ਖੇਤੀਬਾਡ਼ੀ ਤੇ ਕਿਸਾਨ ਭਲਾਈ ਵਿਭਾਗ ਨੇ ਮਲਚਰ ਅਤੇ ਉਲਟਾਵੇਂ ਹਲਾਂ ਦੀ ਪ੍ਰਦਰਸ਼ਨੀ ਲਾਈ
Monday, Oct 29, 2018 - 03:34 PM (IST)

ਖੰਨਾ (ਸੁਖਵਿੰਦਰ ਕੌਰ)- ਪਿੰਡ ਚਕਮਾਫੀ ਵਿਖੇ ਡਾ. ਪਰਮਜੀਤ ਸਿੰਘ ਬਰਾਡ਼ ਮੁੱਖ ਖੇਤੀਬਾਡ਼ੀ ਅਫ਼ਸਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ ਅਤੇ ਬਲਾਕ ਖੇਤੀਬਾਡ਼ੀ ਅਫ਼ਸਰ ਡਾ. ਰੰਗੀਲ ਸਿੰਘ ਜੀ ਦੀ ਅਗਵਾਈ ਹੇਠ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮਲਚਰ ਅਤੇ ਉਲਟਾਵੇਂ ਹਲਾਂ ਦੀ ਪ੍ਰਦਰਸ਼ਨੀ ਲਾਈ ਗਈ। ਇਹ ਪ੍ਰਦਰਸ਼ਨੀ ਅਗਾਂਹਵਧੂ ਕਿਸਾਨ ਬੀਰ ਸਿੰਘ ਪਿੰਡ ਚੱਕ ਮਾਫ਼ੀ ਦੇ ਖੇਤ ’ਚ ਲਾਈ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਏ. ਡੀ. ਓ. ਨੇ ਕਿਹਾ ਕਿ ਇਹੋ ਜਿਹੇ ਕਿਸਾਨ ਵੀਰ ਬਾਕੀ ਕਿਸਾਨਾਂ ਲਈ ਚਾਨਣ ਮੁਨਾਰਾ ਹੁੰਦੇ ਹਨ। ਇਲਾਕੇ ਦੇ ਸਾਰੇ ਕਿਸਾਨ ਵੀਰਾਂ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਝੋਨੇ ਦੇ ਨਾਡ਼ ਨੂੰ ਸੰਭਾਲਣ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਬੀਰ ਸਿੰਘ ਨੇ ਪਿਛਲੇ ਸਾਲ ਵੀ ਇਹ ਉਪਰਾਲਾ ਕੀਤਾ ਸੀ ਅਤੇ ਆਲੂਆਂ ਦੀ ਫ਼ਸਲ ਦਾ ਵੱਧ ਝਾਡ਼ ਹਾਸਲ ਕੀਤਾ। ਉਨ੍ਹਾਂ ਦੇ ਖੇਤ ’ਚ ਸੂਖਮ ਤੱਤਾਂ ਦੀ ਘਾਟ ਜਿਵੇਂ ਕਿ ਜ਼ਿੰਕ ਅਤੇ ਮੈਗਨੀਜ਼ ਬਿਲਕੁਲ ਨਹੀਂ ਆਉਂਦੀ। ਇਸ ਕਿਸਾਨ ਨੇ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਨ ਦਾ ਵੀ ਪ੍ਰਣ ਲਿਆ ਹੈ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਤਰੀਕੇ ਅਪਣਾ ਕੇ ਜਿਥੇ ਅਸੀਂ ਵਾਤਾਵਰਣ ਨੂੰ ਸੰਭਾਲਣ ਲਈ ਯੋਗਦਾਨ ਪਾਉਂਦੇ ਹਾਂ ਉੱਥੇ ਹੀ ਆਪਣੇ ਖੇਤ ਦੀ ਮਿੱਟੀ ਦੀ ਸਿਹਤ ਵੀ ਸੁਧਾਰਦੇ ਹਾਂ। ਲੱਖਾਂ ਦੀ ਗਿਣਤੀ ’ਚ ਲਾਭਦਾਇਕ ਸੂਖਮ ਜੀਵ ਅੱਗ ਕਾਰਨ ਨਸ਼ਟ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਵਿਭਾਗ ਵਲੋਂ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਵਿਚੇ ਹੀ ਵਾਹੁਣ ਦੀ ਅਪੀਲ ਕੀਤੀ। ਵਿਭਾਗ ਵਲੋਂ ਗੁਰਚਰਨ ਸਿੰਘ ਤਕਨੀਸ਼ੀਅਨ ਗ੍ਰੇਡ -1 ਹਾਜ਼ਰ ਸਨ। ਇਸ ਮੌਕੇ ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਜਸਦੇਵ ਸਿੰਘ ਲਿਬਡ਼ਾ ਆਦਿ ਕਿਸਾਨ ਵੀਰ ਹਾਜ਼ਰ ਸਨ।