ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਪਿੰਡ ਤਿੱਬੜ ''ਚ ਬਜ਼ੁਰਗ ਦੀ ਮੌਤ ਤੋਂ ਬਾਅਦ ਤਣਾਅ
Sunday, Feb 08, 2026 - 07:06 PM (IST)
ਗੁਰਦਾਸਪੁਰ, (ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਦੋ ਮਰਲੇ ਕੂੜਾ ਸੁੱਟਣ ਵਾਲੀ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਹੋਏ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ, ਜਿਸ ਦੌਰਾਨ 60 ਸਾਲਾ ਡੇਵਿਡ ਮਸੀਹ ਦੀ ਜਾਨ ਚਲੀ ਗਈ। ਇਸ ਮਾਮਲੇ ਵਿੱਚ ਪੁਲਸ ਨੇ ਮੌਜੂਦਾ ਕਾਂਗਰਸੀ ਸਰਪੰਚਣੀ ਦੇ ਪਤੀ ਸੁਰਿੰਦਰ ਕੁਮਾਰ ਕਾਲੂ ਸਮੇਤ 9 ਲੋਕਾਂ ਖਿਲਾਫ਼ ਗੈਰ-ਇਰਾਦਤਨ ਹੱਤਿਆ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਤਿੱਬੜ ਦੀ ਦੋ ਮਰਲੇ ਜਗ੍ਹਾ, ਜੋ ਕੂੜਾ ਸੁੱਟਣ ਲਈ ਵਰਤੀ ਜਾਂਦੀ ਸੀ, ਦਾ ਕਬਜ਼ਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ 'ਤੇ 20 ਜਨਵਰੀ ਨੂੰ ਪੁਲਸ ਦੀ ਮਦਦ ਨਾਲ ਡੇਵਿਡ ਮਸੀਹ ਨੂੰ ਦਿਵਾਇਆ ਗਿਆ ਸੀ। ਉਸ ਸਮੇਂ ਜੇ.ਸੀ.ਬੀ. ਮਸ਼ੀਨ ਰਾਹੀਂ ਉੱਥੇ ਕੀਤੀ ਗਈ ਨਜਾਇਜ਼ ਉਸਾਰੀ ਵੀ ਢਾਹ ਦਿੱਤੀ ਗਈ ਸੀ। ਪਰ ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜਗ੍ਹਾ 'ਤੇ ਚਾਰ ਦੀਵਾਰੀ ਕਰਨ ਲੱਗਾ, ਤਾਂ ਪਿੰਡ ਦੇ ਕੁਝ ਵਿਅਕਤੀ ਉੱਥੇ ਪਹੁੰਚ ਗਏ ਅਤੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕਾਂਗਰਸੀ ਸਰਪੰਚਣੀ ਦਾ ਪਤੀ ਅਤੇ ਹੋਰ ਲੋਕ ਇਸ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿੱਚ ਡੇਵਿਡ ਮਸੀਹ ਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸਚਿਨ ਮਸੀਹ ਅਤੇ ਰਿਸ਼ਤੇਦਾਰ ਬਸ਼ੀਰਾ ਨੇ ਦੋਸ਼ ਲਾਇਆ ਕਿ ਹਮਲਾਵਰ ਡੰਡਿਆਂ ਅਤੇ ਕਹੀਆਂ ਨਾਲ ਲੈਸ ਹੋ ਕੇ ਆਏ ਸਨ। ਉਨ੍ਹਾਂ ਮੁਤਾਬਕ ਡੇਵਿਡ ਦੀ ਛਾਤੀ 'ਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਥਾਣਾ ਤਿੱਬੜ ਦੀ ਐੱਸ.ਐੱਚ.ਓ. ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਸੁਰਿੰਦਰ ਕੁਮਾਰ ਕਾਲੂ ਸਮੇਤ ਸੱਤ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 304 (ਗੈਰ-ਇਰਾਦਤਨ ਹੱਤਿਆ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗਾ ਕਿ ਇਹ ਮੌਤ ਸੱਟਾਂ ਕਾਰਨ ਹੋਈ ਹੈ ਜਾਂ ਦਿਲ ਦਾ ਦੌਰਾ ਪੈਣ ਨਾਲ। ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀਆਂ ਧਾਰਾਵਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
