ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਨ ਵਾਲੇ 6 ਲੋਕਾਂ ’ਤੇ ਕੇਸ ਦਰਜ

Saturday, Jan 27, 2024 - 02:09 PM (IST)

ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਨ ਵਾਲੇ 6 ਲੋਕਾਂ ’ਤੇ ਕੇਸ ਦਰਜ

ਅੰਮ੍ਰਿਤਸਰ (ਨੀਰਜ)- ਜਰਮਨੀ ਵਿਚ ਭਾਰਤ ਦੀ ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਵਾਲੇ 6 ਵਿਅਕਤੀਆਂ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਹੇਰ ਵਿਚ ਰਚਿਤਾ ਭੰਡਾਰੀ ਦੇ 588 ਗਜ਼ ਦੇ ਪਲਾਟ ਦੀ ਫਰਜ਼ੀ ਰਜਿਸਟਰੀ ਦਫ਼ਤਰ ਤਿੰਨ ਵਿਚ ਹੋਈ ਸੀ, ਜਿਸ ਤਹਿਤ ਪੁਲਸ ਨੇ ਰਜਿਸਟਰੀ ਐਕਟ 1908 ਦੀ ਧਾਰਾ 419, 420, 468,471 ਅਤੇ 120ਬੀ ਅਤੇ ਧਾਰਾ 82 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਤਹਿਤ ਖ਼ਰੀਦਦਾਰ ਸ਼ੇਰ ਸਿੰਘ, ਅਣਪਛਾਤੇ ਬਹਰੁਬੀਆਂ ਰਚਿਤਾ ਭੰਡਾਰੀ, ਵਸੀਕਾ ਨਵੀਸ ਅਸ਼ਵਨੀ ਕੁਮਾਰ, ਗਵਾਹ ਨੰਬਰਦਾਰ ਰੁਪਿੰਦਰ ਕੌਰ, ਗਵਾਹ ਜੇਮਸ ਹੰਸ, ਪ੍ਰਾਈਵੇਟ ਕਰਿੰਦੇ ਨਰਾਇਣ ਸਿੰਘ ਉਰਫ ਸ਼ੇਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦੁਰਗਿਆਣਾ ਮੰਦਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਆਈ ਧਮਕੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਜਾਰੀ ਕੀਤੀ ਗਈ ਰਜਿਸਟਰੀ ਦੇ ਮਾਮਲੇ ਦੀ ਜਾਂਚ ਐੱਸ. ਡੀ. ਐੱਮ. ਅੰਮ੍ਰਿਤਸਰ-2 ਨਿਕਾਸ ਕੁਮਾਰ ਨੂੰ ਸੌਂਪੀ ਗਈ ਸੀ ਅਤੇ ਡੀ. ਸੀ. ਵੱਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਸਬੰਧੀ ਜ਼ਿਲ੍ਹਾ ਅਟਾਰਨੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਸਬ-ਰਜਿਸਟਰਾਰ ਜਗਤਾਰ ਸਿੰਘ ਦੀ ਰਿਪੋਰਟ ਅਤੇ ਹੋਰ ਦਸਤਾਵੇਜ਼ਾਂ ਨੂੰ ਦੇਖਣ ਤੋਂ ਬਾਅਦ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਜੇਕਰ ਕੋਈ ਹੋਰ ਵਿਅਕਤੀ ਮੁਲਜ਼ਮ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ।

ਡੀ. ਸੀ. ਦਫ਼ਤਰ ਦਾ ਸੇਵਾਦਾਰ ਗੁਰਧੀਰ ਇਕ ਸਾਲ ਵਿਚ ਦੂਜੀ ਵਾਰ ਮੁਅੱਤਲ

ਅੰਬੈਸਡਰ ਰਚਿਤਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਖੁਦ ਡੀ. ਸੀ. ਦਫ਼ਤਰ ਦੇ ਹੀ ਸੇਵਾਦਾਰ ਗੁਰਧੀਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਸਾਲ ਵਿਚ ਦੂਜੀ ਵਾਰ ਗੁਰਧੀਰ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਉਹ ਐੱਸ. ਡੀ. ਐੱਮ.-2 ਦੇ ਦਫਤਰ ਵਿਚ ਤਾਇਨਾਤ ਸੀ ਤਾਂ ਅਕਤੂਬਰ 2022 ਵਿਚ ਐੱਨ. ਓ. ਸੀ. ਲਈ ਇੱਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਸਾਬਕਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਗੁਰਧੀਰ ਨੂੰ ਸਸਪੈਂਡ ਕਰ ਕੇ ਬਾਬਾ ਬਕਾਲਾ ਵਿਚ ਤਬਾਦਲਾ ਕਰ ਦਿੱਤਾ ਸੀ ਪਰ ਉਨ੍ਹਾਂ ਦਾ ਤਬਾਦਲਾ ਹੋਣ ਦੇ ਬਾਅਦ ਗੁਰਧੀਰ ਨੇ ਜੁਗਾੜ ਲਗਾ ਕੇ ਆਪਣੀ ਬਦਲੀ ਫਿਰ ਤੋਂ ਡੀ. ਸੀ. ਦਫ਼ਤਰ ਅੰਮ੍ਰਿਤਸਰ ਵਿਚ ਕਰਵਾ ਲਈ ਸੀ। ਇੰਨ੍ਹਾਂ ਹੀ ਨਹੀਂ ਗੁਰਧੀਰ ਨੂੰ ਅਸਲਾ ਲਾਇਸੈਂਸ ਦੇ ਇੱਕ ਮਾਮਲੇ ਵਿਚ ਵਿਜੀਲੈਂਸ ਵਲੋਂ ਵੀ ਫੜਿਆ ਗਿਆ ਸੀ ਹੁਣ ਵੀ ਉਹ ਜੁਗਾੜ ਲਗਾ ਕੇ ਬਾਹਰ ਨਿਕਲਿਆ ਸੀ। ਗੁਰਧੀਰ ਲੰਬੇ ਸਮੇਂ ਤੋਂ ਆਪਣੀ ਉਲਟੀ ਸਿੱਧੀ ਹਰਕਤਾਂ ਲਈ ਮਸ਼ਹੂਰ ਹੈ ਪਰ ਡੀ. ਸੀ. ਵਲੋਂ ਗੁਰਧੀਰ ਨੂੰ ਸਿਰਫ਼ ਮੁਅੱਤਲ ਕੀਤਾ ਗਿਆ ਜਦਕਿ ਗੁਰਧੀਰ ਖ਼ਿਲਾਫ਼ ਪੁਲਸ ਕੇਸ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

17 ਲੱਖ ਰੁਪਏ ਵਿਚ ਹੋਈ ਸੀ ਰਜਿਸਟਰੀ, 45 ਹਜ਼ਾਰ ਮਿਲੀ ਸੀ ਕਮਿਸ਼ਨ

ਰਜਿਸਟਰੀ ਦਫ਼ਤਰ-3 ਵਿਚ 31 ਅਗਸਤ 2023 ਦੇ ਦਿਨ 17 ਲੱਖ ਰੁਪਏ ਵਿਚ ਰਚਿਤਾ ਭੰਡਾਰੀ ਦੇ 588 ਗਜ਼ ਦੇ ਪਲਾਟ ਦੀ ਜਾਅਲੀ ਰਜਿਸਟਰੀ ਕਰਵਾਈ ਗਈ ਸੀ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਡੀ. ਸੀ. ਦਫਤਰ ਦੇ ਸੇਵਾਦਾਰ ਗੁਰਧੀਰ ਨੇ ਹੀ ਮੁਲਜ਼ਮਾਂ ਨਾਲ ਮਿਲ ਕੇ ਜਾਅਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਏ ਸੀ, ਜਦਕਿ ਇੱਕ ਪ੍ਰਾਪਰਟੀ ਡੀਲਰ ਨੇ 42 ਹਜ਼ਾਰ ਰੁਪਏ ਕਮੀਸ਼ਨ ਵੀ ਲਈ ਸੀ। ਖ਼ਰੀਦਦਾਰ ਸ਼ੇਰ ਸਿੰਘ ਦੀ ਭੂਆ ਦੀ ਕੁੜੀ ਨੂੰ ਵਿਦੇਸ਼ ਤੋਂ ਆਈ ਦੱਸ ਕੇ ਰਜਿਸਟਰੀ ਕਰਵਾਈ ਗਈ ਸੀ, ਜੋ ਕਿ ਪੁਲਸ ਜਾਂਚ ਵਿਚ ਅਹਿਮ ਕੜੀ ਸਾਬਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News