ਪ੍ਰਦੂਸ਼ਣ ਖ਼ਿਲਾਫ਼ ਜੰਗ, CM ਮਾਨ ਦਾ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ

Monday, Feb 20, 2023 - 02:01 PM (IST)

ਪ੍ਰਦੂਸ਼ਣ ਖ਼ਿਲਾਫ਼ ਜੰਗ, CM ਮਾਨ ਦਾ ਲੁਧਿਆਣਾ ਵਾਸੀਆਂ ਨੂੰ ਵੱਡਾ ਤੋਹਫ਼ਾ

ਲੁਧਿਆਣਾ (ਵੈੱਬ ਡੈਸਕ) : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਪੰਜਾਬ ਦੇ ਸਭ ਤੋਂ ਵੱਡੇ 225 MLD ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਲਾਭ ਕਮਾਉਣ 'ਚ ਇੰਨਾ ਰੁਝ ਗਏ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ। ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਹੋਇਆ ਹੈ, ਪੈਸਾ ਬਹੁਤ ਵਾਰ ਜਾਰੀ ਕੀਤਾ ਗਿਆ ਪਰ ਇਸ ਬੁੱਢੇ ਨਾਲੇ ਦਾ ਵਿਕਾਸ ਨਹੀਂ ਹੋਇਆ। ਇੱਥੇ ਬਸ ਤਮਾਸ਼ਾ ਖ਼ਤਮ ,ਪੈਸਾ ਹਜ਼ਮ ਵਾਲਾ ਕੰਮ ਚੱਲਦਾ ਰਿਹਾ ਹੈ ਤੇ ਕਿਸੇ ਨੇ ਵੀ ਲੋਕਾਂ ਦੀ ਸਿਹਤ ਅਤੇ ਗਰੀਬਾਂ ਬਾਰੇ ਨਹੀਂ ਸੋਚਿਆ ਕਿ ਇਹ ਇਲਾਕਾ ਕਿੰਨੀ ਗੰਦਗੀ ਝੱਲ ਰਿਹਾ ਹੈ। 

ਘਰ-ਘਰ ਕਾਲੇ ਪਾਣੀ ਦੀ ਹੋ ਰਹੀ ਹੋਮ ਡਿਲਿਵਰੀ

ਮਾਨ ਨੇ ਕਿਹਾ ਕਿ ਆਜ਼ਾਦੀ ਦੇ ਸੰਗਰਾਮ ਵੇਲੇ ਜਿਹੜੇ ਬਹੁਤ ਜ਼ਿਆਦਾ ਸਰਗਰਮ ਇਨਕਲਾਬੀ ਸੀ, ਅੰਗਰੇਜ਼ ਉਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੰਦੇ ਸੀ। ਉਸ ਵੇਲੇ ਅੰਗਰੇਜ਼ ਇਨਕਲਾਬੀਆਂ ਜਾਂ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸਨ ਪਰ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਹੀ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਹੈ ਅਤੇ ਘਰ-ਘਰ ਕਾਲੇ ਪਾਣੀ ਦੀ ਹੋਮ ਡਿਲਿਵਰੀ ਹੋ ਰਹੀ ਹੈ ਤੇ ਮੈਂ ਸੰਸਦ 'ਚ ਵੀ ਇਹ ਬੋਲਿਆ ਸੀ। ਮਾਨ ਨੇ ਆਖਿਆ ਕਿ ਮੈਂ ਸੰਸਦ 'ਚ ਜਨਤਾ ਬਣ ਕੇ ਜਾਂਦਾ ਸੀ, ਲੀਡਰ ਬਣ ਕੇ ਨਹੀਂ। ਵਿਰੋਧੀਆਂ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਵਰਗਾ ਨਹੀਂ ਹਾਂ ਜੋ ਸੰਸਦ 'ਚ ਕੁਝ ਹੋਰ ਬੋਲਦੇ ਹਨ ਅਤੇ ਬਾਹਰ ਆ ਕੇ ਕੁਝ ਹੋਰ ਕਹਿੰਦੇ ਹਨ, ਅੰਦਰੋਂ ਸਾਈਨ ਕੁਝ ਹੋਰ ਕਰਦੇ ਹਨ ਅਤੇ ਬਾਹਰ ਕੁਝ ਹੋਰ ਦੱਸਦੇ ਹਨ। 

ਬਾਦਲ ਪਰਿਵਾਰ 'ਤੇ ਵਰ੍ਹੇ ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ, ਜਿੱਥੇ ਨਲਕਿਆਂ 'ਚੋਂ ਕਾਲਾ ਪਾਣਾ ਆਉਂਦਾ ਹੈ ਤੇ ਲੋਕ ਉਹੀ ਪਾਣੀ ਪੀਣ ਨੂੰ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਇਲਾਕੇ 'ਚ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਖਿਡੌਣਿਆਂ ਦੀ ਜਗ੍ਹਾ ਵ੍ਹੀਲਚੇਅਰ ਲਿਆਂਦੀ ਜਾਂਦੀ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਬੱਚੇ ਦਿਵਿਆਂਗ ਪੈਦਾ ਹੁੰਦੇ ਹਨ ਤੇ ਕਾਲੇ ਪਾਣੀ ਪੀਣ ਕਾਰਨ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਹਨ। ਮਾਨ ਨੇ ਕਿਹਾ ਕਿ ਇਹ ਉਹੀ ਇਲਾਕਾ ਹੈ , ਜਿਸ 'ਤੇ ਬਾਦਲਾਂ ਨੇ ਕਈ ਸਾਲਾਂ ਤੋਂ ਰਾਜ ਕੀਤਾ ਹੈ ਪਰ ਲੋਕਾਂ ਨੂੰ ਹੁਣ ਤੱਕ ਵੀ ਕਾਲੇ ਪਾਣੀ ਦੀ ਸਮੱਸਿਆ ਤੋਂ ਮੁਕਤੀ ਨਹੀਂ ਮਿਲੀ। 

ਇਹ ਵੀ ਪੜ੍ਹੋ- ਦਿਲ ਦਹਿਲਾਉਣ ਵਾਲੀ ਵਾਰਦਾਤ, ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਸ਼ਖ਼ਸ ਦੀਆਂ ਤੋੜੀਆਂ ਹੱਡੀਆਂ

650 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਪ੍ਰਾਜੈਕਟ

ਮਾਨ ਨੇ ਪ੍ਰਾਜੈਕਟ ਦੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਪ੍ਰਾਜੈਕਟ 650 ਕਰੋੜ ਦਾ ਹੈ, ਜਿਸ ਨੂੰ ਦੋ ਸਕੀਮਾਂ 'ਚ ਵੰਡਿਆ ਗਿਆ ਹੈ। ਅੰਮ੍ਰਿਤ ਸਕੀਮ ਤਹਿਤ 400 ਕਰੋੜ ਸੈਂਟਰ ਦਾ ਹਿੱਸਾ ਹੈ ਅਤੇ 267 ਕਰੋੜ ਪੰਜਾਬ ਦਾ। ਸਮਾਰਟ ਸਕੀਮ ਤਹਿਤ 250 ਕਰੋੜ ਲੁਧਿਆਣਾ ਦੀ ਅਲਾਟਮੈਂਟ ਹੈ, ਜਿਸ 'ਚ 125 ਕਰੋੜ ਰੁਪਏ ਪੰਜਾਬ ਦੇ ਹਿੱਸੇ ਹੈ। ਇਸ ਪ੍ਰਾਜੈਕਟ 'ਚ ਪੰਜਾਬ ਦਾ ਕੁੱਲ 352 ਫ਼ੀਸਦੀ ਸ਼ੇਅਰ ਹੈ ਅਤੇ ਸੈਂਟਰ ਨੇ ਹੁਣ ਤੱਕ 258 ਕਰੋੜ ਰੁਪਏ ਇਸ ਪ੍ਰਾਜੈਕਟ ਲਈ ਭੇਜੇ ਹਨ ਅਤੇ ਉਮੀਦ ਹੈ ਕਿ ਜੇਕਰ ਅਡਾਨੀ ਹੁਣੀ ਬੈਂਕ ਲੁੱਟ ਕੇ ਨਾ ਗਏ ਤਾਂ ਸਾਨੂੰ ਬਾਕੀ ਪੈਸਾ ਵੀ ਮਿਲ ਜਾਊਗੀ। ਮਾਨ ਨੇ ਦੱਸਿਆ ਕਿ 225 MLD ਸੀਵਰੇਜ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਸੀਵਰੇਜ ਪਲਾਂਟ ਹੈ। ਬੁੱਢੇ ਨਾਲੇ 'ਚ 11 ਕਿਲੋਮੀਟਰ ਪਾਈਪ ਲਾਈਨ ਸਥਾਪਤ ਕੀਤੀ ਜਾਵੇਗੀ, 6 Pumping ਸਟੇਸ਼ਨ, STP's ਦੀ ਰੀਪੇਅਰ ਕੀਤੀ ਜਾਵੇਗੀ ਅਤੇ ਸੀਵਰੇਜ ਦਾ ਪਾਣੀ ਪਹੁੰਚਾਉਣ ਵਾਲੀ 20 ਕਰੋੜ ਰੁਪਏ ਦੀ ਪਾਈਪ ਲਾਈਨ ਪਾਈ ਜਾਵੇਗੀ। ਇਸ ਤੋਂ ਇਲਾਵਾ ਮਿਊਂਸੀਪਲ ਕਾਰਪੋਸ਼ਨ ਲੁਧਿਆਣਾ ਪਲਾਂਟ ਦੀ ਸਾਂਭ-ਸੰਭਾਲ ਲਈ ਅਗਲੇ 10 ਸਾਲਾਂ 'ਚ 320 ਕਰੋੜ 80 ਲੱਖ ਰੁਪਏ ਲਗਾਵੇਗਾ। ਮਾਨ ਨੇ ਕਿਹਾ ਕਿ ਸੱਚ ਬੋਲਣ ਦਾ ਇਹੀ ਫਾਇਦਾ ਹੈ ਕਿ ਇਕ ਵਾਰ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। 

ਗੰਦੇ ਨਾਲੇ ਨੂੰ ਮੁੜ ਬਣਾਵਾਂਗੇ ਬੁੱਢਾ ਦਰਿਆ

ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਕਾਲਾ ਪਾਣੀ 3-4 ਸਟੇਜਾਂ ਤੋਂ ਨਿਕਲ ਦੇ ਸਾਫ਼ ਹੋ ਕੇ ਬੁੱਢੇ ਨਾਲੇ 'ਚ ਜਾਵੇਗਾ ਅਤੇ ਇਕ ਵਾਰ ਫਿਰ ਇਸਦਾ ਨਾਂ ਗੰਦੇ ਨਾਲੇ ਤੋਂ ਬਦਲ ਕੇ ਬੁੱਢੇ ਦਰਿਆ ਰੱਖਿਆ ਜਾਵੇਗਾ। ਮਾਨ ਨੇ ਦੱਸਿਆ ਕਿ ਇਸ ਪਲਾਂਟ 'ਚ ਪਾਣੀ ਦਾ ਸ਼ੁੱਧੀਕਰਨ ਕਰਨ ਲਈ ਫਾਈਬਰ ਡਿਸਕ ਫਿਲਟਰ ਦੀ ਵਰਤੋਂ ਕੀਤੀ ਜਾ ਰਹੀ ਹੈ , ਜੋ ਕਿ ਪੰਜਾਬ 'ਚ ਪਹਿਲੀ ਵਾਰ ਹੋ ਰਿਹਾ ਹੈ ਅਤੇ ਇਹ ਦੱਖਣੀ ਕੋਰੀਆ ਤੋਂ ਮੰਗਵਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਅਤੇ ਖੇਡਾਂ ਨੂੰ ਪਹਿਲ ਦੇ ਆਧਾਰ 'ਤੇ ਵਿਕਸਿਤ ਕੀਤਾ ਜਾਵੇ ਅਤੇ 3 ਮਹੀਨੇ 'ਚ 150 ਖੱਡਾਂ ਲੋਕਾਂ ਦੀਆਂ ਹੋਣਗੀਆਂ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


author

Simran Bhutto

Content Editor

Related News