ਸ਼ਬਦਾਂ ਦੀ ਅਮੀਰੀ ਸੰਗ ਅਹਿਸਾਸ ਨੂੰ ਮਿਲਦੀ ਜ਼ੁਬਾਨ

04/16/2020 1:48:54 PM

ਰੰਗ ਹਰਜਿੰਦਰ
9501400377

ਕਿਸੇ ਵੀ ਭਾਸ਼ਾ ਦੀ ਅਮੀਰੀ ਉਸ ਦੇ ਖੂਬਸੂਰਤ ਸ਼ਬਦ ਹੁੰਦੇ ਹਨ। ਕਿਸੇ ਵੀ ਭਾਸ਼ਾ ਦੀ ਅਮੀਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾਂਦਾ ਹੈ ਕਿ ਉਸ ਭਾਸ਼ਾ ਕੋਲ ਕਿੰਨਾ ਵੱਡਾ ਸ਼ਬਦ ਭੰਡਾਰ ਹੈ। ਸਮੇਂ ਨਾਲ ਬਦਲਦੇ ਹਲਾਤ ਵਿੱਚ ਕਿਸੇ ਵੀ ਭਾਸ਼ਾ ਦੀ ਸ਼ਬਦਾਵਲੀ ਵਿੱਚ ਵਿਕਾਸ ਅਤੇ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਸਮਾਂ ਪਾ ਕੇ ਵੇਲ਼ਾ ਵਿਹਾਅ ਚੁੱਕੇ ਸ਼ਬਦ ਭਾਸ਼ਾ ਦੇ ਜ਼ਖੀਰੇ ਵਿੱਚੋਂ ਕਿਰਦੇ ਰਹਿੰਦੇ ਹਨ ਅਤੇ ਨਵੇਂ ਸ਼ਬਦ ਹੋਂਦ ਵਿੱਚ ਆਉਂਦੇ ਰਹਿੰਦੇ ਹਨ।ਕਿਸੇ ਵੀ ਭਾਸ਼ਾ ਦੇ ਸੱਭਿਆਚਾਰ ਅਤੇ ਸਾਹਿਤ ਨੂੰ ਸ਼ਮਝਣ ਲਈ ਉਸ ਭਾਸ਼ਾ ਦੀ ਠੇਠ ਸ਼ਬਦਾਵਲੀ ਨੂੰ ਸੰਭਾਲਣਾ ਜ਼ਰੂਰੀ ਹੋ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਅਮੀਰ ਤੇ ਠੇਠ ਸ਼ਬਦਾਵਲੀ ਨੂੰ ਸੰਭਾਲਣ ਦਾ ਮਹਾਨ ਕਾਰਜ ਕਿਸੇ ਸਮੇਂ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੀ ਰਚਨਾ ਕਰਕੇ ਕੀਤਾ।

ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਇਸ ਕੰਮ ਨੂੰ ਬੜੀ ਸੁਹਿਰਦਤਾ ਨਾਲ਼ ਕੀਤਾ ਪ੍ਰੰਤੂ ਸਕੂਲ ਪੱਧਰ ਤੱਕ 'ਤੇ ਅੱਜ ਤੱਕ ਕੋਈ ਵੀ ਅਜਿਹਾ ਕਾਰਜ ਨਹੀਂ ਸੀ ਹੋਇਆ। ਇਸ ਸਾਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਵੀ ਕਾਰਜ ਦੀ ਸ਼ੁਰੂਆਤ 'ਅੱਜ ਦਾ ਸ਼ਬਦ' ਮੁਹਿੰਮ ਸ਼ੁਰੂ ਕਰ ਕੇ ਕੀਤੀ ਗਈ ਜੋ ਕੇ ਵਡਿਆਉਣ ਯੋਗ ਹੈ। ਵਿਭਾਗ ਵੱਲੋਂ ਪਾਠਕ੍ਰਮ ਵਿੱਚੋਂ ਹੀ ਕੋਈ ਇੱਕ ਸ਼ਬਦ ਲੈ ਕੇ ਉਸ ਸ਼ਬਦ ਦੀ ਨਿਰੁਕਤੀ, ਉਸ ਦੀ ਭਾਸ਼ਾ, ਉਸ ਦੀ ਵਰਤੋਂ ਅਤੇ ਉਸ ਦੀ ਸੱਭਿਆਚਾਰ ਵਿੱਚ ਸਾਰਥਿਕਤਾ ਬਾਰੇ ਰੰਗ-ਬਿਰੰਗੀ ਇੱਕ ਸ਼ੀਟ ਤਿਆਰ ਕਰਕੇ ਸਕੂਲਾਂ ਵਿੱਚ ਭੇਜੀ ਜਾਂਦੀ ਹੈ ਅਤੇ ਸਵੇਰ ਦੀ ਸਭਾ ਵਿੱਚ ਸਕੂਲ ਮੁਖੀਆਂ ਜਾਂ ਅਧਿਆਪਕਾਂ ਦੁਆਰਾ ਹੋਰ ਵਿਸਥਾਰ ਦੇ ਕੇ ਵਿਦਿਆਰਥੀਆਂ ਨਾਲ਼ ਸ਼ਬਦ ਸਾਂਝਾ ਕੀਤਾ ਜਾਂਦਾ ਹੈ।

ਪੰਜਾਬੀ ਮਾਂ ਬੋਲੀ ਦੇ ਹਜ਼ਾਰਾਂ ਸ਼ਬਦ ਅਜਿਹੇ ਹਨ ਜੋ ਅੱਜ ਕੱਲ ਦੀ ਨਵੀਂ ਪੀੜ੍ਹੀ ਦੇ ਚੇਤਿਆਂ ਵਿਚੋਂ ਕਿਰਦੇ ਜਾ ਰਹੇ ਹਨ ਜਿਸ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਸ਼ਬਦ ਭੰਡਾਰ ਵਿੱਚ ਅਪਣੀ ਮਾਂ ਬੋਲੀ ਦੀ ਸ਼ਬਦਾਵਲੀ ਅਤੇ ਠੇਠਤਾ ਦਿਨੋਂ ਦਿਨ ਘਟਦੀ ਜਾ ਰਹੀ ਹੈ।ਵਿਭਾਗ ਵੱਲੋਂ ਭੇਜੇ ਜਾਂਦੇ ਸ਼ਬਦ ਨੂੰ ਜਿੱਥੇ ਵਿਦਿਆਰਥੀਆਂ ਨੇ ਨਵਾਂ ਸਿੱਖਣ ਦੇ ਆਸੇ ਨਾਲ ਸਵੀਕਾਰ ਕੀਤਾ ਉੱਥੇ ਅਧਿਆਪਕਾਂ ਵੱਲੋਂ ਵੀ ਇਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ। ਜਦੋਂ ਵੱਟਸਐਪ ਗਰੁੱਪਾਂ ਰਾਹੀ ਵਿਦਿਆਰਥੀਆਂ ਦੇ ਘਰਾਂ ਵਿੱਚ ਸ਼ਬਦ ਭੇਜੇ ਜਾਂਦੇ ਸਨ ਤਾਂ ਵਿਦਿਆਰਥੀਆਂ ਦੇ ਮਾਤਾ-ਪਿਤਾ, ਦਾਦੇ- ਦਾਦੀਆਂ ਆਪਣੇ ਹਾਣ ਦੇ ਸ਼ਬਦਾਂ ਨੂੰ ਪੜ੍ਹ ਕੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਫੋਨ ਕਰਕੇ ਇਸ ਮੁਹਿੰਮ ਦੀ ਵਡਿਆਈ ਕਰਦੇ ਦੇਖੇ ਗਏ।

ਅੱਜ ਦਾ ਸ਼ਬਦ ਮੁਹਿੰਮ ਸ਼ਬਦ ਦੀ ਅਸਲ ਸਾਰਥਿਕਤਾ ਉਦੋਂ ਦੇਖਣ ਨੂੰ ਮਿਲੀ ਜਦੋਂ ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਇੱਕ ਸਾਹਿਤਕਾਰ ਨੇ ਗੱਲ ਨੂੰ ਅੱਗੇ ਤੋਰਦਿਆਂ ਜਵਾਬ ਦਿੱਤਾ,''ਸਤਿੰਦਰ ਸਰਤਾਜ ਦੇ ਗੀਤ ਆਰਸੀ ਦੀ ਵੀ ਤਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ 'ਆਰਸੀ' ਵਾਲ਼ੇ ਸ਼ਬਦ ਤੋਂ ਬਾਅਦ ਈ ਜਾਣਕਾਰੀ ਮਿਲੀ ਆ।'' ਸਭ ਤੋਂ ਕਮਾਲ ਦੀ ਗੱਲ ਇਹ ਹੋਈ ਕਿ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਉਸ ਸਮੇਂ ਦੌਰਾਨ ਇੱਕ ਪੂਰਾ ਪੱਖ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਨਾਲ਼ ਸੰਬੰਧਤ-ਕੋਧਰਾ, ਰਬਾਬ, ਜਨਮ ਸਾਖੀ, ਉਦਾਸੀ, ਗੋਸ਼ਟਿ, ਮੋਦੀ ਖਾਨਾ ਆਦਿ ਸ਼ਬਦ ਵਿਦਿਆਰਥੀਆਂ ਨਾਲ ਸਵੇਰ ਦੀ ਸਭਾ ਵਿਚ ਸਾਂਝੇ ਕੀਤੇ ਗਏ।ਪਾਠਕ੍ਰਮ ਦੇ ਅਜਿਹੇ ਸ਼ਬਦਾਂ ਦਾ ਇੱਕ ਕੋਸ਼ ਬਣਾ ਕੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਗੈਰ ਪੰਜਾਬੀ ਪਿਛੋਕੜ ਵਾਲ਼ੇ ਵਿਦਿਆਰਥੀ ਅਤੇ ਅਧਿਆਪਕ ਜਦੋਂ ਲੋੜ ਪਵੇ ਇਸ ਦੀ ਸਹਾਇਤਾ ਲੈ ਸਕਣ।
 


Vandana

Content Editor

Related News