ਵਿਆਹ ਨਾ ਹੋਣ ਤੋਂ ਦੁੱਖੀ 5 ਭੈਣਾਂ ਨੇ ਮਾਰੀ ਨਹਿਰ ਵਿਚ ਛਾਲ,  4 ਦੀ ਮੌਤ

09/20/2019 8:28:07 PM

ਗੁਰਦਾਸਪੁਰ/ਲਾਹੋਰ, (ਵਿਨੋਦ)-ਵਿਆਹ ਦੀ ਉਮਰ ਨਿਕਲ ਜਾਣ ਦੇ ਬਾਵਜੂਦ ਪਰਿਵਾਰ ਵਲੋਂ ਧੀਆਂ ਦੇ ਵਿਆਹ ਵਿਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ 5 ਭੈਣਾ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਨਹਿਰ ਵਿਚ ਛਾਲ ਮਾਰਨ ਕਾਰਨ 4 ਭੈਣਾਂ ਦੀ ਤਾਂ ਮੌਤ ਹੋ ਗਈ ਤੇ ਇਕ ਨੂੰ ਸਥਾਨਕ ਲੋਕਾਂ ਵਲੋਂ ਬਚਾ ਲਿਆ ਗਿਆ ਹੈ। ਇਹ ਹਾਦਸਾ ਵਾਪਰਿਆ ਹੈ ਗੁਆਂਢੀ ਮੁਲਕ ਪਾਕਿਸਤਾਨ ਦੇ ਪਿੰਡ ਹੰਬਵਾਲਾ ਵਿਚ। ਲਾਹੋਰ ਨੇੜਲੇ ਇਸ ਪਿੰਡ ਦੀਆਂ ਵਸਨੀਕ ਪੰਜ ਭੈਣਾਂ ਜੀਨਤ, ਫੈਜਾ, ਨਾਜੀਆ, ਮੁਨੀਰਾ ਤੇ ਪਾਮੋਂ,  ਜੋ ਕਿ 25 ਤੋਂ 40 ਸਾਲ ਦੀ ਉਮਰ ਦੀਆਂ ਸਨ, ਅੱਜ ਆਪਣੇ ਘਰ ਤੋਂ ਇਹ ਕਹਿ ਕੇ ਨਿਕਲੀਆ ਕਿ ਉਹ ਸਹੇਲੀਆਂ ਨਾਲ ਪਿਕਨਿਕ ਮਨਾਉਣ ਨਹਿਰ 'ਤੇ ਜਾ ਰਹੀਆਂ ਹਨ, ਪਰ ਰਸਤੇ ਵਿਚ ਉਨ੍ਹਾਂ ਨੇ ਬਣਾਈ ਯੋਜਨਾ ਅਨੁਸਾਰ ਬੱਸ ਨੂੰ ਨਹਿਰ ਤੋਂ ਕੁਝ ਦੂਰੀ 'ਤੇ ਹੀ ਛੱਡ ਦਿੱਤਾ ਅਤੇ ਸੜਕ ਤੋਂ ਨਿਕਲਦੀ ਨਹਿਰ ਵਿਚ ਪੰਜਾਂ ਭੈਣਾਂ ਨੇ ਛਾਲ ਮਾਰ ਦਿੱਤੀ। ਰਾਹਗੀਰਾਂ ਨੇ ਜਦ ਲੜਕੀਆਂ ਨੂੰ ਨਹਿਰ ਵਿਚ ਛਾਲ ਮਾਰਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਹਿੰਮਤ ਕਰਕੇ ਇਕ ਭੈਣ ਪਾਮੋਂ ਨੂੰ ਤਾਂ ਬਚਾ ਲਿਆ, ਜਦਕਿ ਹੋਰ ਚਾਰ ਪਾਣੀ ਵਿਚ ਰੁੜ ਗਈਆ। ਪਾਮੋਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਾਮੋਂ ਨੇ ਹੋਸ਼ ਵਿਚ ਆਉਣ ਦੇ ਬਾਅਦ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੇ ਪਿਤਾ ਬਸੀਰ ਪਨਵਾਰ ਨੇ ਆਪਣਾ ਦੂਜਾ ਵਿਆਹ ਚੋਰੀ-ਛੁਪੇ ਕਰਵਾ ਲਿਆ ਪਰ ਉਨ੍ਹਾਂ ਭੈਣਾਂ ਦੇ ਬਾਰੇ ਕੋਈ ਦਿਲਚਸਪੀ ਨਹੀਂ ਲੈ ਰਿਹਾ ਸੀ। ਪਾਮੋਂ ਦੇ ਅਨੁਸਾਰ ਉਨ੍ਹਾਂ ਦਾ ਪਿਤਾ ਕਿਸਾਨ ਹੈ ਅਤੇ ਆਰਥਿਕ ਤੰਗੀ ਦਾ ਸ਼ਿਕਾਰ ਹੈ। ਨਹਿਰ 'ਚੋਂ ਅਜੇ ਚਾਰੇ ਭੈਣਾਂ ਦੀਆ ਲਾਸ਼ ਬਰਾਮਦ ਨਹੀਂ ਕੀਤੀਆ ਜਾ ਸਕੀਆ।


Arun chopra

Content Editor

Related News