ਥਾਣੇ ’ਚ ਏ. ਐੱਸ. ਆਈ. ਦੀ ਪੱਗ ਲਾਹੁਣ ਅਤੇ ਵਰਦੀ ਪਾੜਨ ਦੇ ਦੋਸ਼ ’ਚ 5 ਨਾਮਜ਼ਦ

Thursday, Apr 08, 2021 - 02:25 PM (IST)

ਥਾਣੇ ’ਚ ਏ. ਐੱਸ. ਆਈ. ਦੀ ਪੱਗ ਲਾਹੁਣ ਅਤੇ ਵਰਦੀ ਪਾੜਨ ਦੇ ਦੋਸ਼  ’ਚ 5 ਨਾਮਜ਼ਦ

ਬਟਾਲਾ (ਬੇਰੀ)-ਥਾਣਾ ਫਤਿਹਗੜ੍ਹ ਚੂੜੀਆਂ ’ਚ ਏ. ਐੱਸ. ਆਈ. ਦੀ ਪੱਗ ਲਾਹੁਣ ਅਤੇ ਵਰਦੀ ਪਾੜਨ ਦੇ ਦੋਸ਼ ’ਚ 5 ਜਣਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਹਰਪ੍ਰੀਤ ਕੌਰ ਪੁੱਤਰੀ ਬੀਰ ਸਿੰਘ ਵਾਸੀ ਖੋਦੇ ਬਾਂਗਰ ਨੇ ਆਪਣੇ ਪਤੀ ਜਗਰੂਪ ਸਿੰਘ, ਸੱਸ ਹਰਜੀਤ ਕੌਰ, ਨਨਾਣ ਰਾਜਬੀਰ ਕੌਰ ਉਰਫ ਰਾਣੋ ਅਤੇ ਦਿਓਰ ਰਵਿੰਦਰ ਸਿੰਘ, ਸਹੁਰੇ ਕਸ਼ਮੀਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਹਰਸ਼ਾ ਛੀਨਾ ਖਿਲਾਫ ਦਰਖਾਸਤ ਦਿੱਤੀ ਸੀ। ਉਕਤ ਦੋਵਾਂ ਧਿਰਾਂ ਨੂੰ ਅੱਜ ਥਾਣੇ ’ਚ ਬੁਲਾਇਆ ਗਿਆ ਸੀ ਤਾਂ ਏ. ਐੱਸ. ਆਈ. ਸਤਨਾਮ ਸਿੰਘ ਦਰਖਾਸਤ ਦੀ ਦਰਿਆਫਤ ਕਰ ਰਿਹਾ ਸੀ, ਇਸੇ ਦੌਰਾਨ ਦਰਖਾਸਤਕਰਤਾ ਹਰਪ੍ਰੀਤ ਕੌਰ ਦਾ ਪਤੀ ਜਗਰੂਪ ਸਿੰਘ ਗੁੱਸੇ ’ਚ ਆ ਕੇ ਸਹੁਰੇ ਪਰਿਵਾਰ ਨੂੰ ਧਮਕਾਉਣ ਲੱਗ ਪਿਆ ਅਤੇ ਜਦੋਂ ਉਸ ਨੂੰ ਏ. ਐੱਸ. ਆਈ. ਸਤਨਾਮ ਸਿੰਘ ਨੇ ਰੋਕਿਆ ਤਾਂ ਇੰਨੇ ਨੂੰ ਰਾਜਬੀਰ ਕੌਰ ਨੇ ਉਕਤ ਥਾਣੇਦਾਰ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਫੜ ਕੇ ਸਾਰੇ ਉਸ ਦੇ ਗਲ ਪੈ ਗਏ।

ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਕਤ ਨੇ ਮਿਲ ਕੇ ਏ. ਐੱਸ. ਆਈ. ਦੀ ਵਰਦੀ ਵੀ ਪਾੜ ਦਿੱਤੀ ਅਤੇ ਫਿਰ ਸਾਰਿਆਂ ਨੇ ਜੋਗਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਖੋਦੇ ਬਾਂਗਰ ਦੀ ਵੀ ਪੱਗ ਲਾਹ ਦਿੱਤੀ, ਜਿਸ ’ਤੇ ਉਕਤ ਪੰਜਾਂ ਖਿਲਾਫ ਥਾਣਾ ਫਤਿਹਗੜ੍ਹ ਚੂੜੀਆਂ ’ਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।


author

Anuradha

Content Editor

Related News