800 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 3 ਵਾਹਨ ਲਏ ਕਬਜ਼ੇ ’ਚ

Thursday, Dec 13, 2018 - 04:22 AM (IST)

800 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 3 ਵਾਹਨ ਲਏ ਕਬਜ਼ੇ ’ਚ

ਅੰਮ੍ਰਿਤਸਰ,   (ਇੰਦਰਜੀਤ)-  ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਅੰਮ੍ਰਿਤਸਰ ਯੂਨਿਟ ਦੇ ਮੋਬਾਇਲ ਵਿੰਗ ਨੇ ਇਕ ਵੱਡੀ ਛਾਪੇਮਾਰੀ ’ਚ ਇਕ ਟਰੱਕ ਤੇ 2 ਕਾਰਾਂ ਨੂੰ ਘੇਰ ਕੇ 800 ਪੇਟੀਅਾਂ ਨਾਜਾਇਜ਼ ਸ਼ਰਾਬ ਜੋ ਦੂਜੇ ਰਾਜਾਂ ਤੋਂ ਮੰਗਵਾਈ ਗਈ ਸੀ, ਨੂੰ ਬਰਾਮਦ ਕਰ ਕੇ ਤਿੰਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਸਮੱਗਲਿੰਗ  ਰਾਹੀਂ ਮੰਗਵਾਈ ਗਈ ਇਸ ਸ਼ਰਾਬ ਨੂੰ ਇਕ ਸ਼ੈਲਰ ਵਿਚ ਰੱਖਿਆ ਜਾ ਰਿਹਾ ਸੀ, ਜਿਥੇ ਪੈਡੀ ਦੀਆਂ ਬੋਰੀਆਂ ਦੇ ਪਿੱਛੇ ਸ਼ਰਾਬ ਦੀਆਂ ਪੇਟੀਆਂ ਨੂੰ ਲੁਕਾਉਣ ਦਾ ਟਿਕਾਣਾ ਬਣਾਇਆ ਹੋਇਆ ਸੀ। 
 ®ਜਾਣਕਾਰੀ ਮੁਤਾਬਕ ਮੋਬਾਇਲ ਵਿੰਗ ਦੇ ਡਿਪਟੀ ਕਮਿਸ਼ਨਰ ਜਲੰਧਰ ਰੇਂਜ ਬੀ. ਕੇ. ਵਿਰਦੀ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੰਮ੍ਰਿਤਸਰ-2 ਰੇਂਜ ਅੰਦਰ ਜਿਥੇ ਗੁਰਦਾਸਪੁਰ ਆਦਿ ਦੇ ਖੇਤਰ ਆਉਂਦੇ ਹਨ, ’ਚ ਦੂਜੇ ਰਾਜਾਂ ਤੋਂ ਸ਼ਰਾਬ ਮੰਗਵਾ ਕੇ ਪੰਜਾਬ ’ਚ ਭੇਜਦੇ ਹਨ। ਇਨ੍ਹਾਂ ਦਾ ਨੈੱਟਵਰਕ ਇੰਨਾ ਵੱਡਾ ਹੈ ਕਿ ਜੇਕਰ ਇਨ੍ਹਾਂ ਨੂੰ ਫਡ਼ ਲਿਆ ਜਾਵੇ ਤਾਂ ਪੰਜਾਬ ’ਚ ਹੋਣ ਵਾਲੇ ਟੈਕਸ ਦੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਬੀ. ਕੇ. ਵਿਰਦੀ ਨੇ ਅੰਮ੍ਰਿਤਸਰ ਮੋਬਾਇਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਐੱਚ. ਐੱਸ. ਬਾਜਵਾ ਨੂੰ ਇਸ ਪੂਰੇ ਨੈੱਟਵਰਕ ਨੂੰ ਤੋਡ਼ਨ ਦੇ ਨਿਰਦੇਸ਼ ਦਿੱਤੇ ਤੇ ਇਸ ਪੂਰੇ ਆਪ੍ਰੇਸ਼ਨ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਹਦਾਇਤ ਦਿੱਤੀ, ਜਿਸ ਉਪਰੰਤ ਅੰਮ੍ਰਿਤਸਰ ਮੋਬਾਇਲ ਵਿੰਗ ’ਚ ਯੋਜਨਾ ਮੁਤਾਬਕ 2 ਟੀਮਾਂ ਤਿਆਰ ਕੀਤੀਆਂ ਗਈਅਾਂ।
 ਇਕ ਟੀਮ ਦੀ ਕਮਾਂਡ ਈ. ਟੀ. ਓ. ਲਖਬੀਰ ਸਿੰਘ, ਇੰਸਪੈਕਟਰ ਅਮਿਤ ਵਿਆਸ ਤੇ ਦੂਜੀ ਟੀਮ ’ਚ ਸੁਸ਼ੀਲ ਕੁਮਾਰ ਤੇ ਇੰਸਪੈਕਟਰ ਅਸ਼ਵਨੀ ਕੁਮਾਰ ਸ਼ਾਮਿਲ ਸਨ। ਇਨ੍ਹਾਂ ਦੇ ਨਾਲ 2 ਦਰਜਨ ਲੋਕਾਂ ਦਾ ਸਟਾਫ ਵੀ ਸ਼ਾਮਿਲ ਸੀ, ਪਿਛਲੇ 4 ਦਿਨਾਂ ਤੋਂ ਲਗਾਤਾਰ ਟ੍ਰੈਪ ਲਾਇਆ ਹੋਇਆ ਸੀ, ਉਥੇ ਹੀ ਬੀਤੀ ਰਾਤ 10 ਵਜੇ ਦੇ ਕਰੀਬ ਮੋਬਾਇਲ ਵਿੰਗ ਦੇ ਇੰਚਾਰਜ ਸਹਾਇਕ ਕਮਿਸ਼ਨਰ ਬਾਜਵਾ ਨੂੰ ਸੂਚਨਾ ਮਿਲੀ ਕਿ 2 ਕਾਰਾਂ ਤੇ ਇਕ ਟਰੱਕ ਚੰਡੀਗਡ਼੍ਹ ਹਰਿਆਣਾ ਤੋਂ ਆਈ ਸਮੱਗਲਿੰਗ ਦੀ ਸ਼ਰਾਬ ਦੀ ਵੱਡੀ ਖੇਪ ਲਿਆ ਰਹੇ ਹਨ। ਮੋਬਾਇਲ ਵਿੰਗ ਦੇ ਇੰਚਾਰਜ ਬਾਜਵਾ ਜੋ ਇਸ ਆਪ੍ਰੇਸ਼ਨ ਦੀ ਕਮਾਂਡ ਖੁਦ ਸੰਭਾਲ ਰਹੇ ਸਨ, ਨੇ ਇਸ ਸੂਚਨਾ ਨੂੰ ਲੈ ਕੇ ਮੋਬਾਇਲ ਵਿੰਗ ਦੀ ਪਹਿਲਾਂ ਤੋਂ ਗਠਿਤ ਕੀਤੀਅਾਂ ਟੀਮਾਂ ਨੂੰ ਨਾਲ ਲੈ ਲਿਆ ਤੇ ਇਸ ਵੱਡੇ ਆਪ੍ਰੇਸ਼ਨ ਵੱਲ ਨਿਕਲ ਪਏ। ਦੱਸਿਆ ਜਾਂਦਾ ਹੈ ਕਿ ਮੋਬਾਇਲ ਵਿੰਗ ਨੇ ਇਕ ਵੱਡੇ ਟਰੱਕ ਤੇ 2 ਕਾਰਾਂ ਨੂੰ ਅੰਕਿਤ ਸਥਾਨ ਨੇੜੇ ਸ਼ੱਕੀ ਹਾਲਤ ਵਿਚ ਦੇਖਿਆ ਤਾਂ ਤਿੰਨਾਂ ਵਾਹਨਾਂ ਨੂੰ ਘੇਰ ਲਿਆ ਗਿਆ। ਇਸ ਦੌਰਾਨ 2 ਕਾਰਾਂ ਵਿਚ ਵੀ ਸ਼ਰਾਬ ਦੀਆਂ ਪੇਟੀਆਂ ਨਿਕਲੀਅਾਂ ਤੇ ਟਰੱਕ ਅੰਦਰ ਵੱਡੀ ਖੇਪ ਸੀ, ਜਿਸ ਨੂੰ ਵਿਭਾਗ ਨੇ ਗੁਰਦਾਸਪੁਰ ਵਿੰਗ ਦੇ ਹਵਾਲੇ ਕਰ ਦਿੱਤਾ। ਮੋਬਾਇਲ ਵਿੰਗ ਨੇ ਟਰੱਕ ਨੰ. ਐੱਚ ਆਰ 65-6899 ਕਬਜ਼ੇ ਵਿਚ ਲੈ ਕੇ ਦੋਵਾਂ ਸਵਿਫਟ ਕਾਰਾਂ ਤੇ ਟਰੱਕ ਪੁਲਸ ਦੇ ਹਵਾਲੇ ਕਰ ਦਿੱਤੇ ਹਨ। ਹਾਲਾਂਕਿ ਸ਼ਰਾਬ ਸਮੱਗਲਰ ਆਪਣੇ ਵਾਹਨ ਛੱਡ ਕੇ ਫਰਾਰ ਹੋਣ ’ਚ ਸਫਲ ਹੋ ਗਏ। 
 ®ਵਿਭਾਗ ਨੂੰ ਪਤਾ ਲੱਗਾ ਕਿ ਸਮੱਗਲਿੰਗ ਕੀਤੀ ਸ਼ਰਾਬ ਨੂੰ ਇਕ ਸ਼ੈਲਰ ਵਿਚ ਲੁਕਾਇਆ ਜਾਂਦਾ ਹੈ, ਜਿਥੋਂ ਸ਼ਰਾਬ ਦੇ ਧੰਦੇਬਾਜ਼ ਇਸ ਨੂੰ ਇਸਤੇਮਾਲ ਕਰਦੇ ਸਨ। ਰਾਈਸ ਮਿੱਲ ਦੇ ਇਕ ਭੂਖੰਡ ’ਤੇ ਪਈਅਾਂ ਝੋਨੇ ਦੀਆਂ ਬੋਰੀਆਂ ਪਿੱਛੇ ਸਮੱਗਲਿੰਗ ਦੀ ਸ਼ਰਾਬ ਦੀ ਖੇਪ ਨੂੰ ਲੁਕਾਇਆ ਜਾਂਦਾ ਸੀ। ਮੋਬਾਇਲ ਵਿੰਗ ਦੀ ਕਾਰਵਾਈ ਵਿਚ ਉਸ ਸ਼ੈਲਰ ਦੇ ਗੇਟਕੀਪਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ’ਤੇ ਗੁਰਦਾਸਪੁਰ ਪੁਲਸ ਨੂੰ ਅਪਰਾਧਿਕ ਮਾਮਲਾ ਦਰਜ ਕਰਨ ਲਈ ਨਿਰਦੇਸ਼ ਦਿੱਤੇ ਗਏ, ਉਥੇ ਹੀ ਦੂਜੇ ਪਾਸੇ ਗੁਰਦਾਸਪੁਰ ਏਰੀਏ ਦੇ ਈ. ਟੀ. ਓ. ਐਕਸਾਈਜ਼ ਲਵਜਿੰਦਰ ਸਿੰਘ ਬਰਾਡ਼ ਜੋ ਘਟਨਾ ਸਥਾਨ ’ਤੇ ਪਹੁੰਚ ਗਏ ਸਨ, ਦੇ ਹਵਾਲੇ ਬਰਾਮਦ ਕੀਤੀ ਗਈ ਸ਼ਰਾਬ ਦੀ ਖੇਪ ਕਰ ਦਿੱਤੀ ਗਈ ਹੈ। ਇਸ ਸਬੰਧੀ ਮੋਬਾਇਲ ਵਿੰਗ ਦੇ ਡਿਪਟੀ ਕਮਿਸ਼ਨਰ ਬੀ. ਕੇ.  ਵਿਰਦੀ ਤੇ ਅਸਿਸਟੈਂਟ ਕਮਿਸ਼ਨਰ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਨਾਜਾਇਜ਼ ਤਰੀਕੇ ਨਾਲ ਆਈ ਸ਼ਰਾਬ ਕਾਰਨ ਪੰਜਾਬ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਤੇ ਇਸ ਸਮੱਗਲਰਾਂ ਨੂੰ ਹਰ ਹਾਲਤ ਵਿਚ ਰੋਕਿਆ ਜਾਵੇਗਾ।


Related News