ਪੰਥਕ ਜਥੇਬੰਦੀਆਂ ਨੇ ਸੰਗਰੂਰ ਜ਼ਿਮਨੀ ਚੋਣ ਲਈ ਰਾਜੋਆਣਾ ਦੀ ਭੈਣ ਨੂੰ ਸਾਂਝਾ ਉਮੀਦਵਾਰ ਐਲਾਨਿਆ
Thursday, Jun 02, 2022 - 05:34 PM (IST)
ਲੁਧਿਆਣਾ/ਸੰਗਰੂਰ (ਬਿਊਰੋ) : ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਣੇ ਮੋਰਚੇ ਨੇ ਪੰਥਕ ਸੋਚ ਰੱਖਣ ਵਾਲਿਆਂ ਦੀ ਮੰਗ ’ਤੇ ਸੰਗਰੂਰ ਜ਼ਿਮਨੀ ਚੋਣ ’ਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਚੋਣ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਕਮਲਜੀਤ ਕੌਰ ਨੇ ਕਿਹਾ ਹੈ ਕਿ ਉਹ ਚੋਣ ਲੜਨ ਨੂੰ ਲੈ ਕੇ ਭਰਾ ਰਾਜੋਆਣਾ ਨਾਲ ਮੁਲਾਕਾਤ ਕਰਨਗੇ ਤੇ ਉਨ੍ਹਾਂ ਨੂੰ ਸਾਰਿਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ 2 ਤੋਂ 5 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ
ਇਸ ਫ਼ੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਬੰਦੀ ਸਿੰਘਾਂ ਦੀ ਰਿਹਾਈ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸੁਹਿਰਦ ਵੀਰਾਂ ਤੇ ਪੰਥਕ ਸੋਚ ਰੱਖਣ ਵਾਲੇ ਵੀਰਾਂ ਦੀ ਲਗਾਤਾਰ ਮੰਗ ਸੀ ਕਿ ਬੰਦੀ ਸਿੰਘ ਪਰਿਵਾਰਾਂ ’ਚੋਂ ਕੋਈ ਉਮੀਦਵਾਰ ਉਤਾਰਿਆ ਜਾਵੇ। ਇਸ ਲਈ ਸਰਬਸੰਮਤੀ ਨਾਲ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਕਮਲਜੀਤ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲੜਨ ਲਈ ਮਨਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਬੇਨਤੀ ਕਰਾਂਗੇ ਕਿ ਕਮਲਜੀਤ ਕੌਰ ਨੂੰ ਪੰਥ ਦਾ ਸਾਂਝਾ ਉਮੀਦਵਾਰ ਐਲਾਨਿਆ ਜਾਵੇ। ਇਸ ਨੂੰ ਲੈ ਕੇ ਕਮਲਜੀਕ ਕੌਰ ਨੇ ਕਿਹਾ ਕਿ ਉਹ ਚੋਣ ਲੜਨ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ ਤੇ ਸਾਰਿਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ ਕਿ ਉਨ੍ਹਾਂ ਨੂੰ ਬੰਦੀ ਸਿੰਘ ਰਿਹਾਈ ਮੋਰਚਾ ਤੇ ਬਾਬਾ ਹਰਨਾਮ ਸਿੰਘ, ਜ਼ਿੰਦਾ ਸ਼ਹੀਦ ਬਾਬਾ ਹਰੀਆਂ ਵੇਲਾਂ ਨੇ ਸਾਂਝੇ ਉਮੀਦਵਾਰ ਦੇ ਤੌਰ ’ਤੇ ਐਲਾਨਿਆ ਹੈ। ਇਸ ਮੌਕੇ ਬਾਬਾ ਜੰਗ ਸਿੰਘ, ਭਵਨਦੀਪ ਸਿੰਘ ਤੋਂ ਇਲਾਵਾ ਕਈ ਸਿੱਖ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ : ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਖ਼ੁਲਾਸਾ, ਡੇਰਾ ਮੁਖੀ ਨੇ ਮੈਨੂੰ ਜਾਨੋਂ ਮਾਰਨ ਦੀ ਰਚੀ ਸੀ ਸਾਜ਼ਿਸ਼
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ