''ਲੈਂਡ ਪੂਲਿੰਗ ਪਾਲਸੀ ਦੇ ਫਾਇਦੇ ਕਿਸਾਨਾਂ ਨੂੰ ਸਮਝਾਉਣ ਮੁੱਖ ਮੰਤਰੀ ਮਾਨ''
Wednesday, Jul 30, 2025 - 02:31 PM (IST)

ਲੁਧਿਆਣਾ: ਪੰਜਾਬ ਦੇ ਲੋਕ ਅੱਜ ਸਰਕਾਰ ਵਲੋਂ ਅਚਾਨਕ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ ਅਤੇ ਸਰਕਾਰ ਦੇ ਧਾਵੀ ਹਮਲੇ ਤੋਂ ਚਿੰਤਾ ਤੇ ਘਬਰਾਹਟ ਵਿਚ ਹਨ। ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀ ਕੇ ਯੂ ਦੁਆਬਾ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਅਤੇ ਕਿਸਾਨ ਆਗੂ ਗੁਰਦੀਪ ਸਿੰਘ ਭੋਗਪੁਰ ਨੇ ਕਿਹਾ ਕਿ ਸਰਕਾਰ ਆਪਣੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ ਉੱਤੇ ਪੰਜਾਬ ਦੇ ਖਜਾਨੇ ਵਿਚੋਂ ਲੱਖਾਂ ਰੁਪਏ ਖਰਚ ਕੇ, ਲੋਕਾਂ ਵੱਲੋਂ ਚੁਣੇ ਗਏ ਨੁਮਾਇਦਿਆਂ ਉਤੇ ਦਬਾਅ ਪਾ ਕੇ ਇਸ ਮਾਰੂ ਪਾਲਸੀ ਨੂੰ ਅੱਗੇ ਵਧਾ ਰਹੀ ਹੈ। ਪੰਜਾਬ ਵਿਚ ਬੇਲੋੜੀ ਬੇਚੈਨੀ ਪੈਦਾ ਕਰਕੇ ਪੰਜਾਬ ਦਾ ਸਮਾਂ ਤੇ ਮਾਹੌਲ ਦੋਨੋ ਖਰਾਬ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਸੰਵਾਦ ਹਰ ਮਸਲੇ ਦਾ ਹੱਲ ਹੁੰਦਾ ਹੈ ਅਤੇ ਨਾਲ ਹੀ ਅੱਜ ਦੇ ਸੱਭਿਅਕ ਯੁੱਗ ਦਾ ਸਲੀਕਾ ਵੀ ਇਹੋ ਹੈ ਕਿ ਗੱਲਬਾਤ ਅਤੇ ਦਲੀਲ ਨਾਲ ਸਮਸਿਆਵਾਂ ਦੇ ਹੱਲ ਕੀਤੇ ਜਾਣ। ਇਸ ਮੌਕੇ ਅੱਜ ਜਗਰਾਉਂ, ਲੁਧਿਆਣਾ ਅਤੇ ਜਲੰਧਰ ਦੇ ਇਸ ਪਾਲਸੀ ਤੋਂ ਪ੍ਰਭਾਵਤ ਪਿੰਡਾਂ ਦੀਆਂ ਬਣੀਆਂ ਸੰਘਰਸ਼ ਕਮੇਟੀਆਂ ਦੇ ਮੈਬਰਾਂ ਮੌਜੂਦ ਸਨ। ਉਨ੍ਹਾਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਉਂਝ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇਸ਼ ਵਿਚ ਨਵੇਂ ਵਿਚਾਰਾਂ ਦੀ ਸਿਆਸਤ ਲੈ ਕੇ ਆਏ ਹਨ ਅਤੇ ਉਨ੍ਹਾਂ ਥੋੜੇ ਸਮੇਂ ਵਿਚ ਵੱਡੀਆਂ ਮਲਾਂ ਮਾਰੀਆਂ ਹਨ । ਇਹ ਪਾਰਟੀ ਕਿਰਤੀਆਂ ਅਤੇ ਗ਼ਰੀਬਾਂ ਦੇ ਮਸੀਹੇ ਸਰਦਾਰ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਨੂੰ ਅਪਣਾ ਆਦਰਸ਼ ਐਲਾਨਦੀ ਹੈ । ਸੋ ਪੰਜਾਬ ਦੇ ਮੁੱਖ ਮੰਤਰੀ ਖੁਦ ਆ ਕੇ ਲੋਕਾਂ ਨੂੰ ਇਸ ਪਾਲਸੀ ਦੇ ਲਾਭ ਦਸਣ ਅਤੇ ਲੋਕ ਮਨਾਂ ਵਿਚ ਸ਼ੰਕਿਆਂ ਤੇ ਸਵਾਲਾਂ ਦੇ ਜਵਾਬ ਦੇਣ । ਰੁਝੇਵਿਆਂ ਕਾਰਨ ਨਹੀਂ ਆ ਸਕਦੇ ਤਾਂ ਪੰਜਾਬ ਕੈਬਨਿਟ ਦੇ ਵਜੀਰ ਨੂੰ ਆਪਣੇ ਨੁਮਾਇੰਦੇ ਵਜੋਂ ਭੇਜਣ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਬਰੀ ਥੋਪੀ ਜਾ ਰਹੀ ਇਸ ਨੀਤੀ ਕਾਰਨ ਪੰਜਾਬ ਇਕ ਨਵੇਂ ਅੰਦੋਲਨ ਵੱਲ ਵੱਧ ਰਿਹਾ ਹੈ । ਸੰਘਰਸ਼ਾਂ, ਧਰਨੇ ਮੁਜਾਹਰਿਆਂ ਨਾਲ ਜਿੱਥੇ ਲੋਕਾਂ ਦਾ ਕੀਮਤੀ ਸਮਾਂ ਅਤੇ ਸਰਮਾਇਆ ਲਗਦਾ ਹੈ ਉਥੇ ਸੂਬੇ ਦੀ ਤਰੱਕੀ ਅਤੇ ਵਿਕਾਸ ਕਾਰਜਾਂ ਉਤੇ ਵੀ ਇਸਦਾ ਅਸਰ ਪੈਂਦਾ ਹੈ। ਪਹਿਲਾਂ ਹੀ ਪੰਜਾਬ ਵਿਚ ਨਿਮਨ ਕਿਸਾਨੀ ਅਤੇ ਖੇਤ ਮਜ਼ਦੂਰ ਮਹਿਗਾਈ , ਕਰਜ਼ੇ ਅਤੇ ਬਿਮਾਰੀਆਂ ਦੀ ਮਾਰ ਹੇਠ ਹੈ। ਦਹਾਕਿਆਂ ਤੋਂ ਨਸ਼ਾ ਤੇ ਭ੍ਰਿਸ਼ਟਾਚਾਰ ਦੀ ਮਾਰ ਝੱਲ ਰਹੇ ਲੋਕ ਬੜੀ ਔਖਾਈ ਨਾਲ ਆਪਣਾ ਦਰ ਗੁਜਰ ਕਰ ਰਹੇ ਹਨ। ਫੇਰ ਅਚਾਨਕ ਲੈਂਡ ਪੂਲਿੰਗ ਪਾਲਸੀ ਨਾਲ ਘੁੱਗ ਵਸਦੇ ਪੰਜਾਬ ਦੇ ਪਿੰਡ ਨੂੰ ਉਜਾੜਨ ਅਤੇ ਪੰਜਾਬੀਆਂ ਦਾ ਪਿਤਾ ਪੁਰਖੀ ਰੁਜਗਾਰ ਖੇਤੀ ਤੇ ਖੇਤ ਖੋਹਣ ਦੀ ਕੇਹੀ ਲੋੜ ਪੈ ਗਈ। ਰਿਹਾਇਸ਼ਾਂ ਅਤੇ ਵਸੇਬੇ ਦੀ ਅਜਿਹੀ ਕਿਹੜੀ ਲੋੜ ਆਣ ਪਈ ਕਿ ਸਰਕਾਰ ਨਵੇਂ ਸ਼ਹਿਰ ਵਸਾਉਣ ਤੁਰ ਪਈ। ਜਦੋਂ ਕਿ ਪੰਜਾਬ ਵਿੱਚੋਂ ਪਰਵਾਸ ਇਤਹਾਸ ਦੀ ਸਭ ਤੋਂ ਉੱਚੀ ਦਰ ਉਤੇ ਹੈ। ਲੱਖਾਂ ਘਰਾਂ ਦੇ ਬਾਹਰ ਤਾਲੇ ਲਮਕ ਰਹੇ ਹਨ। ਬਹੁਤੇ ਪੰਜਾਬੀਆਂ ਨੇ ਤਾਂ ਜਨਮ ਦਰ ਵੀ ਦੋਹਾਂ ਬੱਚਿਆਂ ਤੋਂ ਇਕ ਤੇ ਲੈ ਆਂਦੀ ਹੈ । ਸਰਕਾਰ ਸਪਸ਼ਟ ਕਰੇ ਕਿ ਸਨਅਤਾਂ ਦਾ ਅਜੇਹਾ ਕਿਹੜਾ ਹੜ੍ਹ ਆ ਗਿਆ ਜਦੋਂ ਕਿ ਮਹਿੰਗੀ ਬਿਜਲੀ ਅਤੇ ਮਾੜੇ ਬੁਨਿਆਦੀ ਢਾਂਚੇ ਕਾਰਨ ਇਥੋਂ 50 ਹਜਾਰ ਫੈਕਟਰੀਆਂ ਪਿਛਲੇ 20 ਸਾਲਾਂ ਵਿਚ ਬੰਦ ਹੋ ਚੁੱਕੀਆਂ ਹਨ । ਭ੍ਰਿਸ਼ਟਾਚਾਰ, ਗੁੰਡਾ ਟੈਕਸ ਅਤੇ ਫਿਰੌਤੀ ਕਲਚਰ ਕਾਰਨ ਨਿਵੇਸ਼ਕਾਂ ਨੇ ਪੰਜਾਬ ਤੋਂ ਮੂੰਹ ਮੋੜ ਲਿਆ ਹੈ। ਜਦੋਂ ਸਰਕਾਰ 1990 ਦੇ ਦਹਾਕੇ ਵਿਚ ਸਨਅਤੀ ਵਿਕਾਸ ਲਈ ਲਈਆਂ ਗਈਆਂ ਜ਼ਮੀਨਾਂ ਤੇ ਬਣਾਏ ਹਜਾਰਾਂ ਖਾਲੀ ਪਲਾਟਾਂ ਨੂੰ ਨੇਮਾਂ ਅਤੇ ਅਕੀਦੇ ਦੇ ਖਿਲਾਫ ਜਾ ਕੇ, ਪਲਾਟਾਂ ਦੇ ਸੀ ਐਲ ਯੂ ਹੋਟਲਾਂ ਅਤੇ ਹਸਪਤਾਲਾਂ ( ਕਮਰਸ਼ੀਅਲ ਵਰਤੋਂ ) ਲਈ ਬਦਲਣ ਦਾ ਫੈਸਲਾ ਲੈ ਚੁੱਕੀ ਹੈ । ਹਾਲਾਤਾਂ ਦੀ ਇਸ ਸੂਰਤ ਵਿਚ ਹੋਰ 20 ਹਜਾਰ ਏਕੜ ਉਪਜਾਊ ਜ਼ਮੀਨਾਂ ਲੈਣ ਦਾ ਨਾਦਰਸ਼ਾਹੀ ਫਰਮਾਨ ਕੀ ਇਸ਼ਾਰਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਬਾਕੀ ਜ਼ਮੀਨ ਮਾਲਕ ਜਾਨਣਾ ਚਾਹੁੰਦੇ ਹਨ ਕਿ ਅਖ਼ਬਾਰਾਂ ਵਿਚ ਉਨਾਂ ਦੀਆਂ ਜ਼ਮੀਨਾਂ ਦੇ ਨੰਬਰ ਆਉਣ ਮਗਰੋਂ ਉਹ ਆਪਣੀ ਲੋੜ ਅਨੁਸਾਰ ਜ਼ਮੀਨ ਵੇਚ ਜਾਂ ਗਹਿਣੇ ਰੱਖ ਕੇ ਕਰਜ ਚੁੱਕ ਸਕਣਗੇ ਜਾਂ ਨਹੀਂ । ਜ਼ਮੀਨ ਉੱਤੇ ਕੋਈ ਆਪਣਾ ਕਾਰੋਬਾਰ ਕਰ ਸਕਣਗੇ। ਉਹ ਸਰਕਾਰ ਪਾਸੋਂ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਬਦਲੇ ਵਿਚ ਕੀ ਮਿਲੇਗਾ ਅਤੇ ਅੱਗੋਂ ਉਹ ਕਿੱਥੇ ਜਾਣਗੇ । ਸਰਕਾਰ ਨੇ ਖੇਤੀ ਤੇ ਨਿਰਭਰ ਸਮੁੱਚੇ ਪਿੰਡ ਦੇ ਭਾਈਚਾਰਿਆਂ ਦੇ ਮੁੜ ਵਸੇਬੇ ਲਈ ਕਿਹੜੀ ਯੋਜਨਾ ਤਿਆਰ ਕੀਤੀ ਹੈ । ਹੋਰ ਵੀ ਅਨੇਕਾਂ ਸਵਾਲ ਪ੍ਰਭਾਵਿਤ ਪਿੰਡ ਵਾਸੀਆਂ ਦੇ ਅਣਭੋਲ ਮਨਾਂ ਵਿਚ ਹਨ ਜਿਨਾ ਦੇ ਜਵਾਬ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ। ਪੰਜਾਬ ਦੇ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਵੀ ਬਹੁਤ ਤੌਖਲੇ ਹਨ ਜਿਨਾ ਦਾ ਨਿਵਾਰਣ ਕਰਨਾ ਸੱਤਾ ਧਾਰੀਆਂ ਅਤੇ ਬਾਕੀ ਰਾਜਸੀ ਪਾਰਟੀਆਂ ਦਾ ਫਰਜ਼ ਹੈ । ਇਸ ਲਈ ਬਾਕੀ ਪਾਰਟੀਆਂ ਦਾ ਵੀ ਇੱਕ ਇੱਕ ਨੁਮਾਇਦਾ ਇਸ ਸੰਵਾਦ ਵਿਚ ਜੁੜੇ ਇਸ ਲਈ ਅਸੀਂ ਸਾਰਿਆਂ ਕੋਲ ਸੱਦਾ ਲੈ ਕੇ ਪਹੁੰਚਾਂਗੇ।
ਲੁਧਿਆਣਾ ਦੇ ਸ਼ਹਿਨਸ਼ਾਹ ਪੈਲੇਸ 'ਚ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਉੱਘੇ ਚਿੰਤਕ ਹਮੀਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜਣਗੇ। ਇਸ ਮੌਕੇ ਜ਼ਿਲ੍ਹਾ ਜਲੰਧਰ ਦੀ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ, ਸੁਖਵੀਰ ਸਿੰਘ ਪਿੰਡ ਕੁੱਕੜ, ਬਲਵੀਰ ਸਿੰਘ ਕੋਟ ਕਲਾਂ, ਅਮਰਦੀਪ ਸਿੰਘ ਨੰਗਲ ਕਰਾਰ ਖਾਂ , ਕੁਲਦੀਪ ਸਿੰਘ ਭਾਨੇਸਰ, ਜਗਰਾਉਂ ਤੋਂ ਦੀਦਾਰ ਸਿੰਘ ਸਾਬਕਾ ਚੇਅਰਮੈਨ ਤੇ ਸਰਪੰਚ ਪਿੰਡ ਮਲਕ , ਹਰਜੋਤ ਸਿੰਘ ਮਲਕ ( ਜਗਰਾਉਂ) , ਮਾਸਟਰ ਕੁਲਵਿੰਦਰ ਸਿੰਘ ਛੋਕਰਾਂ ( ਲੁਧਿਆਣਾ) ਬੀ ਕੇ ਯੂ ਡਕੌਂਦਾ , ਗੁਰਵਿੰਦਰ ਸਿੰਘ ਗੁਰੀ , ਸੰਦੀਪ ਸਿੰਘ , ਸੁਰਿੰਦਰ ਸਿੰਘ ਹੁਸ਼ਿਆਰਪੁਰ ਹਾਜ਼ਰ ਸਨ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8