ਹੈਰੋਇਨ ਦਾ ਧੰਦਾ ਕਰਨ ਵਾਲੇ ਇਕ ਔਰਤ ਸਣੇ 4 ਸਮਗਲਰ ਗ੍ਰਿਫ਼ਤਾਰ
Thursday, Dec 26, 2019 - 09:13 PM (IST)

ਤਰਨਤਾਰਨ,(ਬਲਵਿੰਦਰ ਕੌਰ)- ਐੱਸ.ਐੱਸ.ਪੀ. ਧਰੁਵ ਦਹੀਆ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਹੋਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲਾ ਪੁਲਸ ਨੇ ਵੱਖ ਵੱਖ ਥਾਵਾਂ ਤੋਂ ਹੈਰੋਇਨ ਸਣੇ ਇਕ ਔਰਤ ਸਮੇਤ 4 ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਤਰਨਤਾਰਨ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਜਿਸ ਦੀ ਤਲਾਸ਼ੀ ਲੈਣ 'ਤੇ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਘੁੱਲਾ ਪੁੱਤਰ ਸਤਨਾਮ ਸਿੰਘ ਵਾਸੀ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਸਿਟੀ ਤਰਨਤਾਰਨ ਦੇ ਸਬ ਇੰਸਪੈਕਟਰ ਪੂਰਨ ਸਿੰਘ ਨੇ ਲਿੰਕ ਰੋਡ ਬਚੜੇ ਵਿਖੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਰੋਬਿਨ ਸਿੰਘ ਪੁੱਤਰ ਲੇਟ ਰਵੇਲ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਸ਼ਿੰਦਰ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਮੁਰਾਦਪੁਰਾ ਵਜੋਂ ਹੋਈ। ਪੁਲਸ ਵਲੋਂ ਤਲਾਸ਼ੀ ਲੈਣ 'ਤੇ ਰੋਬਿਨ ਸਿੰਘ ਕੋਲੋਂ 5 ਗ੍ਰਾਮ ਅਤੇ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਜਦ ਕਿ ਥਾਣਾ ਹਰੀਕੇ ਦੇ ਸਬ ਇੰਸਪੈਕਟਰ ਹਰਦਿਆਲ ਸਿੰਘ ਨੇ ਪਿੰ੍ਰਗੜੀ ਰੋਡ ਹਰੀਕੇ ਤੋਂ ਗਸ਼ਤ ਨਿੰਦਰ ਕੌਰ ਪਤਨੀ ਲੇਟ ਪ੍ਰਕਾਸ਼ ਸਿੰਘ ਵਾਸੀ ਹਰੀਕੇ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਐੱਸ.ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਉਕਤ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।