ਗ੍ਰੀਨ ਟ੍ਰਿਬਿਊਨਲ ਵਲੋਂ ਐਲਾਨੇ ਡਾਰਕ ਜ਼ੋਨ ਦੀਆਂ ਉਲੰਘਣਾਵਾਂ ਦਾ ਸਿਲਸਿਲਾ ਜਾਰੀ
Monday, Oct 29, 2018 - 03:28 PM (IST)

ਖੰਨਾ (ਸੁਖਵਿੰਦਰ ਕੌਰ)-ਇਕ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੰਨਾ ’ਚ ਨਗਰ ਕੌਂਸਲ ਵਲੋਂ ਘਰੇਲੂ ਅਤੇ ਦੁਕਾਨਾਂ ’ਤੇ ਵਰਤੋਂ ਲਈ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਉਥੇ ਖੰਨਾ ਦੀ ਬੁਕਸ ਮਾਰਕੀਟ ’ਚ ਸਥਿਤ ਪਾਣੀ ਵਾਲੀ ਟੈਂਕੀ ’ਚ ਲੱਗੇ ਵੱਡੇ ਸਬਮਰਸੀਬਲ ਪੰਪ ਦੇ ਬਿਲਕੁੱਲ ਨਜ਼ਦੀਕ ਹੀ ਦੁਕਾਨਦਾਰ ਵਲੋਂ ਮੇਨ ਸੜਕ ’ਚ ਆਪਣੀ ਦੁਕਾਨ ਦੇ ਅੱਗੇ ਕੌਂਸਲ ਦੀ ਥਾਂ ’ਚ ਸਬਮਰਸੀਬਲ ਬੋਰ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੌਂਸਲ ਦੇ ਸੈਨੇਟਰੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਿਸੇ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਤੋਂ ਪੱਲਾ ਝਾੜਦੇ ਰਹੇ ਅਤੇ ਇਕ-ਦੂਜੇ ਨਾਲ ਸਬੰਧਤ ਹੋਣ ਦਾ ਮਾਮਲਾ ਦੱਸ ਕੇ ਆਪ ਬਚਦੇ ਦੇਖੇ ਗਏ।ਕੇਂਦਰੀ ਗ੍ਰੀਨ ਟ੍ਰਿਬਿਊੁਨਲ ਦੇ ਐਲਾਨੇ ਡਾਰਕ ਜ਼ੋਨ ’ਚ ਖੰਨਾ ਸ਼ਹਿਰ ਅਤੇ ਸਬ ਡਵੀਜ਼ਨਲ ਦਾ ਇਲਾਕਾ ਵੀ ਆਉਂਦਾ ਹੈ ਅਤੇ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਭਰ ’ਚ ਨਵੇਂ ਸਬਮਰਸੀਬਲ ਲਾਉਣ ’ਤੇ ਮੁਕੰਮਲ ਪਾਬੰਦੀ ਲਾਈ ਗਈ ਹੈ।
ਡੀ. ਸੀ. ਵਲੋਂ ਹਦਾਇਤਾਂ ਜਾਰੀ ਕਰ ਕੇ ਸਬੰਧਤ ਅਧਿਕਾਰੀਆਂ, ਸ਼ਹਿਰਾਂ ਦੀਆਂ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨੂੰ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਸ਼ਹਿਰ ਦੀ ਮੇਨ ਬੁਕਸ ਮਾਰਕੀਟ ’ਚ ਸ਼ਰੇਆਮ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣ ਕੇ ਕੌਂਸਲ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਅਤੇ ਰਾਜਸੀ ਦਬਾਅ ਤਹਿਤ ਇਕ ਦੁਕਾਨਦਾਰ ਵਲੋਂ ਸਬਮਰਸੀਬਲ ਪੰਪ ਦਾ ਬੋਰ ਕਰਵਾਇਆ ਜਾ ਰਿਹਾ ਸੀ। ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਇਸ ਸਬੰਧ ’ਚ ਸ਼ਨੀਵਾਰ ਨੂੰ ਇਲਾਕੇ ਦੇ ਅਨੇਕਾਂ ਲੋਕਾਂ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਰਕਾਰੀ ਕੌਂਸਲ ਦੀ ਜ਼ਮੀਨ ’ਚ ਸਬਮਰਸੀਬਲ ਦੇ ਚੱਲ ਰਹੇ ਗੈਰ-ਕਾਨੂੰਨੀ ਕੰਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ’ਤੇ ਸਬੰਧਤ ਬ੍ਰਾਂਚ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਸਨ। ਭਾਵੇਂ ਕਿ ਕੌਂਸਲ ਕਰਮਚਾਰੀਆਂ ਵਲੋਂ ਮੌਕੇ ’ਤੇ ਕੰਮ ਰੁਕਵਾ ਦਿੱਤਾ ਗਿਆ ਸੀ।
ਇਸ ’ਤੇ ਰਾਜਸੀ ਆਗੂਆਂ ਵਲੋਂ ਇਸ ਕੰਮ ਨੂੰ ਜਾਰੀ ਰੱਖਣ ਲਈ ਦਬਾਅ ਪਾਇਆ ਜਾਣ ਲੱਗਾ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੌਂਸਲ ਕਰਮਚਾਰੀਆਂ ਦੇ ਜਾਣ ਤੋਂ ਬਾਅਦ ਰਾਤ ਭਰ ਫਿਰ ਬੋਰ ਦਾ ਕੰਮ ਚੱਲਦਾ ਰਿਹਾ। ਅੱਜ ਨਗਰ ਕੌਂਸਲ ਅਧਿਕਾਰੀਆਂ ਨੂੰ ਫਿਰ ਇਸ ਬਾਰੇ ਸੂਚਿਤ ਕਰਨ ਦੇ ਬਾਵਜੂਦ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਜਾਰੀ ਰਹਿਣ ਬਾਰੇ ਲੋਕਾਂ ਵਲੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ ਹਿੱਤ ਲਿਆਂਦਾ ਗਿਆ ਅਤੇ ਚੱਲ ਰਹੇ ਗੈਰ-ਕਾਨੂੰਨੀ ਕੰਮ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਉਣ ਤੋਂ ਇਲਾਵਾ ਡੀ. ਸੀ. ਨੂੰ ਭੇਜੇ ਜਾਣ ਉਪਰੰਤ ਉਨ੍ਹਾਂ ਵਲੋਂ ਐੱਸ. ਡੀ. ਐੱਮ. ਖੰਨਾ ਨੂੰ ਤੁਰੰਤ ਕਾਰਵਾਈ ਅਮਲ ’ਚ ਲਿਆਉਣ ਦੇ ਨਿਰਦੇਸ਼ ਦੇ ਦਿੱਤੇ ਗਏ। ਇਸ ’ਤੇ ਅੱਜ ਬਾਅਦ ਦੁਪਹਿਰ ਐੱਸ. ਡੀ. ਐੱਮ. ਵਲੋਂ ਨਗਰ ਕੌਂਸਲ ਖੰਨਾ ਦੇ ਕਾਰਜਸਾਧਕ ਅਫਸਰ ਨੂੰ ਤੁਰੰਤ ਕੰਮ ਬੰਦ ਕਰਵਾ ਕੇ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਦੇ ਦਿੱਤੇ ਗਏ ਦੱਸੇ ਜਾ ਰਹੇ ਹਨ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਖੰਨਾ-2 ਦੀ ਪੁਲਸ ਵਲੋਂ ਤੁਰੰਤ ਸਬਮਰਸੀਬਲ ਦਾ ਕੰਮ ਰੋਕ ਕੇ ਸਬਮਰਸੀਬਲ ਵਾਲੀ ਮਸ਼ੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਲੋਕ ਆਵਾਜ਼ ਮੰਚ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਆਰਟਿਸਟ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਸੱਤੂ ਨੇ ਦੱਸਿਆ ਕਿ ਡੀ. ਸੀ. ਦੇ ਹੁਕਮਾਂ ਦੀ ਹੋ ਰਹੀ ਉਲੰਘਣਾ ਬਾਰੇ ਉਨ੍ਹਾਂ ਦੇ ਮੰਚ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਇਹ ਸਾਰਾ ਮਾਮਲਾ ਲਿਆਂਦਾ ਗਿਆ ਸੀ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਆਏ ਮਾਮਲੇ ’ਤੇ ਨਗਰ ਕੌਂਸਲ ਖੰਨਾ ਵਲੋਂ ਕੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਕੀ ਕਹਿਣੈ ਨਗਰ ਕੌਂਸਲ ਦੇ ਈ. ਓ. ਦਾ ਇਸ ਸਬੰਧੀ ਨਗਰ ਕੌਂਸਲ ਖੰਨਾ ਦੇ ਕਾਰਜਸਾਧਕ ਅਫਸਰ ਰਣਬੀਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਕੌਂਸਲ ਵਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।ਸਬਮਰਸੀਬਲ ਦੇ ਚੱਲ ਰਹੇ ਕੰਮ ਨੂੰ ਬੰਦ ਕਰਵਾ ਦਿੱਤਾ : ਐੱਸ. ਐੱਚ. ਓ. ਥਾਣਾ ਸਿਟੀ-2 ਖੰਨਾ ਦੇ ਐੱਸ. ਐੱਚ. ਓ. ਥਾਣੇਦਾਰ ਰਜਨੀਸ਼ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਖੰਨਾ ਦੇ ਕਰਮਚਾਰੀਆਂ ਦੇ ਕਹਿਣ ’ਤੇ ਪੁਲਸ ਵਲੋਂ ਸਬਮਰਸੀਬਲ ਦੇ ਚੱਲ ਰਹੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਬਾਕੀ ਕਾਰਵਾਈ ਕੌਂਸਲ ਵਲੋਂ ਹੀ ਅਮਲ ’ਚ ਲਿਆਂਦੀ ਜਾਵੇਗੀ।