ਮੀਂਹ ਕਾਰਨ 400 ਸਾਲ ਪੁਰਾਣਾ ਮਹਿਲ ਢਹਿ-ਢੇਰੀ, ਮਲਬੇ ’ਚ ਦੱਬੇ ਵਾਹਨ, ਪੂਰਾ ਸ਼ਹਿਰ ਹੋਇਆ ਜਲਥਲ
Friday, Jul 28, 2023 - 01:21 PM (IST)

ਅੰਮ੍ਰਿਤਸਰ (ਰਮਨ)- ਗੁਰੂ ਨਗਰੀ ਵਿਚ ਵੀਰਵਾਰ ਸਵੇਰ ਤੋਂ ਪਏ ਤੇਜ਼ ਮੀਂਹ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਜਲਥਲ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੀ ਸਰੋਵਰ ਦਾ ਪਾਣੀ ਆ ਗਿਆ ਅਤੇ ਹੈਰੀਟੇਜ ਸਟਰੀਟ ’ਤੇ ਵੀ ਪਾਣੀ ਭਰ ਗਿਆ, ਜਿਸ ਕਾਰਨ ਸ਼ਰਧਾਲੂਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿਚ 10.8 ਐੱਮ. ਐੱਮ. ਮੀਂਹ ਹੋਈ ਅਤੇ 32.9 ਡਿਗਰੀ ਤਾਪਮਾਨ ਨੋਟ ਕੀਤਾ ਗਿਆ। ਇਸ ਦੇ ਨਾਲ ਹੀ ਛੇਹਰਟਾ ਸਥਿਤ ਘੰਣੂਪੁਰ ਕਾਲੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇਕ ਮਹਿਲ, ਜੋ ਕਿ ਖ਼ਸਤਾ ਹਾਲਤ ਵਿਚ ਸੀ, ਉਹ ਵੀ ਇਸ ਤੇਜ਼ ਮੀਂਹ ਨਾਲ ਢਹਿ-ਢੇਰੀ ਹੋ ਗਿਆ। ਮਹਿਲ ਦੇ ਮਲਬੇ ਹੇਠ ਦੋ ਵਾਹਨ ਦੱਬੇ ਗਏ, ਜਿਸ ਕਾਰਨ ਉਨ੍ਹਾਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਿਸੇ ਨੇ ਵੀ ਉਕਤ ਵਿਰਾਸਤੀ ਇਮਾਰਤ ਦੀ ਸੰਭਾਲ ਨਹੀਂ ਕੀਤੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਵੱਖ-ਵੱਖ ਥਾਵਾਂ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਾਸੂਮ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ
ਮਹਿਲ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ 400 ਸਾਲ ਪੁਰਾਣੀ ਹੈ। ਉੱਥੇ ਹੀ ਗੁਆਂਢੀ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੇ ਸਵੇਰੇ ਦੁਕਾਨ ਦੇ ਬਾਹਰ ਪੈਰ ਰੱਖਿਆ ਹੀ ਸੀ ਕਿ ਉਸ ਦੇ ਸਾਹਮਣੇ ਹੀ ਮਹਿਲ ਇਮਾਰਤ ਡਿੱਗ ਗਈ, ਜਿਸ ਕਾਰਨ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਇਮਾਰਤ ਸਬੰਧੀ ਇਲਾਕੇ ਦੇ ਲੋਕਾਂ ਨੇ ਕਈ ਸ਼ਿਕਾਇਤਾਂ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ, ਇਮਾਰਤ ਨਾਲ ਸਬੰਧਤ ਪਰਿਵਾਰ ਇੱਥੇ ਨਹੀਂ ਰਹਿੰਦਾ। ਇਮਾਰਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਸ਼ਹਿਰ ’ਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਨਾਲ ਹੋਇਆ ਠੱਪ
ਸ਼ਹਿਰ ਵਿਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ, ਜਿਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਥੋੜ੍ਹੀ ਜਿਹੀ ਬਰਸਾਤ ਵਿੱਚ ਹੀ ਪੂਰਾ ਸ਼ਹਿਰ ਜਲਥਲ ਹੋ ਜਾਂਦਾ ਹੈ। ਸਵੇਰੇ 10.8 ਐੱਮ. ਐੱਮ. ਹੋਈ ਬਰਸਾਤ ਕਾਰਨ ਸ਼ਹਿਰ ਦੇ ਅੰਦਰਲੇ ਇਲਾਕਿਆਂ ਦੇ ਨਾਲ-ਨਾਲ ਬਾਹਰੀ ਪੌਸ਼ ਇਲਾਕਿਆਂ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਅਤੇ ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸ਼ਹਿਰ ਵਿਚ ਬਰਸਾਤ ਦੇ ਪਾਣੀ ਦਾ ਨਿਕਾਸ ਸਹੀ ਨਾ ਹੋਣ ਕਰ ਕੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਨਿਗਮ ਪ੍ਰਸਾਸ਼ਨ ਨੂੰ ਜੰਮ ਕੇ ਕੋਸਿਆ।
ਇਹ ਵੀ ਪੜ੍ਹੋ- ਡਰੋਨ ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8