ਕੁੜੀ ਦੇ ਸਹੁਰੇ ਘਰੋਂ ਆਏ ਫੋਨ ਨੇ ਕੀਤਾ ਹੈਰਾਨ, ਅੱਖਾਂ ਸਾਹਮਣੇ ਧੀ ਦੀ ਲਾਸ਼ ਵੇਖ ਧਾਹਾਂ ਮਾਰ ਰੋਏ ਮਾਪੇ
Saturday, Dec 10, 2022 - 11:53 AM (IST)
ਬਟਾਲਾ (ਸਾਹਿਲ)- ਪਿੰਡ ਰਜਾਦਾ ਵਿਖੇ ਭੇਤਭਰੇ ਹਾਲਾਤ ਵਿਚ ਇਕ ਵਿਆਹੁਤਾ ਵੱਲੋਂ ਫਾਹਾ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕੁੜੀ ਨਵਨੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਵਾਸੀ ਪਿੰਡ ਧੰਦੋਈ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਨਵਨੀਤ ਕੌਰ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਫੌਜੀ ਜਸਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਰਜਾਦਾ ਨਾਲ ਹੋਇਆ ਸੀ ਅਤੇ ਉਸਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਕੁੜੀ ਨੂੰ ਅਕਸਰ ਹੀ ਉਸਦਾ ਪਤੀ, ਸੱਸ ਅਤੇ ਸਹੁਰਾ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਹੋਏ ਕਾਰ ਦੀ ਮੰਗ ਕਰਦੇ ਸਨ ਪਰ ਉਨ੍ਹਾਂ ਵੱਲੋਂ ਆਪਣੇ ਜਵਾਈ ਨੂੰ ਬੁਲਟ ਮੋਟਰਸਾਈਕਲ ਦੇ ਦਿੱਤਾ ਗਿਆ ਪਰ ਇਸਦੇ ਬਾਵਜੂਦ ਨਵਨੀਤ ਕੌਰ ਨੂੰ ਉਸਦੇ ਸਹੁਰੇ ਪਰਿਵਾਰ ਨੇ ਤੰਗ-ਪ੍ਰੇਸ਼ਾਨ ਕਰਨਾ ਜਾਰੀ ਰੱਖਿਆ, ਜਿਸ ’ਤੇ ਅੱਜ ਸਾਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਕਿ ਤੁਹਾਡੀ ਕੁੜੀ ਨੇ ਫਾਹਾ ਲੈ ਲਿਆ ਹੈ ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਜਾਣਕਾਰੀ ਦੇਣ ਲਈ ਇਕ ਹੋਰ ਕੇਂਦਰ ਸਥਾਪਤ
ਮ੍ਰਿਤਕਾ ਦੇ ਪਿਤਾ ਨੇ ਅੱਗੇ ਦੱਸਿਆ ਕਿ ਅਸੀਂ ਜਦੋਂ ਆਪਣੀ ਕੁੜੀ ਦੇ ਸਹੁਰੇ ਘਰ ਪੁੱਜੇ ਤਾਂ ਦੇਖਿਆ ਕਿ ਕੁੜੀ ਮ੍ਰਿਤਕ ਹਾਲਤ ਵਿਚ ਪਈ ਹੈ ਜਿਸ ਨੂੰ ਦੇਖ ਮਾਪੇ ਧਾਹਾਂ ਮਾਰ ਦੇ ਰੋਣ ਲੱਗ ਪਏ। ਕੁਲਦੀਪ ਸਿੰਘ ਨੇ ਕਥਿਤ ਤੌਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਨਵਨੀਤ ਕੌਰ ਨੂੰ ਉਸਦੇ ਪਤੀ, ਸੱਸ ਅਤੇ ਸਹੁਰੇ ਨੇ ਮਿਲ ਫਾਹਾ ਦੇ ਕੇ ਮਾਰ ਦਿੱਤਾ ਹੈ ਅਤੇ ਹੁਣ ਝੂਠੀਆਂ ਕਹਾਣੀਆਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਉਕਤ ਕੁੜੀ ’ਤੇ ਪੂਰਾ ਯਕੀਨ ਹੈ ਕਿ ਉਹ ਇਹ ਕਦਮ ਨਹੀਂ ਸੀ ਚੁੱਕ ਸਕਦੀ। ਮ੍ਰਿਤਕਾ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਦੇ ਆਲ੍ਹਾ ਅਫ਼ਸਰਾਂ ਤੋਂ ਮੰਗ ਕੀਤੀ ਕਿ ਕਿ ਮੇਰੀ ਕੁੜੀ ਨੂੰ ਮਾਰਨ ਵਾਲੇ ਉਸਦੇ ਪਤੀ, ਸੱਸ ਅਤੇ ਸਹੁਰੇ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਸਾਨੂੰ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਭੁੱਲ ਕੇ ਵੀ ਨਾ ਕਰਨਾ ਇਹ ਗ਼ਲਤੀ, ਜਾਵੋਗੇ ਸਲਾਖਾਂ ਪਿੱਛੇ
ਓਧਰ ਦੂਜੇ ਪਾਸੇ ਘਟਨਾ ਸਥਾਨ ’ਤੇ ਪਹੁੰਚੇ ਬਟਾਲਾ ਤੋਂ ਡੀ. ਐੱਸ. ਪੀ. ਲਲਿਤ ਕੁਮਾਰ ਅਤੇ ਪੁਲਸ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਜੋਗਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਘਟਨਾ ਸਥਲ ਦਾ ਜਾਇਜ਼ਾ ਲੈਣ ਉਪਰੰਤ ਮ੍ਰਿਤਕਾ ਨਵਨੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ। ਕੁੜੀ ਦੇ ਪਿਤਾ ਕੁਲਦੀਪ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਅਤੇ ਪੋਸਟਮਾਰਟਮ ਰਿਪਰੋਟ ਆਉਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।