ਹਾਦਸੇ ਨੂੰ ਅੰਜਾਮ ਦੇਣ ਵਾਲੇ ਅਣ-ਪਛਾਤੇ ਵਾਹਨ ਦਾ ਸੀ. ਸੀ. ਟੀ. ਵੀ. ਫੁੱਟੇਜ ਨੇ ਖੋਲ੍ਹਿਆ ਰਾਜ
Sunday, Nov 18, 2018 - 01:08 AM (IST)

ਪਠਾਨਕੋਟ, (ਸ਼ਾਰਦਾ)- ਪਿਛਲੇ ਕੱਲ ਡਲਹੌਜ਼ੀ ਰੋਡ ’ਤੇ ਵਾਪਰੇ ਸਡ਼ਕ ਹਾਦਸੇ ’ਚ ਅਣ-ਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਸਕੂਟਰੀ ਸਵਾਰ 27 ਸਾਲਾ ਨੌਜਵਾਨ ਰੋਹਿਤ ਕੁਮਾਰ ਵਾਸੀ ਢਾਕੀ ਦੀ ਦਰਦਨਾਕ ਹਾਦਸੇ ’ਚ ਮੌਤ ਹੋ ਗਈ ਸੀ, ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋਡ਼ ਲੈ ਲਿਆ ਜਦੋਂ ਪੁਲਸ ਨੇ ਜਾਂਚ ਕਰਦੇ ਹੋਏ ਨੌਜਵਾਨ ਨੂੰ ਲਪੇਟ ’ਚ ਲੈਣ ਵਾਲੀ ਬੱਸ (ਨੰ.ਪੀ.ਬੀ.35ਕਿਊ/9216) ਦੇ ਡਰਾਈਵਰ ਵਿਪਨ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਸੁਮਿਤ ਅਰੋਡ਼ਾ ਵਾਸੀ ਭਦਰੋਆ, ਨਿਊ ਟੀਚਰ ਕਾਲੋਨੀ ਨੇ ਬਿਆਨ ਦਿੱਤਾ ਸੀ ਕਿ ਰੋਹਿਤ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਹਾਦਸੇ ਦੇ ਸਮੇਂ ਦੁਪਹਿਰ ਕਰੀਬ ਸਾਢੇ 12 ਵਜੇ ਕਿਸੇ ਕੰਮ ਲਈ ਉਪਰੋਕਤ ਰੋਡ ’ਤੇ ਸਕੂਟਰੀ ਚਲਾਉਂਦੇ ਹੋਏ ਲੰਘ ਰਿਹਾ ਸੀ। ਇਸੇ ਦੌਰਾਨ ਉਕਤ ਨੰਬਰੀ ਬੱਸ ਉਥੋਂ ਤੇਜ਼ੀ ਨਾਲ ਲੰਘੀ, ਜਿਸ ਨੇ ਰੋਹਿਤ ਨੂੰ ਲਪੇਟ ’ਚ ਲੈ ਲਿਆ। ਬਾਅਦ ’ਚ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਬਿਆਨਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਥੇ ਹੀ ਦੂਜੇ ਪਾਸੇ ਅੱਜ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੰਸਕਾਰ ਲਈ ਸੌਂਪ ਦਿੱਤੀ ਹੈ। ®ਜ਼ਿਕਰਯੋਗ ਹੈ ਕਿ ਪਿਛਲੇ ਦਿਨ ਸਡ਼ਕ ਹਾਦਸੇ ਨੂੰ ਲੈ ਕੇ ਅਣ-ਪਛਾਤੇ ਵਾਹਨ ਨੂੰ ਕਾਰਨ ਮੰਨਿਆ ਜਾ ਰਿਹਾ ਸੀ ਪਰ ਮ੍ਰਿਤਕ ਰੋਹਿਤ ਦੇ ਪਰਿਵਾਰ ਵਾਲਿਆਂ ਨੇ ਉਕਤ ਮਾਰਗ ’ਤੇ ਲੱਗੇ ਹੋਏ ਆਸੇ-ਪਾਸੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਿਸ ’ਚ ਪੰਜਾਬ ਪੁਲਸ ਦੀ ਉਕਤ ਨੰਬਰੀ ਬੱਸ ਹਾਦਸੇ ਦੇ ਸਮੇਂ ਤੇਜ਼ੀ ਨਾਲ ਲੰਘਦੀ ਦੇਖੀ। ਅਜਿਹੇ ’ਚ ਸੀ. ਸੀ. ਟੀ. ਵੀ. ਫੁੱਟੇਜ਼ ਅਣ-ਪਛਾਤੇ ਵਾਹਨ ਨੂੰ ਪਹਿਚਾਣ ਕਰਨ ’ਚ ਸਫਲ ਹੋਈ ਅਤੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਦਾ ਰਾਜ ਖੁੱਲ੍ਹ ਗਿਆ।