ਲੁਧਿਆਣਾ ਤੋਂ ਕੈਨੇਡਾ ਅਨੋਖੇ ਢੰਗ ਨਾਲ ਭੇਜੀ ਜਾ ਰਹੀ ਸੀ ਢਾਈ ਕਿੱਲੋ ਅਫੀਮ, ਮਾਮਲੇ 'ਚ ਵੱਡਾ ਖ਼ੁਲਾਸਾ

03/14/2023 1:55:35 PM

ਮੋਹਾਲੀ (ਸੰਦੀਪ) : ਅੰਤਰਾਸ਼ਟਰੀ ਪੱਧਰ ’ਤੇ ਡਰੱਗ ਸਮੱਗਲਿੰਗ ਦੇ ਨਵੇਂ-ਨਵੇਂ ਤਰੀਕੇ ਸਮੱਗਲਰਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਹਨ। ਇੰਝ ਹੀ ਅੰਤਰਰਾਸ਼ਟਰੀ ਪੱਧਰ ’ਤੇ ਅਫੀਮ ਸਮੱਗਲਿੰਗ ਦੇ 3 ਮਾਮਲੇ ਪੰਜਾਬ ਸਥਿਤ ਲੁਧਿਆਣਾ ਤੋਂ ਸਾਹਮਣੇ ਆਏ ਹਨ, ਜਿੱਥੇ ਡਰੱਗ ਸਮੱਗਲਰਾਂ ਨੇ ਨਵਾਂ ਤਰੀਕਾ ਅਪਣਾਉਂਦੇ ਹੋਏ ਜੈਕੇਟਾਂ ਅੰਦਰ ਸਿਲਾਈ ਕਰ ਕੇ ਅਫੀਮ ਦੀ ਖੇਪ ਕੈਨੇਡਾ ਭੇਜਣ ਲਈ ਇਨ੍ਹਾਂ ਨੂੰ ਕੋਰੀਅਰ ਕੀਤਾ ਸੀ। ਇਸ ਤੋਂ ਪਹਿਲਾਂ ਕਿ ਇਨ੍ਹਾਂ ਜੈਕੇਟਾਂ ਅਤੇ ਇਨ੍ਹਾਂ ਅੰਦਰ ਸਿਲਾਈ ਕਰ ਕੇ ਲੁਕਾਈ ਗਈ ਅਫੀਮ ਕੈਨੇਡਾ ਪਹੁੰਚ ਪਾਉਂਦੀ, ਇਨ੍ਹਾਂ ਨੂੰ ਨਾਰਕੋਟਿਕ ਵਿਭਾਗ ਵਲੋਂ ਲੱਭ ਕੇ ਕਬਜ਼ੇ ਵਿਚ ਲੈ ਲਿਆ ਗਿਆ। ਨਾਰਕੋਟਿਕ ਵਿਭਾਗ ਵਲੋਂ ਇਸ ਸੰਬੰਧ ਵਿਚ ਵੱਖ-ਵੱਖ 3 ਐੱਨ. ਡੀ. ਪੀ. ਐੱਸ. ਦੇ ਕੇਸ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ

ਸਕੈਨਰ ਤੋਂ ਬਚਣ ਲਈ ਜੈਕੇਟਾਂ ਅੰਦਰ ਸਿਉਂਤਾ ਜਾਂਦਾ ਸੀ ਕਾਰਬਨ

ਮੁਲਜ਼ਮਾਂ ਨੇ ਇਸ ਵਾਰ ਡਰੱਗ ਤਸਕਰੀ ਲਈ ਲੁਧਿਆਣਾ ਤੋਂ ਕੈਨੇਡਾ ਭੇਜੀਆਂ ਜਾਣ ਵਾਲੀਆਂ ਜੈਕੇਟਾਂ ਦਾ ਪ੍ਰਯੋਗ ਕੀਤਾ। ਬੇਹੱਦ ਚਲਾਕ ਤਰੀਕੇ ਨਾਲ ਜੈਕੇਟਾਂ ਅੰਦਰ ਅਫੀਮ ਦੀ ਖੇਪ ਨੂੰ ਲੁਕਾ ਦਿੱਤਾ ਗਿਆ। ਇਸ ਤੋਂ ਬਾਅਦ ਅਫੀਮ ਉਪਰ ਕਾਰਬਨ ਦੇ ਟੁਕੜੇ ਨੂੰ ਸਿਉਂ ਦਿੱਤਾ ਗਿਆ, ਜਿਸ ਨਾਲ ਸਕੈਨਰ ਵਿਚ ਚੈਕਿੰਗ ਦੌਰਾਨ ਅਫੀਮ ਦਾ ਪਤਾ ਨਾ ਚੱਲ ਸਕੇ। ਇਸ ਨਵੇਂ ਤਰੀਕੇ ਦਾ ਖ਼ੁਲਾਸਾ ਕਰਦੇ ਹੋਏ ਨਾਰਕੋਟਿਕ ਵਿਭਾਗ ਨੇ ਪਿਛਲੇ ਹਫ਼ਤੇ ਵਿਚ ਲੁਧਿਆਣਾ ਤੋਂ ਅਜਿਹੀਆਂ 3 ਵੱਖ-ਵੱਖ ਜੈਕੇਟਾਂ ਨੂੰ ਫੜਿਆ ਹੈ। ਨਾਰਕੋਟਿਕ ਵਿਭਾਗ ਵਲੋਂ ਤਿੰਨੇ ਕੇਸਾਂ ਵਿਚ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਦੱਸਿਆ ਗਿਆ ਕਿ ਇਹ ਜੈਕੇਟਾਂ ਲੁਧਿਆਣਾ ਤੋਂ ਕੋਰੀਅਰ ਦੇ ਜ਼ਰੀਏ ਕੈਨੇਡਾ ਭੇਜੀਆਂ ਜਾ ਰਹੀਆਂ ਸਨ। ਇਥੋਂ ਇਨ੍ਹਾਂ ਨੂੰ ਕੋਰੀਅਰ ਭੇਜਣ ਵਾਲੀਆਂ ਤਿੰਨੇ ਪਾਰਟੀਆਂ ਵੀ ਵੱਖ-ਵੱਖ ਸਨ, ਜਦ ਕਿ ਕੈਨੇਡਾ ਵਿਚ ਵੀ ਇਨ੍ਹਾਂ ਨੂੰ ਵੱਖ-ਵੱਖ 3 ਪਤਿਆਂ ’ਤੇ ਭੇਜਿਆ ਜਾ ਰਿਹਾ ਸੀ। ਮੁਲਜ਼ਮਾਂ ਨੇ ਅਫੀਮ ਨੂੰ ਵਿਦੇਸ਼ ਵਿਚ ਸਪਲਾਈ ਕਰਨ ਦਾ ਇਹ ਨਵਾਂ ਤਰੀਕਾ ਲੱਭਿਆ ਹੈ। ਨਾਰਕੋਟਿਕ ਵਿਭਾਗ ਨੇ ਇਸ ਵਿਸ਼ੇ ਵਿਚ 3 ਵੱਖ-ਵੱਖ ਕੇਸ ਦਰਜ ਕੀਤੇ ਹਨ, ਜਦ ਕਿ ਇਕ ਕੇਸ ਵਿਚ ਨਾਰਕੋਟਿਕ ਨੇ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ ਅਦਾਲਤ ਵੱਲੋਂ ਬਾਦਲਾਂ ਨੂੰ ਵੱਡਾ ਝਟਕਾ

ਤਿੰਨੇ ਜੈਕੇਟਾਂ ਵਿਚੋਂ ਬਰਾਮਦ ਕੀਤੀ ਢਾਈ ਕਿੱਲੋ ਅਫੀਮ

ਜਾਂਚ ਦੌਰਾਨ ਨਾਰਕੋਟਿਕ ਦੀ ਟੀਮ ਨੂੰ ਇਕ ਜੈਕੇਟ ਵਿਚੋਂ 2 ਕਿੱਲੋ, ਦੂਜੀ ਜੈਕੇਟ ਵਿਚੋਂ ਅੱਧਾ ਕਿੱਲੋ ਤਾਂ ਤੀਜੀ ਜੈਕੇਟ ਵਿਚੋਂ 80 ਗਰਾਮ ਅਫੀਮ ਦੀ ਖੇਪ ਬਰਾਮਦ ਕੀਤੀ। ਇਸ ਤਰ੍ਹਾਂ ਤਿੰਨੇ ਜੈਕੇਟਾਂ ਵਿਚ ਨਾਰਕੋਟਿਕ ਟੀਮ ਨੂੰ ਕਰੀਬ 2.580 ਕਿੱਲੋਗ੍ਰਾਮ ਅਫੀਮ ਬਰਾਮਦ ਹੋਈ ਹੈ। ਜਿਸ ਨੂੰ ਜੈਕੇਟਾਂ ਵਿਚ ਲੁਕਾ ਕੇ ਕੋਰੀਅਰ ਦੇ ਜ਼ਰੀਏ ਕੈਨੇਡਾ ਭੇਜਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਹੋਲੇ ਮਹੱਲੇ ਮੌਕੇ ਹੁੱਲੜਬਾਜ਼ੀ ਨੂੰ ਠੱਲ੍ਹ ਪਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਨੇ ਲਿਆ ਵੱਡਾ ਫ਼ੈਸਲਾ

ਨਾਰਕੋਟਿਕ ਵਿਭਾਗ ਦੇ ਜ਼ੋਨਲ ਡਾਇਰੈਕਟਰ ਅਮਨਜੀਤ ਸਿੰਘ ਨੇ ਦੱਸਿਆ ਕਿ ਅੰਤਰਾਸ਼ਟਰੀ ਪੱਧਰ ’ਤੇ ਅਫੀਮ ਸਮੱਗਲਿੰਗ ਦੇ 3 ਮਾਮਲਿਆਂ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਕੇਸਾਂ ਵਿਚ ਜੈਕੇਟਾਂ ਅੰਦਰ ਅਫੀਮ ਦੀ ਖੇਪ ਲੁਕਾ ਕੇ ਕੋਰੀਅਰ ਜ਼ਰੀਏ ਕੈਨੇਡਾ ਭੇਜੀ ਜਾ ਰਹੀ ਸੀ। ਇਕ ਕੇਸ ਵਿਚ ਟੀਮ ਨੇ ਕੋਰੀਅਰ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਦ ਕਿ ਹੋਰ 2 ਕੇਸਾਂ ਵਿਚ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News