6 ਲੋਕਾਂ ਦੀ ਮੌਤ ਹੋ ਚੁਕੀ ਹੈ।
ਦੱਸਣਯੋਗ ਹੈ ਕਿ ਸਰਕਾਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਪਿਛਲੇ ਦਿਨਾਂ ਸਰਕਾਰ ਵਲੋਂ ਲਾਕਡਾਊਨ ਤੋਂ ਇਲਾਵਾ ਕਰਫਿਊ ਲਾਏ ਜਾਣ ਤੱਕ ਇਸ 'ਤੇ ਕਾਫ਼ੀ ਹੱਦ ਤੱਕ ਰੋਕ ਲੱਗ ਗਈ ਸੀ। ਇਸ ਤੋਂ ਬਾਅਦ ਜਦੋਂ ਸਰਕਾਰ ਨੇ ਇਸ ਮਰੀਜ਼ਾਂ ਨੂੰ ਲੈ ਕੇ ਨਵੀਂ ਪਾਲਿਸੀ ਲਾਗੂ ਕੀਤੀ ਗਈ ਤਾਂ ਉਸੇ ਹਿਸਾਬ ਨਾਲ ਮਰੀਜ਼ਾਂ ਨੂੰ ਘਰ ਭੇਜਿਆ ਜਾਣ ਲੱਗਾ। ਆਲਮ ਇਹ ਹੈ ਕਿ ਇਸ ਸਮੇਂ ਲੋਕਾਂ 'ਚ 301 ਲੋਕ ਠੀਕ ਹੋ ਕੇ ਜਾ ਚੁੱਕੇ ਹਨ ਅਤੇ ਇਨ੍ਹਾਂ 'ਚ ਮਹਾਮਾਰੀ ਦੇ ਰੀ-ਐਕਟੀਵੇਟ ਹੋਣ ਦੀ ਵੀ ਸੰਭਾਵਨਾ ਹੈ।
ਖੈਰ, ਹੁਣ ਜੋ ਮਰੀਜ਼ ਦਾਖਲ ਹਨ, ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵੀ ਪਾਜ਼ੇਟਿਵ ਆਉਂਦੇ ਜਾ ਰਹੇ ਹਨ। ਇਸ ਤੋਂ ਰਾਣੀ ਦਾ ਬਾਗ ਵਾਸੀ ਮਰੀਜ਼ ਅਸ਼ੋਕ ਅਰੋੜਾ ਦੇ ਸੰਪਰਕ 'ਚ ਆਉਣ ਵਾਲੇ 3 ਲੋਕ ਪਾਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 4 ਲੋਕ ਪਾਜ਼ੇਟਿਵ ਆ ਚੁੱਕੇ ਸਨ। ਇਸੇ ਤਰ੍ਹਾਂ ਨਾਲ ਬੁੱਧਵਾਰ ਨੂੰ ਇਕ ਹੋਰ ਪਾਜ਼ੇਟਿਵ ਮਰੀਜ਼ ਆਇਆ ਹੈ। ਉਹ ਕੱਟੜਾ ਦੂਲੋ ਦੇ ਕਾਰੋਬਾਰੀ, ਜਿਸ ਦੀ ਮੌਤ ਹੋ ਗਈ ਹੈ, ਦੇ ਸੰਪਰਕ ਵਾਲਾ ਹੈ। ਵਿਜੇ ਨਗਰ ਦੇ ਮਰੀਜ਼, ਜੋ ਪਹਿਲਾਂ ਤੋਂ ਪਾਜ਼ੇਟਿਵ ਹੈ, ਦੇ ਸੰਪਰਕ 'ਚ ਆਉਣ ਵਾਲੇ 8 ਲੋਕ ਵੀ ਪਾਜ਼ੇਟਿਵ ਆਏ ਹਨ। ਇਸ ਤੋਂ ਇਲਾਵਾ ਇਕ ਭੂਤਨਪੁਰਾ, ਇਕ ਰਮਦਾਸ ਖੇਤਰ ਤੋਂ ਮਰੀਜ਼ ਪਾਜ਼ੇਟਿਵ ਆਇਆ ਹੈ। ਇਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਚੌਕ ਲਛਮਣਸਰ ਦੀ ਰਹਿਣ ਵਾਲੀ ਮਹਿਲਾ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ 'ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਨਾਲ ਸੋਮਵਾਰ ਨੂੰ ਫਲਾਈਟ ਦੇ ਜਰੀਏ ਵਿਦੇਸ਼ਾਂ ਤੋਂ ਆਉਣ ਵਾਲੇ 3 ਲੋਕ ਵੀ ਪਾਜ਼ੇਟਿਵ ਪਾਏ ਗਏ ਹਨ। ਬਾਹਰੋਂ ਆਉਣ ਵਾਲੇ ਲੋਕਾਂ ਦੇ ਜਰੀਏ ਵੀ ਇਨਫੈਕਸ਼ਨ ਫੈਲ ਰਹੀ ਹੈ। ਹਾਲਾਂਕਿ ਸਰਕਾਰ ਨੇ ਆਪਣੇ ਲੋਕਾਂ ਨੂੰ ਘਰ ਲਿਆਉਣ ਦੀ ਚੰਗੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹ ਲੋਕ ਸਾਡੇ ਹੀ ਲਈ ਸਮੱਸਿਆ ਬਣ ਰਹੇ ਹਨ।
ਬੇਪ੍ਰਵਾਹ ਲੋਕ ਨਹੀਂ ਮੰਨਦੇ ਪ੍ਰਸ਼ਾਸਨ ਦਾ ਕਾਇਦਾ ਕਾਨੂੰਨ
ਕੋਰੋਨਾ ਵਾਇਰਸ ਦੀ ਮਹਾਮਾਰੀ ਲਗਾਤਾਰ ਜ਼ਿਲੇ 'ਚ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਜਿਨ੍ਹਾਂ ਖੇਤਰਾਂ ਤੋਂ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ, ਉਨ੍ਹਾਂ ਨੂੰ ਸੀਲ ਕੀਤਾ ਜਾ ਰਿਹਾ ਹੈ। ਬੇਪ੍ਰਵਾਹ ਲੋਕ ਪ੍ਰਸ਼ਾਸਨ ਦੇ ਕਾਇਦੇ ਕਾਨੂੰਨ ਨੂੰ ਨਾ ਮੰਨਦੇ ਹੋਏ ਸ਼ਰੇਆਮ ਬਿਨ੍ਹਾਂ ਮਾਸਕ ਘਰਾਂ 'ਚੋਂ ਬਾਹਰ ਘੁੰਮ ਰਹੇ ਹਨ। ਇਨ੍ਹਾਂ ਬੇਪ੍ਰਵਾਹ ਲੋਕਾਂ ਕਾਰਨ ਕਈ ਹੋਰ ਲੋਕ ਕੋਰੋਨਾ ਦੀ ਲਪੇਟ 'ਚ ਆ ਸਕਦੇ ਹਨ।
ਮੁੜ ਕੀਤੀ ਜਾਵੇ ਕਰਫਿਰਊ ਵਰਗੀ ਸਖਤੀ
ਜ਼ਿਲੇ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਲੈ ਕੇ ਬੁੱਧੀਜੀਵੀ ਅਤੇ ਹਰ ਵਰਗ ਪ੍ਰੇਸ਼ਾਨ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਬਾਰਾ ਅੰਮ੍ਰਿਤਸਰ 'ਚ ਕਰਫਿਊ ਵਰਗੀ ਸਖਤੀ ਕੀਤੀ ਜਾਵੇ ਤਾਂ ਕਿ ਕੰਮਿਊਨਿਟੀ 'ਚ ਫੈਲ ਰਹੇ ਕੋਰੋਨਾ ਵਾਇਰਸ 'ਤੇ ਲਗਾਮ ਲਾਈ ਜਾ ਸਕੇ। ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ, ਸੁਧੀਰ ਸੁਰੀ, ਮਹੰਤ ਰਮੇਸ਼ਾਨੰਦ ਸਰਸਵਤੀ, ਜੁਗਲ ਮਹਾਜਨ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ 'ਚ ਸ਼ਕਤੀ ਦੀ ਜੈ ਗੋਪਾਲ ਲਾਲੀ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ।