ਸਤਿਕਾਰ ਕਮੇਟੀ ਤੇ ਆਮ ਆਦਮੀ ਪਾਰਟੀ ਨੇ ਫੂਕਿਆ ਬਾਦਲਾਂ ਦਾ ਪੁਤਲਾ
Saturday, Sep 01, 2018 - 11:53 AM (IST)

ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ)—ਬਾਬਾ ਬੁੱਢਾ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਲਾਡੀ ਪੰਜਵੜ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾ.ਕਸ਼ਮੀਰ ਸਿੰਘ ਸੋਹਲ ਦੀ ਅਗਵਾਈ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਤੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਅਕਾਲੀ ਦਲ ਵਲੋਂ ਤਰਨਤਾਰਨ ਵਿਖੇ ਕਾਂਗਰਸ ਦੇ ਫੂਕੇ ਜਾ ਰਹੇ ਪੁਤਲਿਆਂ ਲਈ ਬੱਸਾਂ 'ਤੇ ਜਾ ਰਹੇ ਅਕਾਲੀ ਵਰਕਰਾਂ ਨੂੰ ਰੋਕਿਆ ਗਿਆ ਤੇ ਬਾਦਲਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਭਾਈ ਹਰਜਿੰਦਰ ਸਿੰਘ ਲਾਡੀ, ਡਾ. ਕਸ਼ਮੀਰ ਸਿੰਘ ਸੋਹਲ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਵਿਧਾਨ ਸਭਾ 'ਚ ਜਨਤਕ ਹੋ ਚੁੱਕੀ ਰਿਪੋਰਟ 'ਤੋਂ ਸਾਫ ਹੋ ਚੁੱਕਾ ਹੈ ਕਿ ਬਾਦਲ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ 'ਤੇ ਹੀ ਬਰਗਾੜੀ ਵਿਖੇ ਦੋ ਨਿਰਦੋਸ਼ ਸਿੱਖਾਂ ਨੂੰ ਪੁਲਸ ਮੁਖੀ ਸੁਮੈਧ ਸੈਣੀ ਦੇ ਇਸ਼ਾਰੇ 'ਤੇ ਪੁਲਸ ਵਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਤਿੰਨ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਕਿ ਬਾਦਲਾਂ ਨੂੰ ਫੜ ਕੇ ਜੇਲ ਦੇ ਅੰਦਰ ਸੁੱਟਿਆ ਜਾਵੇ ਤੇ ਜੇਕਰ 3 ਮਹੀਨਿਆਂ ਤੱਕ ਕੈਪਟਨ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਕੈਪਟਨ ਅਤੇ ਕਾਂਗਰਸ ਸਰਕਾਰ ਦੇ ਵੀ ਪਿੰਡਾਂ-ਸ਼ਹਿਰਾਂ ਕਸਬਿਆਂ ਤੇ ਗਲੀ-ਮੁਹੱਲਿਆਂ 'ਚ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਅਕਾਲੀਆਂ ਨੂੰ ਪਿੰਡਾਂ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਸਿੱਖ ਜਥੇਬੰਦੀਆਂ ਵਿਰੋਧ ਜਾਰੀ ਰੱਖਣਗੀਆਂ। ਇਸ ਮੌਕੇ ਡੀ.ਐੱਸ.ਪੀ. ਸ਼ਹਿਰੀ ਸੁੱਚਾ ਸਿੰਘ ਬੱਲ ਦੀ ਅਗਵਾਈ 'ਚ ਥਾਣਾ ਝਬਾਲ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਸਿੱਧੂ, ਚਰਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਸਿੱਧੂ, ਚਰਨਜੀਤ ਸਿੰਘ ਰੰਧਾਵਾ, ਹਰਦੀਪ ਸਿੰਘ, ਅੰਮ੍ਰਿਤ ਝਬਾਲ, ਆਦਿ ਵੱਡੀ ਗਿਣਤੀ 'ਚ ਹਾਜ਼ਰ ਸਨ।