ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਝਗੜੇ 'ਚ ਜਵਾਈ ਤੇ ਸੱਸ ਦਾ ਕਤਲ

Wednesday, Sep 21, 2022 - 01:03 AM (IST)

ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਝਗੜੇ 'ਚ ਜਵਾਈ ਤੇ ਸੱਸ ਦਾ ਕਤਲ

ਲੁਧਿਆਣਾ (ਰਾਜ) : ਧਾਂਦਰਾਂ ਰੋਡ ਦੇ ਇਕ ਵਿਹੜੇ 'ਚ ਸ਼ਰਾਬ ਪੀਣ ਦੌਰਾਨ ਗੁਆਂਢੀਆਂ 'ਚ ਹੋਈ ਮਾਮੂਲੀ ਬਹਿਸ ਨੇ ਖੂਨੀ ਰੂਪ ਧਾਰ ਲਿਆ। 4 ਵਿਅਕਤੀਆਂ ਨੇ ਲੋਹੇ ਦੀ ਰਾਡ ਤੇ ਹਥੌੜੇ ਨਾਲ ਇਕ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਸੱਸ ਬਚਾਅ ਲਈ ਆਈ ਤਾਂ ਉਸ ਦਾ ਵੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਰਵੀ ਅਤੇ ਨੂਰਜਹਾਂ ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੁਲਸ ਨੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰਖਵਾ ਦਿੱਤੀਆਂ ਹਨ। ਇਸ ਮਾਮਲੇ 'ਚ ਪਰਿਵਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਰਵੀ ਦੀ ਪਤਨੀ ਰਵੀਨਾ ਦੀ ਸ਼ਿਕਾਇਤ ’ਤੇ ਗੁਆਂਢੀ ਗੋਪੀ ਰਾਮ, ਅਹਿਮਦ, ਕਿਰਨ ਸਮੇਤ ਚਾਰ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ 'ਚ ਜੁਟੀ ਹੈ।

ਜਾਣਕਾਰੀ ਮੁਤਾਬਕ ਰਵੀ ਕੁਮਾਰ ਆਪਣੇ ਪਰਿਵਾਰ ਅਤੇ ਸੱਸ ਨਾਲ ਬਸੰਤ ਐਵੇਨਿਊ ਇਲਾਕੇ ਧਾਂਦਰਾਂ ਰੋਡ ’ਤੇ ਸਥਿਤ ਵਿਹੜੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਵਿਹੜੇ 'ਚ ਹੀ ਮੁਲਜ਼ਮ ਵੀ ਕਿਰਾਏ ’ਤੇ ਰਹਿੰਦੇ ਹਨ। 17 ਸਤੰਬਰ ਦੀ ਰਾਤ ਨੂੰ ਰਵੀ ਨੇ ਗੁਆਂਢੀਆਂ ਨਾਲ ਮਿਲ ਕੇ ਸ਼ਰਾਬ ਪੀਤੀ। ਕਰੀਬ ਅੱਠ ਵਜੇ ਉਸ ਦੀ ਕਿਸੇ ਗੱਲ ਨੂੰ ਲੈ ਕੇ ਗੁਆਂਢੀਆਂ ਨਾਲ ਬਹਿਸਬਾਜ਼ੀ ਹੋ ਗਈ ਸੀ। ਮੁਲਜ਼ਮਾਂ ਨੇ ਰਵੀ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਕਿਸੇ ਤਰ੍ਹਾਂ ਰਵੀ ਦੀ ਸੱਸ ਬਚਾਅ ਕਰ ਕੇ ਉਸ ਨੂੰ ਕਮਰੇ ਵਿਚ ਲੈ ਆਈ ਸੀ। ਆਸ-ਪਾਸ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ। ਦੇਰ ਰਾਤ ਲਾਈਟ ਚਲੀ ਗਈ ਤਾਂ ਗਰਮੀ ਕਾਰਨ ਸਾਰੇ ਕਮਰੇ ਦੇ ਬਾਹਰ ਬੈਠੇ ਸਨ।

ਇਸੇ ਦੌਰਾਨ ਫਿਰ ਮੁਲਜ਼ਮਾਂ ਦੀ ਰਵੀ ਨਾਲ ਬਹਿਸ ਹੋ ਗਈ। ਮੁਲਜ਼ਮਾਂ ਨੇ ਕੋਲ ਪਈ ਲੋਹੇ ਦੀ ਰਾਡ ਤੇ ਹਥੌੜੇ ਨਾਲ ਰਵੀ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰਵੀ ਦੀ ਕੁੱਟਮਾਰ ਹੁੰਦੀ ਦੇਖ ਕੇ ਨੂਰਜਹਾਂ ਇਕ ਵਾਰ ਫਿਰ ਬਚਾਅ ਕਰਨ ਲਈ ਚਲੀ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਨੂਰਜਹਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ’ਤੇ ਵੀ ਰਾਡ ਅਤੇ ਹਥੌੜੇ ਨਾਲ ਵਾਰ ਕੀਤੇ। ਦੋਵਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਦੋਵਾਂ ਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਦੋਵਾਂ ਦੇ ਅੰਦਰੂਨੀ ਸੱਟਾਂ ਲੱਗੀਆਂ ਸਨ। ਦੋ ਦਿਨ ਤੱਕ ਕਿਸੇ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਨਹੀਂ ਦਿੱਤੀ। ਮੰਗਲਵਾਰ ਦੀ ਸਵੇਰ ਅਚਾਨਕ ਦੋਵਾਂ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਪਰਿਵਾਰ ਵਾਲੇ ਰਵੀ ਤੇ ਉਸ ਦੀ ਸੱਸ ਨੂਰਜਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਇਲਾਜ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਥਾਣਾ ਸਦਰ ਨੂੰ ਸ਼ਿਕਾਇਤ ਦੇਣ ’ਤੇ ਥਾਣਾ ਸਦਰ ਦੀ ਪੁਲਸ ਹਸਪਤਾਲ ਪੁੱਜੀ ਅਤੇ ਲਾਸ਼ਾਂ ਕਬਜ਼ੇ 'ਚ ਲੈ ਕੇ ਮੌਰਚਰੀ ਵਿਚ ਰਖਵਾ ਦਿੱਤੀਆਂ।

ਉਧਰ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਦੋ ਦਿਨ ਪੁਰਾਣਾ ਝਗੜਾ ਹੈ। ਦੋ ਦਿਨ ਤੱਕ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ। ਦੋ ਦਿਨ ਬਾਅਦ ਦੋਵਾਂ ਦੀ ਸਿਹਤ ਖਰਾਬ ਹੋਈ ਤੇ ਹਸਪਤਾਲ 'ਚ ਮੌਤ ਹੋ ਗਈ। 2 ਦਿਨ ਬਾਅਦ ਪੁਲਸ ਦੇ ਸਾਹਮਣੇ ਇਹ ਮਾਮਲਾ ਆਇਆ ਹੈ। ਹਾਲ ਦੀ ਘੜੀ ਪੁਲਸ ਨੇ ਗੁਆਂਢੀਆਂ ’ਤੇ ਕੇਸ ਦਰਜ ਕਰ ਲਿਆ ਹੈ। ਬਾਕੀ ਕਾਰਵਾਈ ਜਾਂਚ ਤੋਂ ਬਾਅਦ ਕੀਤੀ ਜਾਵੇਗੀ।
 


author

Manoj

Content Editor

Related News