ਸ਼ੁਰੂ ਹੋਈ ਪਰਾਲੀ ਸਾੜਨ ਦੀ ਕਵਾਇਦ, 3 ਦਿਨਾਂ ’ਚ ਦਰਜ ਕੀਤੇ 61 ਮਾਮਲੇ (ਵੀਡੀਓ)
Friday, Sep 25, 2020 - 06:36 PM (IST)
ਜਲੰਧਰ (ਬਿਊਰੋ) - ਪੰਜਾਬ 'ਚ ਜਿਉਂ ਹੀ ਝੋਨੇ ਦੀ ਕਟਾਈ ਸ਼ੁਰੂ ਹੋਈ ਤਾਂ ਪਰਾਲੀ ਸਾੜਨ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ। ਪਿਛਲੇ ਤਿੰਨ ਦਿਨਾਂ 'ਚ 61 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂਕਿ ਪਿਛਲੇ ਸਾਲ 23 ਸਤੰਬਰ ਤਕ 104 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2018 'ਚ ਮਹਿਜ਼ 15 ਮਾਮਲੇ ਦਰਜ ਕੀਤੇ ਗਏ ਸਨ।
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਮੁਤਾਬਕ ਅੰਮ੍ਰਿਤਸਰ ਜ਼ਿਲੇ 'ਚ ਸਭ ਤੋਂ ਵਧੇਰੇ 55 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਤਰਨਤਾਰਨ 'ਚ 3, ਐੱਸ.ਏ.ਐੱਸ. ਨਗਰ 'ਚ 2 ਅਤੇ ਜਲੰਧਰ 'ਚ 1 ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ ਅਤੇ ਹਰਿਆਣਾ 'ਚ ਸਾਲ ਪਰਾਲੀ ਸਾੜਨ ਨੂੰ ਮੰਨਿਆ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਇਸ ਵਾਰ ਖੇਤੀਬਾੜੀ ਵਿਭਾਗ ਪਰਾਲੀ ਦੀ ਰਹਿੰਦ-ਖੂਹੰਦ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ 'ਚ ਨੋਡਲ ਅਧਿਕਾਰੀ ਨਿਯੁਕਤ ਕਰੇਗਾ। ਜੋ ਕਿਸਾਨਾਂ ਨੂੰ ਸਬਸਿਡੀ ਤੇ ਮਸ਼ੀਨਾਂ ਦੇਣ ਦੀ ਵਿਵਸਥਾ ਕਰਨਗੇ।
ਇਕ ਅੰਦਾਜ਼ੇ ਮੁਤਾਬਕ ਹਰੇਕ ਸਾਲ ਸਤੰਬਰ ਅਤੇ ਅਕਤੂਬਰ 'ਚ ਕਿਸਾਨ ਲੱਗਭਗ 35 ਮਿਲੀਅਨ ਟਨ ਪਰਾਲੀ ਅਤੇ ਰਹਿੰਦ ਖੂਹੰਦ ਸਾੜਦੇ ਹਨ, ਜੋ ਵਾਤਾਵਰਨ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਨਤੀਜਨ ਦਿੱਲੀ 'ਚ ਜ਼ਹਿਰੀਲੇ ਬੱਦਲ ਵੀ ਛਾ ਜਾਂਦੇ ਹਨ। ਗਵਾਂਢੀ ਸੂਬਿਆਂ 'ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਸਰਕਾਰ ਨੂੰ 2 ਲੱਖ ਦਾ ਜੁਰਮਾਨਾ ਲਗਾਇਆ ਸੀ। ਹਾਲਾਂਕਿ ਬੀਤੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਲਾਗਤ ਦੇ ਭੁਗਤਾਨ ਲਈ ਕਿਸਾਨਾਂ ਨੂੰ ਕੇਂਦਰ ਸਰਕਾਰ ਵਲੋਂ ਵਿੱਤੀ ਮਦਦ ਦੇਣ ਦੀ ਮੰਗ ਕੀਤੀ।