350 ਮੱਝਾਂ ਤੇ ਉਨ੍ਹਾਂ ਦੇ ਬੱਚਿਆਂ ''ਤੇ ਕੀਤੀ ਜਾ ਰਹੀ ਸੀ ਤਸ਼ੱਦਦ, ਪੁਲਸ ਨੇ 8 ਵਿਅਕਤੀਆਂ ਨੂੰ ਲਿਆ ਹਿਰਾਸਤ ’ਚ

Monday, Apr 10, 2023 - 12:35 PM (IST)

ਤਰਨਤਾਰਨ (ਰਮਨ ਚਾਵਲਾ)- ਸਥਾਨਕ ਮਾਲ ਮੰਡੀ ਵਿਖੇ ਕੁਝ ਵਿਅਕਤੀਆਂ ਵਲੋਂ 350 ਦੇ ਕਰੀਬ ਮੱਝਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ’ਚ ਲਿਜਾਣ ਸਮੇਂ ਕੀਤੇ ਜਾ ਰਹੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੌਕੇ ’ਤੇ ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਸਣੇ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵਲੋਂ ਜਿੱਥੇ 8 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਪਸ਼ੂ ਪਾਲਣ ਡਾਕਟਰਾਂ ਵਲੋਂ ਗੰਭੀਰ ਹਾਲਤ ’ਚ ਮੱਝਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਡੀ. ਜੀ. ਪੀ. ਗੌਰਵ ਯਾਦਵ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਲਾਈਨ ਨਜ਼ਦੀਕ ਵਿਖੇ ਮਾਲ ਮੰਡੀ ਅੰਦਰ ਪੰਜ ਦੇ ਕਰੀਬ ਵੱਡੇ ਟਰੱਕ ਅਤੇ ਕੈਂਟਰਾਂ ਵਿਚ ਮੱਝਾਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਹੋਰ ਸੂਬਿਆਂ ਵਿਚ ਲਿਜਾਣ ਸਮੇਂ ਤਸ਼ੱਦਦ ਕੀਤਾ ਜਾ ਰਿਹਾ ਸੀ, ਜਿਸ ਕਾਰਣ ਮਾਲ ਮੰਡੀ ਵਿਖੇ ਕਰੀਬ ਅੱਧੀ ਦਰਜਨ ਮੱਝਾਂ ਦੀ ਮੌਤ ਹੋ ਚੁੱਕੀ ਸੀ ਅਤੇ ਵੱਡੀ ਗਿਣਤੀ ’ਚ ਜ਼ਖ਼ਮੀ ਹਾਲਤ ’ਚ ਤੜਫ਼ ਰਹੀਆਂ ਸਨ। ਹੈਰਾਨੀ ਦੀ ਗੱਲ ਹੈ ਕਿ ਸਬੰਧਿਤ ਵਿਅਕਤੀਆਂ ਵਲੋਂ ਮੱਝਾਂ ਲਈ ਪੀਣ ਤੱਕ ਦਾ ਪਾਣੀ ਨਹੀਂ ਰੱਖਿਆ ਗਿਆ ਸੀ, ਜਿਸ ਕਾਰਨ ਉਹ ਪਿਆਸ ਨਾਲ ਤੜਫ਼ਦੇ ਹੋਏ ਇਕ ਦੂਸਰੇ 'ਤੇ ਡਿੱਗ ਰਹੇ ਸਨ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਇਸ ਮਾਮਲੇ ਦੀ ਭਣਕ ਲੱਗਣ ਤੋਂ ਬਾਅਦ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਆਪਣੀ ਪਾਰਟੀ ਵਰਕਰਾਂ ਸਮੇਤ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਵਲੋਂ ਪਸ਼ੂ ਪਾਲਣ ਵਿਭਾਗ ਦੀ ਟੀਮ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਐਨੀਮਲ ਐਕਟ ਤਹਿਤ ਕਿਸੇ ਵੀ ਜਾਨਵਰ 'ਤੇ ਤਸ਼ੱਦਦ ਨਹੀਂ ਕੀਤਾ ਜਾ ਸਕਦਾ ਹੈ ਪਰ ਸਬੰਧਿਤ ਵਿਅਕਤੀਆਂ ਵਲੋਂ ਇਨ੍ਹਾਂ ਪਸ਼ੂਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਜਾਂ ਨਹੀਂ ਇਸ ਬਾਰੇ ਪੁਲਸ ਜਾਂਚ ਕਰ ਰਹੀ ਹੈ। ਡਾਕਟਰ ਸੋਹਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਪਹਿਲਾਂ ਵੀ ਆਇਆ ਸੀ ਪਰ ਇਸ ਵਾਰ ਉਨ੍ਹਾਂ ਨੇ ਖੁਦ ਮੌਕੇ ’ਤੇ ਆ ਹਾਲਾਤਾਂ ਨੂੰ ਵੇਖਦੇ ਹੋਏ ਪੁਲਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ: ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਮਸ਼ਹੂਰ ਜਹਾਜ਼ ਚੌਂਕ, ਕਿਸੇ ਸਮੇਂ ਹੁੰਦਾ ਸੀ ਸੈਲਫ਼ੀ ਪੁਆਇੰਟ

ਉੱਧਰ ਮੌਕੇ ’ਤੇ ਪੁੱਜੇ ਡੀ.ਐੱਸ.ਪੀ ਸਿਟੀ ਜਸਪਾਲ ਸਿੰਘ ਢਿੱਲੋਂ, ਥਾਣਾ ਸਿਟੀ ਤਰਨਤਾਰਨ ਦੇ ਸਹਾਇਕ ਮੁਖੀ ਸਬ ਇੰਸਪੈਕਟਰ ਵਿਪਨ ਕੁਮਾਰ, ਪਸ਼ੂ ਪਾਲਣ ਵਿਭਾਗ ਦੇ ਡਾਕਟਰ ਦਲਜੀਤ ਸਿੰਘ ਸਮੇਤ ਟੀਮ ਮੌਕੇ ’ਤੇ ਪੁੱਜ ਗਈ, ਜਿਨ੍ਹਾਂ ਵਲੋਂ ਜਿੱਥੇ ਜ਼ਖ਼ਮੀ ਹਾਲਤ ਵਿਚ ਮੱਝਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਉੱਥੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਵੱਖ-ਵੱਖ ਐਂਗਲਾਂ ਰਾਹੀਂ ਜਾਂਚ ਕਰਦੇ ਹੋਏ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਿਰਾਸਤ ਵਿਚ ਕਰੀਬ ਅੱਠ ਵਿਅਕਤੀਆਂ ਨੂੰ ਲੈ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News