ਯੁਵਾ ਮੋਰਚਾ ਦੇ ਵਰਕਰ ਪਾਰਟੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ : ਘਈ
Saturday, Jan 12, 2019 - 12:11 PM (IST)

ਖੰਨਾ (ਸੁਖਵਿੰਦਰ ਕੌਰ)-ਇੱਥੇ ਭਾਰਤੀ ਜਨਤਾ ਯੁਵਾ ਮੋਰਚਾ ਪੁਲਸ ਜ਼ਿਲਾ ਖੰਨਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਨੋਜ ਘਈ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੁਵਾ ਮੋਰਚੇ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਅਤੇ ਨਰਿੰਦਰ ਮੋਦੀ ਐਪ ਦੇ ਇੰਚਾਰਜ ਸੰਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ-ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹਰ ਪਾਰਟੀ ਇਸ ’ਤੇ ਮੰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਹੁਤ ਸਾਰੀਆਂ ਲੋਕ ਹਿਤੈਸ਼ੀ ਯੋਜਨਾਵਾਂ ਲੈ ਕੇ ਆਈ ਹੈ। ਪਾਰਟੀ ਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਸਿੱਧੇ ਤੌਰ ’ਤੇ ਲੋਕਾਂ ਤੱਕ ਪਹੁੰਚਾਉਣ ਲਈ ਸਰਕਾਰ ਨੇ ‘ਨਰਿੰਦਰ ਮੋਦੀ ਐਪ’ ਬਣਾਈ ਹੈ। ਇਸ ਅਨੁਸਾਰ ਅੱਜ ਯੁਵਾ ਮੋਰਚਾ ਜ਼ਿਲਾ ਖੰਨਾ ਦੇ ਪ੍ਰਧਾਨ ਮਨੋਜ ਘਈ ਨੇ ਪਾਰਟੀ ਦੇ ਸਰਗਰਮ ਵਰਕਰ ਵਿਕਰਾਂਤ ਰਾਏ ਨੂੰ ‘ਨਰਿੰਦਰ ਮੋਦੀ ਐਪ’ ਦਾ ਜ਼ਿਲਾ ਖੰਨਾ ਦਾ ਇੰਚਾਰਜ ਲਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਮਨੋਜ ਘਈ ਨੇ ਸੰਦੀਪ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਹਰੇਕ ਮੰਡਲ ਵਿਚ ‘ਨਰਿੰਦਰ ਮੋਦੀ ਐਪ’ ਦਾ ਇੰਚਾਰਜ ਲਗਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਮਨੀਸ਼ ਗੋਇਲ ਮਨੀ, ਕਮਲ ਘਈ, ਹਨੀ ਧਾਰਨੀ ਪਾਇਲ, ਜ਼ਿਲਾ ਜਨਰਲ ਸਕੱਤਰ ਹਿਮਾਂਸ਼ੂ ਸ਼ਰਮਾ, ਜ਼ਿਲਾ ਸਕੱਤਰ ਮਨੀਸ਼ ਗੋਇਲ, ਸਾਬਕਾ ਜ਼ਿਲਾ ਉਪ ਪ੍ਰਧਾਨ ਨਵਦੀਪ ਚਾਂਦਲਾ, ਕੁਲਦੀਪ ਸਿੰਘ ਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ।