ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ਕੇਸ ’ਚ ਨਵਾਂ ਮੋੜ, ਵਾਇਰਲ ਵੀਡੀਓ ''ਚ ਹੈਰਾਨੀਜਨਕ ਖ਼ੁਲਾਸੇ
Tuesday, May 16, 2023 - 02:26 PM (IST)
ਲੁਧਿਆਣਾ (ਰਿਸ਼ੀ) : ਜੋਗਿੰਦਰ ਨਗਰ, ਹੈਬੋਵਾਲ ਕਲਾਂ ’ਚ ਬੀਤੇ ਦਿਨੀਂ ਹੋਏ ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ਕੇਸ ’ਚ ਨਵਾਂ ਮੋੜ ਆ ਗਿਆ ਹੈ। ਮਾਮਲੇ ’ਚ ਨਾਮਜ਼ਦ ਆਰਿਆ ਮੁਹੱਲਾ ਦੇ ਰਹਿਣ ਵਾਲੇ ਬੱਬੂ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਖ਼ੁਦ ਨੂੰ ਮੌਕੇ ਦਾ ਗਵਾਹ ਦੱਸਣ ਦੇ ਨਾਲ-ਨਾਲ ਇਸ ਮਾਮਲੇ ਦੀ ਜਾਂਚ ਕਿਸੇ ਹੋਰ ਪੁਲਸ ਅਫ਼ਸਰ ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਇਹ ਹੋਵੇਗਾ ‘ਆਪ’ ਦਾ ਅਗਲਾ ਨਿਸ਼ਾਨਾ, ਲੀਡਰਸ਼ਿਪ ਲਈ ਵੱਡੀ ਚੁਣੌਤੀ
ਸੂਤਰਾਂ ਦੀ ਮੰਨੀਏ ਤਾਂ ਕਤਲ ਤੋਂ ਪਹਿਲਾਂ ਇਸ਼ੂ ਨੂੰ ਫਿਰੌਤੀ ਲਈ ਕਿਡਨੈਪ ਕਰ ਕੇ ਛਾਉਣੀ ਮੁਹੱਲੇ ਕੋਲ ਇਕ ਬਿਜਲੀ ਘਰ ’ਚ ਲਿਜਾ ਕੇ ਕੁੱਟਮਾਰ ਕੀਤੀ ਸੀ। ਉਸ ਵਿਚ ਬੱਬੂ ਵੀ ਸ਼ਾਮਲ ਸੀ। 2 ਮਿੰਟ 54 ਸਕਿੰਟ ਦੀ ਵੀਡੀਓ ’ਚ ਫ਼ਰਾਰ ਬੱਬੂ ਕਹਿ ਰਿਹਾ ਹੈ ਕਿ ਪਿਛਲੇ ਸੋਮਵਾਰ ਨੂੰ ਸਾਡੇ ਵੀਰ ਸੁੱਖੇ ਦਾ ਕਤਲ ਹੋ ਗਿਆ ਸੀ, ਜੋ ਇਸ਼ੂ ਨੇ ਕੀਤਾ ਅਤੇ ਉੱਥੇ 4 ਵਿਅਕਤੀ ਹੋਰ ਬੈਠੇ ਸਨ, ਜਿਨ੍ਹਾਂ ’ਚੋਂ ਇਕ ਨੂੰ ਮੈਂ ਜਾਣਦਾ ਹਾਂ, ਜਿਨ੍ਹਾਂ ਨੇ ਆਪਸ ਵਿਚ ਚੱਲ ਰਹੀ ਅਣਬਣ ਦੂਰ ਕਰਨ ਲਈ ਵਾਰ-ਵਾਰ ਫੋਨ ਕਰ ਕੇ ਘਰ ਬੁਲਾਇਆ ਸੀ।
ਇਹ ਵੀ ਪੜ੍ਹੋ : ਭਾਜਪਾ ਆਗੂ ਖ਼ਿਲਾਫ਼ ਮਾਮਲਾ ਦਰਜ, ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਵੀਡੀਓ
ਸੁੱਖਾ ਹਰ ਸਮੇਂ ਇਨ੍ਹਾਂ ਨੂੰ ਸਿਰਫ਼ ਇਕ ਹੀ ਗੱਲ ਬੋਲਦਾ ਸੀ ਕਿ ਨਸ਼ਾ ਵੇਚਣਾ ਬੰਦ ਕਰ ਦਿਓ ਕਿਉਂਕਿ ਉਸ ਦਾ ਨਾਂ ਬਦਨਾਮ ਹੋ ਰਿਹਾ ਹੈ। ਪਹਿਲਾਂ ਵੀ ਤੁਹਾਡੇ ਲੋਕਾਂ ਕਾਰਨ ਮੇਰੇ ’ਤੇ ਕਾਫ਼ੀ ਕੇਸ ਦਰਜ ਹੋਏ ਹਨ। ਉਹ ਉਸ ਦਿਨ ਇਸ਼ੂ ਦੇ ਘਰ ਜ਼ਰੂਰ ਗਏ ਸਨ ਪਰ ਲੜਾਈ-ਝਗੜਾ ਕਰਨ ਨਹੀਂ ਗਏ ਸਨ। ਜੇਕਰ ਝਗੜਾ ਕਰਨ ਜਾਂਦੇ ਤਾਂ ਸਾਡਾ ਬੰਦਾ ਨਾ ਮਰਦਾ। ਵੀਡੀਓ ਵਿਚ ਐੱਸ. ਐੱਚ. ਓ. ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ ਕਿਉਂਕਿ ਬੱਬੂ ਮੁਤਾਬਕ ਉਨ੍ਹਾਂ ਦੇ ਇਕ ਦੋਸਤ ਦੀ ਭੈਣ ਮਰ ਗਈ ਸੀ, ਜਿਸ ਵਿਚ ਐੱਸ. ਐੱਚ. ਓ. ਆਪਣੇ ਦੋਸਤ ਦੀ ਪੈਸੇ ਮੰਗਣ ਦੀ ਵੀਡੀਓ ਬਣਾ ਕੇ ਦੇਣ ਦੀ ਗੱਲ ਕਰਦਾ ਸੀ ਪਰ ਮੈਂ ਇਨਕਾਰ ਕਰ ਦਿੱਤਾ। 10 ਸਾਲਾਂ ਤੋਂ ਕੋਈ ਲੜਾਈ-ਝਗੜੇ ਦਾ ਕੇਸ ਦਰਜ ਨਹੀਂ ਹੈ। ਪੁਲਸ ਵਲੋਂ ਸਾਜ਼ਿਸ਼ ਖੇਡੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ
ਵੀਡੀਓ ’ਚ ਬੱਬੂ ਕਹਿ ਰਿਹਾ ਹੈ ਕਿ ਉਹ ਮੌਕੇ ਦਾ ਗਵਾਹ ਹੈ। ਅਸੀਂ ਉਸ ਨੂੰ ਪਹਿਲਾਂ ਵੀ ਪਿਆਰ ਕਰਦੇ ਸੀ ਅਤੇ ਚਾਹੇ ਉਹ ਮਰ ਵੀ ਗਿਆ ਹੈ, ਫਿਰ ਵੀ ਉਸ ਨੂੰ ਪਿਆਰ ਕਰਦੇ ਹਾਂ। ਭਾਬੀ ਵੀ ਕਦੇ ਇਹ ਨਾ ਸੋਚੇ ਕਿ ਉਸ ਦਾ ਸਾਥ ਛੱਡ ਦੇਵਾਂਗੇ ਅਤੇ ਜਲਦ ਤੋਂ ਜਲਦ ਪੇਸ਼ ਹੋਣ ਦਾ ਯਤਨ ਕਰਾਂਗਾ, ਨਾਲ ਹੀ ਐੱਸ. ਐੱਚ. ਓ. ’ਤੇ ਉਸ ਦਾ ਨੁਕਸਾਨ ਕਰਨ ਦਾ ਦੋਸ਼ ਲਗਾ ਰਿਹਾ ਹੈ।
ਵੀਡੀਓ ’ਚ ਕਹਿ ਰਿਹਾ ਹੈ ਕਿ ਖ਼ੁਦ ਨੂੰ ਬਚਾਉਣ ਲਈ ਫਾਇਰਿੰਗ ਕਰ ਕੇ ਫ਼ਰਾਰ ਹੋਇਆ ਹਾਂ। ਸੁੱਖੇ ਵਾਂਗ ਉਸ ਨੂੰ ਵੀ ਮਾਰ ਦਿੱਤਾ ਜਾਣਾ ਸੀ। ਜੇਕਰ ਅਜਿਹਾ ਹੁੰਦਾ ਤਾਂ ਇਨ੍ਹਾਂ ਨੇ ਕਹਿਣਾ ਸੀ ਕਿ ਇਕ-ਦੂਜੇ ’ਤੇ ਫਾਇਰਿੰਗ ਦੌਰਾਨ ਦੋਵੇਂ ਮਾਰੇ ਗਏ। ਪੁਲਸ ਉਸ ’ਤੇ ਵੀ ਕਾਰਵਾਈ ਕਰੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਪੁਲਸ ਇਸ ਗੱਲ ਦੀ ਵੀ ਵੀਡੀਓ ਕੱਢਵਾ ਕੇ ਜਾਂਚ ਕਰੇ ਕਿ ਡੀ. ਐੱਮ. ਸੀ. ਹਸਪਤਾਲ ਵਿਚ ਇਸ਼ੂ ਨੂੰ ਲੈ ਕੇ ਕੌਣ-ਕੌਣ ਆਇਆ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਭਾਜਪਾ ਦੀ ਵੱਡੀ ਹਾਰ, ਹੋਟਲ 'ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ
ਪੁਲਸ ’ਤੇ ਦਬਾਅ ਪਾਉਣ ਲਈ ਕੀਤਾ ਜਾ ਰਿਹਾ ਅਜਿਹਾ : ਐੱਸ. ਐੱਚ. ਓ.
ਐੱਸ. ਐੱਚ. ਓ. ਇੰਸ. ਬਿਟਨ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਨੂੰ ਮਾਮਲੇ ’ਚ ਉਸ ਦੀ ਭਾਲ ਹੈ, ਜਿਸ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਪੁਲਸ ’ਤੇ ਦਬਾਅ ਬਣਾਉਣ ਅਤੇ ਜਾਂਚ ਨੂੰ ਮਿਸਲੀਡ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ ਪਰ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਜੇਕਰ ਮੇਰੇ ’ਤੇ ਯਕੀਨ ਨਹੀਂ ਹੈ ਤਾਂ ਕਿਸੇ ਆਲ੍ਹਾ ਅਧਿਕਾਰੀ ਕੋਲ ਪੇਸ਼ ਹੋ ਜਾਵੇ। ਮੇਰੇ ’ਤੇ ਲਏ ਸਾਰੇ ਦੋਸ਼ ਬੇਬੁਨਿਆਦ ਹਨ। ਇਸ ’ਤੇ ਪਹਿਲਾਂ ਵੀ ਲੁੱਟ-ਖੋਹ ਅਤੇ ਜੂਆ ਖਿਡਾਉਣ ਦੇ ਪਰਚੇ ਦਰਜ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ