ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ ਥਾਣੇ ਦੇ 9 ਕਰਮਚਾਰੀ ਸਨਮਾਨਿਤ
Friday, Jun 27, 2025 - 05:35 AM (IST)
 
            
            ਜਲੰਧਰ - ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ ਥਾਣੇ ਦੇ 9 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਪੰਜਾਬ ਪੁਲਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮਾਣਯੋਗ ਐਸਐਸਪੀ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ 'ਤੇ ਸ਼ਾਹਕੋਟ ਪੁਲਸ ਵੱਲੋਂ ਇਕ ਬਹੁਤ ਹੀ ਵਧੀਆ ਪੁਲਸ ਵਰਕ ਕੀਤਾ ਗਿਆ, ਜਿਸ ਦੇ ਤਹਿਤ 1-6-2025 ਨੂੰ ਮੱਧ ਪ੍ਰਦੇਸ਼ ਦੇ ਜੈਤੀਪੁਰ ਥਾਣੇ ਦੀ ਪੁਲਸ ਨੇ ਸ਼ਾਹਕੋਟ ਦੇ ਮੁੱਖ ਪੁਲਸ ਅਫਸਰ ਬਲਵਿੰਦਰ ਸਿੰਘ ਭੁੱਲਰ ਨੂੰ ਜਾਣਕਾਰੀ ਦਿੱਤੀ ਕਿ 28 ਨੰਬਰ ਮੁਕੱਦਮਾ 30-5-2025 ਨੂੰ ਆਰਮ ਐਕਟ ਦੇ ਤਹਿਤ ਥਾਣਾ ਜੈਤੀਪੁਰ, ਮੱਧ ਪ੍ਰਦੇਸ਼ 'ਚ ਦੋ ਦੋਸ਼ੀਆਂ ਖਿਲਾਫ ਦਰਜ ਹੋਇਆ ਸੀ, ਜਿਨ੍ਹਾਂ ਦੇ ਨਾਂ ਜਗਵਿੰਦਰ ਅਤੇ ਵਿਰਪਾਲ ਸਿੰਘ ਤੇ ਇਹ ਥਾਣਾ ਸ਼ਾਹਕੋਟ ਦੇ ਰਹਿਣ ਵਾਲੇ ਸਨ।
ਇਨ੍ਹਾਂ ਦੋਸ਼ੀਆਂ ਨੂੰ ਅਸਲਾ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਜੋ ਪੁਲਸ ਹਿਰਾਸਤ ਤੋਂ ਭੱਜ ਗਏ ਸਨ। ਜਦੋਂ ਸਾਡੀ ਪੁਲਸ ਪਾਰਟੀ ਨੂੰ ਪਤਾ ਲੱਗਾ ਤਾਂ 9 ਕਰਮਚਾਰੀ, ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ASI ਮਨਦੀਪ ਸਿੰਘ, ASI ਹਰਨੇਕ ਸਿੰਘ, HC ਸੰਤੋਖ ਸਿੰਘ, ਕਾਂਸਟੇਬਲ ਜਗਦੀਪ ਸਿੰਘ, ਰਾਜਦੀਪ, ਮਨਪ੍ਰੀਤ, ਜਗਜੀਤ ਤੇ ਬਿਕ੍ਰਮਜੀਤ ਸਿੰਘ ਨੇ ਸਖਤ ਮਿਹਨਤ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ। ਇਸ ਮਾਮਲੇ ਵਿੱਚ ਅੱਗੇ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ਵਿੱਚ ਇਕ ਹੋਰ ਮੁਕੱਦਮਾ ਦਰਜ ਕੀਤਾ ਗਿਆ। ਜਿਸ ਵਿਚ ਦੋ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ।
ਡੀਐਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ, ਇਹ ਸ਼ਲਾਘਾਯੋਗ ਕੰਮ ਕਰਨ ਤੋਂ ਬਾਅਦ ਜੈਤੀਪੁਰ ਥਾਣੇ ਦਾ ਮੁਕੱਦਮਾ ਟਰੇਸ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਆਈਪੀਐਸ ਧਰਮਰਾਜ ਵੱਲੋਂ ਸਾਡੇ ਸਾਰੇ ਪੁਲਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਪੁਲਸ ਇਕ ਬਹਾਦੁਰ ਪੁਲਸ ਹੈ। ਸਾਨੂੰ ਦੂਜੇ ਸੂਬੇ ਦੀ ਪੁਲਸ ਵੱਲੋਂ ਵੀ ਪ੍ਰਸ਼ੰਸਾ ਮਿਲੀ ਹੈ। ਡੀਐਸਪੀ ਓਂਕਾਰ ਸਿੰਘ ਬਰਾੜ ਨੇ ਸਾਰੇ ਪੁਲਸ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            