ਮਾਂ ਨੇ ਬੱਚੀ ਨੂੰ ਝੁੱਗੀ ਬਾਹਰ ਸੁਆਇਆ, ਕਾਰ ਚਾਲਕ ਨੇ ਕੁਚਲਿਆ
Monday, Aug 13, 2018 - 01:37 PM (IST)

ਲੁਧਿਆਣਾ (ਰਿਸ਼ੀ) : ਐਤਵਾਰ ਦੁਪਹਿਰ ਲਗਭਗ 2 ਵਜੇ ਪੱਖੋਵਾਲ ਰੋਡ ਸਥਿਤ ਨਹਿਰ ਦੇ ਨੇਡ਼ੇ ਝੁੱਗੀ ਦੇ ਬਾਹਰ ਮਾਂ ਨੇ 1 ਸਾਲਾ ਬੇਟੀ ਨੂੰ ਦੁੱਧ ਪਿਲਾ ਕੇ ਸੌਣ ਲਈ ਛੱਡ ਦਿੱਤਾ। ਇਸ ਦੌਰਾਨ ਕਾਰ ਬੈਕ ਕਰ ਰਹੇ ਵਿਅਕਤੀ ਨੇ ਉਸ ਨੂੰ ਕੁਚਲ ਦਿੱਤਾ ਅਤੇ ਬੱਚੀ ਨੇ ਮੌਕੇ ’ਤੇ ਦਮ ਤੋਡ਼ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦੁੱਗਰੀ ਦੀ ਪੁਲਸ ਨੇ ਚਾਲਕ ਖਿਲਾਫ ਧਾਰਾ 304ਏ ਤਹਿਤ ਕੇਸ ਦਰਜ ਕਰ ਕੇ ਬੱਚੀ ਦਾ ਸਿਵਲ ਹਸਪਤਾਲ ਤੋਂ ਪੋਸਟਮਾਟਰਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਥਾਣਾ ਇੰਚਾਰਜ ਅਸ਼ੋਕ ਕੁਮਾਰ ਅਨੁਸਾਰ ਮ੍ਰਿਤਕ ਬੱਚੀ ਦੀ ਪਛਾਣ ਦਿਵਿਆ (1) ਦੇ ਰੂਪ ’ਚ ਹੋਈ ਹੈ।
ਪੁਲਸ ਨੇ ਉਸ ਦੇ ਪਿਤਾ ਬਲਿਆ ਦੀ ਸ਼ਿਕਾਇਤ ’ਤੇ ਕਾਰ ਚਾਲਕ ਸੁਰਿੰਦਰ ਸਿੰਘ ਨਿਵਾਸੀ ਭਾਈ ਰਣਧੀਰ ਸਿੰਘ ਨਗਰ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਦੀ ਨਹਿਰ ਦੇ ਨੇਡ਼ੇ ਹੀ ਪੇਂਟ ਦੀ ਦੁਕਾਨ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਕਰਨਾਲ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਕਾਂਤਾ ਪੱਖੋਵਾਲ ਰੋਡ ਦੇ ਨੇਡ਼ੇ ਬਣੀਆਂ ਝੁੱਗੀਆਂ ’ਚ ਆਪਣੀ ਮਾਂ ਨੂੰ ਮਿਲਣ ਆਈ ਸੀ। ਜਿੱਥੇ ਉਹ ਬੇਟੀ ਨੂੰ ਦੁੱਧ ਪਿਲਾ ਕੇ ਝੁੱਗੀ ਦੇ ਬਾਹਰ ਹੀ ਸੌਂਣ ਲਈ ਛੱਡ ਦਿੱਤਾ ਅਤੇ ਖੁਦ ਕਿਸੇ ਕੰਮ ਕਾਰਨ ਚਲੀ ਗਈ। ਇਸ ਦੌਰਾਨ ਉਕਤ ਵਿਅਕਤੀ ਨੇ ਕਾਰ ਬੈਕ ਕਰਦੇ ਸਮੇਂ ਬੱਚੀ ’ਤੇ ਚਡ਼੍ਹਾ ਦਿੱਤੀ। ਆਲੇ-ਦੁਆਲੇ ਲੋਕਾਂ ਵਲੋਂ ਰੌਲਾ ਪਾਉਣ ’ਤੇ ਚਾਲਕ ਰੁਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ।