ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
Monday, Jun 01, 2026 - 09:33 AM (IST)
ਵੈੱਬ ਡੈਸਕ- ਅੱਜ ਦੇ ਦੌਰ ’ਚ ਮੁਟਿਆਰਾਂ ਦੀ ਲੁੱਕ ਨੂੰ ਕੰਪਲੀਟ ਕਰਨ ’ਚ ਡਿਜ਼ਾਈਨਰ ਡਰੈੱਸ, ਜਿਊਲਰੀ ਅਤੇ ਪਰਫੈਕਟ ਹੇਅਰਸਟਾਈਲ ਦੇ ਨਾਲ-ਨਾਲ ਅਸੈਸਰੀਜ਼ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਵਾਚ, ਪਰਸ, ਸਟਾਲ, ਗਾਗਲਜ਼ ਵਰਗੀਆਂ ਅਸੈਸਰੀਜ਼ ਤੋਂ ਬਿਨਾਂ ਹਰ ਲੁੱਕ ਅਧੂਰੀ ਲੱਗਦੀ ਹੈ। ਇਨ੍ਹਾਂ ’ਚੋਂ ਹੀ ਇਕ ਸਭ ਤੋਂ ਟ੍ਰੈਂਡੀ ਅਤੇ ਜ਼ਰੂਰੀ ਅਸੈਸਰੀ ਹੈ ਹੈਂਡਬੈਗ। ਇਹ ਸਿਰਫ਼ ਸਾਮਾਨ ਰੱਖਣ ਦਾ ਜ਼ਰੀਆ ਨਹੀਂ, ਸਗੋਂ ਮੁਟਿਆਰਾਂ ਨੂੰ ਸੁੰਦਰ, ਅਟ੍ਰੈਕਟਿਵ ਅਤੇ ਸਟਾਈਲਿਸ਼ ਲੁੱਕ ਦੇਣ ਦਾ ਕੰਮ ਵੀ ਕਰਦਾ ਹੈ। ਭਾਵੇਂ ਇੰਡੀਅਨ ਲੁੱਕ ਹੋਵੇ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ, ਹੈਂਡਬੈਗ ਹਰ ਸਟਾਈਲ ਦੇ ਨਾਲ ਮੈਚ ਹੋ ਜਾਂਦਾ ਹੈ। ਆਊਟਿੰਗ, ਸ਼ਾਪਿੰਗ, ਮੀਟਿੰਗ ਜਾਂ ਪਾਰਟੀ, ਹਰ ਮੌਕੇ ਮੁਟਿਆਰਾਂ ਹੈਂਡਬੈਗ ਨੂੰ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਸਹੂਲਤ। ਮੋਬਾਈਲ, ਪਰਸ, ਮੇਕਅਪ ਦਾ ਸਾਮਾਨ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਇਸ ’ਚ ਆਸਾਨੀ ਨਾਲ ਆ ਜਾਂਦੀਆਂ ਹਨ।

ਹੈਂਡਬੈਗ ਦੀ ਖ਼ਾਸੀਅਤ ਇਸ ਦਾ ਮੀਡੀਅਮ ਸਾਈਜ਼ ਹੈ। ਇਹ ਨਾ ਤਾਂ ਬਹੁਤ ਛੋਟੇ ਹੁੰਦੇ ਹਨ ਅਤੇ ਨਾ ਹੀ ਬਹੁਤ ਵੱਡੇ। ਨਾਰਮਲ ਡਾਇਰੀ, ਚਾਬੀ, ਲਿਪਸਟਿਕ ਵਰਗੀਆਂ ਚੀਜ਼ਾਂ ਇਸ ’ਚ ਆਰਾਮ ਨਾਲ ਆ ਜਾਂਦੀਆਂ ਹਨ, ਜਦੋਂ ਕਿ ਵੱਡੇ ਪਰਸ ’ਚ ਤਾਂ ਕਿਤਾਬਾਂ ਤੱਕ ਰੱਖੀਆਂ ਜਾ ਸਕਦੀਆਂ ਹਨ। ਇਸੇ ਕਾਰਨ ਜੋ ਮੁਟਿਆਰਾਂ ਘੱਟ ਸਾਮਾਨ ਕੈਰੀ ਕਰਨਾ ਚਾਹੁੰਦੀਆਂ ਹਨ, ਉਹ ਹੈਂਡਬੈਗ ਨੂੰ ਪਹਿਲ ਦੇ ਰਹੀਆਂ ਹਨ। ਵਧਦੀ ਡਿਮਾਂਡ ਨੂੰ ਦੇਖਦੇ ਹੋਏ ਮਾਰਕੀਟ ’ਚ ਹੈਂਡਬੈਗ ਦੇ ਕਈ ਡਿਜ਼ਾਈਨ ਆ ਗਏ ਹਨ। ਕੁਝ ਹੈਂਡਬੈਗ ’ਤੇ ਗੋਲ ਕੜੇ ਜਾਂ ਚੂੜੀ ਟਾਈਪ ਦੇ ਮੈਟਲ ਹੈਂਡਲ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਆਸਾਨੀ ਨਾਲ ਹੱਥ ’ਚ ਫੜ ਲੈਂਦੀਆਂ ਹਨ ਜਾਂ ਕਲਾਈ ’ਚ ਸਟਾਈਲ ਕਰਦੀਆਂ ਹਨ। ਉੱਥੇ ਹੀ, ਕੁਝ ’ਚ ਤਰ੍ਹਾਂ-ਤਰ੍ਹਾਂ ਦੀਆਂ ਸਟ੍ਰੈਪਸ ਦਿੱਤੀਆਂ ਗਈਆਂ ਹੁੰਦੀਆਂ ਹਨ।
ਕਈ ਹੈਂਡਬੈਗ ’ਚ ਡਬਲ ਸਟ੍ਰੈਪ ਦਾ ਆਪਸ਼ਨ ਵੀ ਮਿਲਦਾ ਹੈ, ਇਕ ਲਾਂਗ ਅਤੇ ਇਕ ਸ਼ਾਰਟ। ਜਦੋਂ ਸ਼ੋਲਡਰ ਬੈਗ ਜਾਂ ਸਲਿੰਗ ਬੈਗ ਵਾਂਗ ਸਟਾਈਲ ਕਰਨਾ ਹੋਵੇ ਤਾਂ ਲਾਂਗ ਸਟ੍ਰੈਪ ਕੰਮ ਆਉਂਦੀ ਹੈ ਅਤੇ ਹੈਂਡਬੈਗ ਵਾਂਗ ਕੈਰੀ ਕਰਨ ਲਈ ਸ਼ਾਰਟ ਸਟ੍ਰੈਪ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਇਕ ਹੀ ਬੈਗ ਦੋ ਤਰ੍ਹਾਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਕਲਰ ਤੇ ਡਿਜ਼ਾਈਨ ’ਚ ਵੀ ਢੇਰਾਂ ਆਪਸ਼ਨਜ਼ ਹਨ। ਮਾਰਕੀਟ ’ਚ ਪਲੇਨ ਤੋਂ ਲੈ ਕੇ ਪ੍ਰਿੰਟਿਡ ਅਤੇ ਐਂਬ੍ਰਾਇਡਰੀ ਵਾਲੇ ਹੈਂਡਬੈਗ ਮਿਲ ਜਾਂਦੇ ਹਨ। ਵਿਆਹ, ਜਨਮਦਿਨ ਪਾਰਟੀ ਵਰਗੇ ਖਾਸ ਮੌਕਿਆਂ ’ਚ ਮੁਟਿਆਰਾਂ ਲਹਿੰਗਾ-ਚੋਲੀ, ਸਾੜ੍ਹੀ ਜਾਂ ਪਾਰਟੀ ਵੀਅਰ ਡਰੈੱਸ ਦੇ ਨਾਲ ਸਿਲਵਰ, ਗੋਲਡਨ ਜਾਂ ਸ਼ਿਮਰੀ ਹੈਂਡਬੈਗ ਕੈਰੀ ਕਰਦੀਆਂ ਹਨ, ਜੋ ਕਲੱਚ ਵਰਗੀ ਲੁੱਕ ਵੀ ਦਿੰਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਹੈਂਡਬੈਗ 300 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੀ ਰੇਂਜ ’ਚ ਆਸਾਨੀ ਨਾਲ ਮਿਲ ਜਾਂਦੇ ਹਨ। ਕੁੱਲ ਮਿਲਾ ਕੇ ਹੈਂਡਬੈਗ ਹੁਣ ਸਿਰਫ਼ ਜ਼ਰੂਰਤ ਨਹੀਂ, ਫੈਸ਼ਨ ਸਟੇਟਮੈਂਟ ਬਣ ਚੁੱਕਾ ਹੈ, ਜੋ ਹਰ ਮੁਟਿਆਰ ਦੀ ਲੁੱਕ ਨੂੰ ਕੰਪਲੀਟ ਕਰਦਾ ਹੈ ਅਤੇ ਉਨ੍ਹਾਂ ਦਾ ਸਟਾਈਲਿਸ਼ ਸਾਥੀ ਬਣਿਆ ਹੋਇਆ ਹੈ।
