ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ ਸਖ਼ਤੀ, 292 ਚਲਾਨ ਕੱਟ ਕੇ ਵਸੂਲਿਆ 7 ਲੱਖ ਤੋਂ ਵੱਧ ਜੁਰਮਾਨਾ

Friday, Nov 10, 2023 - 12:56 PM (IST)

ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ ਸਖ਼ਤੀ, 292 ਚਲਾਨ ਕੱਟ ਕੇ ਵਸੂਲਿਆ 7 ਲੱਖ ਤੋਂ ਵੱਧ ਜੁਰਮਾਨਾ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਨਿਪਟਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖ਼ੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਬਦੌਲਤ ਇਸ ਸਾਲ ਜ਼ਿਲ੍ਹੇ ਅੰਦਰ ਅੱਗ ਲਗਾਉਣ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਤੋਂ ਵੀ ਘੱਟ ਦਰਜ ਕੀਤੇ ਗਏ ਹਨ। ਇਸ ਸਾਲ ਜਿਥੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਨੇ ਕਈ ਮਹੀਨਿਆਂ ਤੋਂ ਮੁਹਿੰਮ ਸ਼ੁਰੂ ਕੀਤੀ ਹੋਈ ਸੀ, ਉਸ ਦੇ ਨਾਲ ਅੱਗ ਲਗਾਉਣ ਵਾਲੇ ਕਈ ਕਿਸਾਨਾਂ ਖ਼ਿਲਾਫ਼ ਸਖ਼ਤੀ ਵੀ ਕੀਤੀ ਗਈ ਹੈ, ਜਿਸ ਦੇ ਚਲਦਿਆਂ ਹੁਣ ਤੱਕ 292 ਚਲਾਨ ਕੱਟ ਕੇ 7 ਲੱਖ 35 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ ਅਤੇ 3 ਪਰਚੇ ਵੀ ਦਰਜ ਕੀਤੇ ਹਨ।

ਇਹ ਵੀ ਪੜ੍ਹੋ-   ਦੀਵਾਲੀ ਤੋਂ ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਚਿੰਤਾਜਨਕ ਖ਼ਬਰ

ਇਸ ਵਾਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਨੂੰ 79 ਜ਼ੋਨਾਂ ਵਿਚ ਵੰਡ ਕੇ 300 ਤੋਂ ਜ਼ਿਆਦਾ ਅਧਿਕਾਰੀ ਪਿੰਡਾਂ ਵਿਚ ਤਾਇਨਾਤ ਕੀਤੇ ਸਨ। ਇਨ੍ਹਾਂ ਅਧਿਕਾਰੀਆਂ ਵੱਲੋਂ ਕਿਸਾਨਾਂ ਕੋਲੋਂ ਜੁਰਮਾਨੇ ਵਸੂਲਣ ਅਤੇ ਹੋਰ ਤਰ੍ਹਾਂ ਦੀ ਸਖਤੀ ਕਰਨ ਦੀ ਬਜਾਏ ਪਹਿਲਾਂ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਥੇ ਵੀ ਅੱਗ ਲੱਗਣ ਬਾਰੇ ਸੂਚਨਾ ਮਿਲਦੀ ਹੈ, ਉਥੇ ਸਬੰਧਿਤ ਅਧਿਕਾਰੀ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਹਿਤ ਇਸ ਵਾਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਮੇਤ ਹੋਰ ਕਈ ਅਧਿਕਾਰੀ ਵੀ ਵੱਖ-ਵੱਖ ਖੇਤਾਂ ਵਿਚ ਅੱਗ ਬੁਝਾਉਂਦੇ ਅਤੇ ਕਿਸਾਨਾਂ ਨੂੰ ਸਮਝਾਉਂਦੇ ਦੇਖੇ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਢਿੱਲੋਂ ਨੇ ਤਾਂ ਖੁਦ ਆਪਣੀ ਗੱਡੀ ਵਿਚ ਤੰਗਲੀ ਅਤੇ ਹੋਰ ਸਾਮਾਨ ਰੱਖਿਆ ਹੋਇਆ ਹੈ ਤਾਂ ਜੋ ਕਿਸੇ ਵੀ ਖੇਤ ਵਿਚ ਅੱਗ ਲੱਗੀ ਦੇਖਣ ਨੂੰ ਮਿਲੇ ਤਾਂ ਉਸ ਨੂੰ ਬਿਨਾਂ ਦੇਰੀ ਬੁਝਾਇਆ ਦਾ ਸਕੇ।

ਮੁੱਖ ਖੇਤੀਬਾੜੀ ਅਫ਼ਸਰ ਡਾ. ਢਿੱਲੋਂ ਨੇ ਦੱਸਿਆ ਕਿ ਜ਼ਿਆਦਾਤਰ ਥਾਵਾਂ ’ਤੇ ਵਾਢੀ ਦਾ ਕੰਮ ਖ਼ਤਮ ਹੋਣ ਕਿਨਾਰੇ ਹੈ ਅਤੇ ਜ਼ਿਲ੍ਹੇ ’ਚ ਕੰਮ ਕਰ ਰਹੀਆਂ ਟੀਮਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਵਾਰ ਬਹੁਤ ਸਹਿਯੋਗ ਦਿੱਤਾ ਹੈ ਪਰ ਫਿਰ ਵੀ ਜਿਹੜੇ ਕਿਸਾਨਾਂ ਨੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਖੇਤਾਂ ਵਿਚ ਅੱਗ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੀ ਕੋਸ਼ਿਸ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਕੁਝ ਸਖ਼ਤੀ ਵੀ ਕਰਨੀ ਪਈ ਹੈ।

ਇਹ ਵੀ ਪੜ੍ਹੋ-  ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਮਿਲੇਗੀ ਇਹ ਖ਼ਾਸ ਸਹੂਲਤ

ਉਨ੍ਹਾਂ ਦੱਸਿਆ ਕਿ ਹੁਣ ਪਰਾਲੀ ਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਨਿਪਟਾਉਣ ਦੇ ਅਨੇਕਾਂ ਵਿਕਲਪ ਮੌਜੂਦ ਹਨ ਅਤੇ ਕਿਸਾਨਾਂ ਦੀ ਮਦਦ ਲਈ ਸਰਕਾਰ ਨੇ ਕਿਸਾਨਾਂ ਨੂੰ 5000 ਤੋਂ ਵੱਧ ਮਸ਼ੀਨਾਂ ਵੀ ਸਬਸਿਡੀ ’ਤੇ ਦਿੱਤੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਕਿਸਾਨਾਂ ਪਰਾਲੀ ਇਕੱਠੀ ਵੀ ਕਰ ਰਹੇ ਹਨ ਅਤੇ ਕਣਕ ਦੀ ਬਿਜਾਈ ਵੀ ਸਮੇ ਸਿਰ ਕਰ ਰਹੇ ਹਨ।

ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 150 ਤੋਂ ਜ਼ਿਆਦਾ ਬੇਲਰ ਚਲ ਰਹੇ ਹਨ ਅਤੇ ਸੁਪਰ ਸੀਡਰ, ਸਰਫੇਸ ਸੀਡਰ ਸਮੇਤ ਕਈ ਤਰ੍ਹਾਂ ਦੀਆਂ ਮਸ਼ੀਨਾਂ ਰਹਿੰਦ ਖੂੰਹਦ ਦੇ ਨਿਪਟਾਰੇ ਅਤੇ ਕਣਕ ਦੀ ਬਿਜਾਈ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਝੋਨੇ/ਬਾਸਮਤੀ ਦੀ ਵਾਢੀ ਉਪਰੰਤ ਖੇਤ ਵਿਚ ਖੜ੍ਹੇ ਫ਼ਸਲ ਦੇ ਕਰਚਿਆਂ ’ਚ ਹੀ ਕਣਕ ਦੇ 40-50 ਕਿਲੋਂ ਪ੍ਰਤੀ ਏਕੜ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ’ਚ ਵੱਢ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉੱਗ ਸਕੇ।

ਇਹ ਵੀ ਪੜ੍ਹੋ-  ਅੱਧੀ ਰਾਤ ਨੂੰ ਬਿਆਸ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਤੋਂ ਬਾਅਦ ਇਕ ਕਈ ਗੱਡੀਆਂ ਦੀ ਹੋਈ ਟੱਕਰ

367 ਸਪਾਟ ਹੀ ਸੈਟਲਾਈਟ ’ਚ ਦਰਜ ਹੋਏ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸਿਮਰਪ੍ਰੀਤ ਸਿੰਘ ਨੇ ਦੱਸਿਆ ਹੁਣ ਤੱਕ ਜ਼ਿਲ੍ਹੇ ਅੰਦਰ 367 ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 292 ਥਾਵਾਂ ’ਤੇ ਚਲਾਨ ਕੱਟ ਕੇ 7 ਲੱਖ 35 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ ਅਤੇ ਬਾਕੀ ਥਾਵਾਂ ’ਤੇ ਵੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਅੰਦਰ 848 ਥਾਵਾਂ ’ਤੇ ਅੱਗ ਲੱਗੀ ਸੀ ਪਰ ਇਸ ਸਾਲ ਸਿਰਫ 367 ਸਪਾਟ ਹੀ ਸੈਟਲਾਈਟ ਵਿਚ ਦਰਜ ਹੋਏ ਹਨ। ਇਸ ਤੋਂ ਪਹਿਲਾਂ ਸਾਲ 2020 ਦੌਰਾਨ ਝੋਨੇ ਦੀ ਸੀਜ਼ਨ ਵਿਚ ਕਰੀਬ 1940 ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲੱਗੀ ਸੀ ਅਤੇ 2021 ਵਿਚ ਜ਼ਿਲ੍ਹੇ  ਅੰਦਰ 1394 ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ।


author

Shivani Bassan

Content Editor

Related News