ਗਰੀਸ ਦੀਆਂ ਜੇਲਾਂ ’ਚ 14 ਮਹੀਨਿਆਂ ਦਾ ਸੰਤਾਪ ਕੱਟ ਕੇ ਵਤਨ ਪਰਤੇ 2 ਨੌਜਵਾਨ
Thursday, Mar 28, 2019 - 01:15 PM (IST)

ਗੁਰਦਾਸਪੁਰ, ਕਾਹਨੂੰਵਾਨ, (ਹਰਮਨਪ੍ਰੀਤ, ਸੁਨੀਲ) - ਕਰੀਬ ਸਵਾ ਸਾਲ ਗਰੀਸ ਦੀਆਂ ਜੇਲਾਂ ’ਚ ਸਖ਼ਤ ਸਜ਼ਾਵਾਂ ਕੱਟਣ ਦੇ ਬਾਅਦ ਆਖਿਰਕਾਰ ਵਿਦੇਸ਼ਾਂ ਦੀ ਅਦਾਲਤ ’ਚ ਮਿਲੇ ਇਨਸਾਫ ਦੀ ਬਦੌਲਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਦੋ ਨੌਜਵਾਨ ਆਪਣੇ ਘਰ ਪਰਤ ਆਏ ਹਨ। ਕਰੀਬ 14 ਮਹੀਨੇ ਇਨ੍ਹਾਂ ਨੌਜਵਾਨਾਂ ਵੱਲੋਂ ਭੋਗੇ ਗਏ ਸੰਤਾਪ ਦੀ ਕਹਾਣੀ ਨਾ ਸਿਰਫ ਰੌਂਗਟੇ ਖਡ਼੍ਹੇ ਕਰ ਦਿੰਦੀ ਹੈ, ਸਗੋਂ ਇਸ ਨਾਲ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੋਈ ਵੀ ਕਸੂਰ ਕੀਤੇ ਬਗੈਰ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦਿਆਂ ਦਿਨ-ਰਾਤ ਜ਼ਿੰਦਗੀ-ਮੌਤ ਦੀ ਲਡ਼ਾਈ ਲਡ਼ਨੀ ਪਈ ਹੈ।
ਜ਼ਿਕਰਯੋਗ ਹੈ ਕਿ ਜਨਵਰੀ 2018 ਦੌਰਾਨ ਗਰੀਸ ਦੇ ਸੁਰੱਖਿਆ ਬਲਾਂ ਨੇ ਇਕ ਸਮੁੰਦਰੀ ਜਹਾਜ਼ ਵਿਚ 410 ਟਨ ਦੇ ਕਰੀਬ ਗੋਲਾ-ਬਾਰੂਦ ਬਰਾਮਦ ਹੋਣ ਕਾਰਨ 5 ਭਾਰਤੀਆਂ ਸਮੇਤ 9 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਸੀ, ਜਿਨ੍ਹਾਂ ਵਿਚ ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਨਾਲ ਸਬੰਧਤ ਮਰਚੈਂਟ ਨੇਵੀ ਦੇ ਇੰਜੀਨੀਅਰ ਜੈਦੀਪ ਠਾਕੁਰ ਤੇ ਭੁਪਿੰਦਰ ਸਿੰਘ ਨਾਂ ਦੇ ਨੌਜਵਾਨ ਵੀ ਸ਼ਾਮਲ ਸਨ। ਉਸ ਮੌਕੇ ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਸੂਚਨਾ ਮਿਲਦੇ ਹੀ ਇਸ ਇਲਾਕੇ ਅੰਦਰ ਮਾਯੂਸੀ ਤੇ ਚਿੰਤਾ ਦਾ ਆਲਮ ਛਾ ਗਿਆ ਸੀ, ਕਿਉਂਕਿ ਇੰਨੇ ਗੰਭੀਰ ਮਾਮਲੇ ਵਿਚ ਵਿਦੇਸ਼ ਦੀ ਪੁਲਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਦੇ ਆਸਾਰ ਬਹੁਤ ਮੱਧਮ ਦਿਖਾਈ ਦੇ ਰਹੇ ਸਨ।
ਆਪਣੇ ਨਾਲ ਹੋਈ ਹੱਡਬੀਤੀ ਬਾਰੇ ਜੈਦੀਪ ਠਾਕੁਰ ਨੇ ਦੱਸਿਆ ਕਿ ਘਰੋਂ ਛੁੱਟੀ ਕੱਟਣ ਉਪਰੰਤ ਵਾਪਸ ਜਾ ਕੇ ਉਹ ਜਨਵਰੀ ਮਹੀਨੇ ਸਾਈਪਰਸ ਪਹੁੰਚਿਆ ਤੇ ਆਪਣੇ ਸਮੁੰਦਰੀ ਜਹਾਜ਼ ’ਚ ਸਵਾਰ ਹੋਇਆ ਸੀ। ਇਹ ਜਹਾਜ਼ ਤੁਰਕੀ ਤੋਂ ਸਾਊਥ ਅਫਰੀਕਾ ਜਾ ਰਿਹਾ ਸੀ ਪਰ ਰਸਤੇ ਵਿਚ ਗਰੀਸ ਦੇ ਨੇਡ਼ੇ ਜਹਾਜ਼ ਵਿਚ ਕੁਝ ਤਕਨੀਕੀ ਨੁਕਸ ਪੈ ਜਾਣ ਕਾਰਨ ਜਦੋਂ ਉਹ ਜਹਾਜ਼ ਠੀਕ ਕਰਵਾਉਣ ਲਈ ਗ੍ਰੀਸ ਦੀ ਬੰਦਰਗਾਹ ’ਤੇ ਗਏ ਤਾਂ ਉਥੇ ਸੁਰੱਖਿਆ ਅਮਲੇ ਨੇ ਜਹਾਜ਼ ਵਿਚ ਗੋਲਾ ਬਾਰੂਦ ਲੋਡ ਹੋਣ ਕਾਰਨ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਉਪਰੰਤ ਉਹ ਜਨਵਰੀ 2018 ਤੋਂ ਗਰੀਸ ਦੀਆਂ ਜੇਲਾਂ ’ਚ ਬੰਦ ਸਨ। ਜੇਲ ’ਚ ਪਾਕਿਸਤਾਨੀ ਨੌਜਵਾਨਾਂ ਰੱਖਿਆ ਸੁਰੱਖਿਅਤ : ਜੈਦੀਪ ਦੱਸਿਆ ਕਿ ਉਹ ਤਕਨੀਕੀ ਇੰਜੀਨੀਅਰ ਸਨ, ਜਿਨ੍ਹਾਂ ਦਾ ਕੰਮ ਸਿਰਫ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਠੀਕ ਕਰਨਾ ਸੀ ਪਰ ਜਹਾਜ਼ ਵਿਚ ਪਏ ਸਾਮਾਨ ਸਬੰਧੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ।
ਜੇਲ ’ਚ ਬੰਦ ਰਹਿਣ ਮੌਕੇ ਵੀ ਉਨ੍ਹਾਂ ਦੀ ਜਾਨ ’ਤੇ ਖਤਰਾ ਬਣਿਆ ਰਹਿੰਦਾ ਸੀ ਪਰ ਪਾਕਿਸਤਾਨ ਨਾਲ ਸਬੰਧਤ ਕੁਝ ਨੌਜਵਾਨਾਂ ਨੇ ਹਮੇਸ਼ਾ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ। ਜੈਦੀਪ ਤੇ ਭੁਪਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਰਿਹਾਈ ਵਿਚ ਕਈ ਲੋਕਾਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਭਾਜਪਾ ਆਗੂ ਸਵਰਨ ਸਲਾਰੀਆ, ਮੋਤੀ ਭਾਟੀਆ ਕਾਹਨੂੰਵਾਨ ਨੇ ਵੀ ਵੱਡਾ ਸਹਿਯੋਗ ਦਿੱਤਾ ਹੈ। ਇਸੇ ਤਰ੍ਹਾਂ ਗਰੀਸ ’ਚ ਹਰਮੇਸ਼ ਸਿੰਘ, ਮਗਰ ਗਾਂਧੀ ਅਤੇ ਪਾਂਡੇ ਤੋਂ ਇਲਾਵਾ ਸੰਜੇ ਪ੍ਰਾਸ਼ਰ ਨਾਂ ਦੇ ਵਿਅਕਤੀਆਂ ਨੇ ਉਨ੍ਹਾਂ ਨੂੰ ਮੌੌਤ ਦੇ ਇਸ ਖੂਹ ’ਚੋਂ ਕੱਢਣ ਵਿਚ ਬਹੁਤ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਗਰੀਸ ਦੀ ਜੇਲ ਵਿਚ ਹੋਰ ਭਾਰਤੀ ਵਿਅਕਤੀ ਵੀ ਬੰਦ ਹਨ, ਜਿਨ੍ਹਾਂ ਦੀ ਰਿਹਾਈ ਲਈ ਅਜੇ ਤੱਕ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਕਾਰਨ ਸਮੁੱਚੇ ਸ਼ਹਿਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।