ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Friday, Jul 10, 2020 - 11:29 AM (IST)

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ - ਮੌਸਮ ਵਿਚ ਬਦਲਾਅ ਆਉਣ ਦੇ ਨਾਲ-ਨਾਲ ਤੁਹਾਡੇ ਚਿਹਰੇ ’ਤੇ ਵੀ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮੀ ਦੇ ਮੌਸਮ ਵਿਚ ਪਸੀਨਾ ਅਤੇ ਚਿਪਚਿਪਾਪਨ ਆਉਣ ਕਾਰਨ ਸਾਰੇ ਲੋਕ ਪਰੇਸ਼ਾਨ ਹੋ ਜਾਂਦੇ ਹਨ। ਇਹ ਪਸੀਨਾ ਜਦੋਂ ਚਿਹਰੇ ’ਤੇ ਆਉਂਦਾ ਹੈ ਤਾਂ ਇਹ ਤੁਹਾਡੀ ਚਮੜੀ ਨੂੰ ਤੇਲਯੁਕਤ ਬਣਾ ਦਿੰਦਾ ਹੈ। ਜਿਸ ਕਾਰਨ ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਤੁਹਾਡਾ ਚਿਹਰਾ ਬੇਜਾਨ ਦਿਖਾਈ ਦੇਣ ਲੱਗ ਜਾਂਦਾ ਹੈ। ਇਸੇ ਲਈ ਗਰਮੀ ਵਿੱਚ ਲੋਕ ਕਿੱਲ, ਫਿੰਸੀਆਂ, ਛਾਈਆਂ ਅਕੇ ਬੇਜਾਨ ਚਮੜੀ ਤੋਂ ਪਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਹਨ। ਅਜਿਹਾ ਹੋਣ ਦਾ ਮੁੱਖ ਕਾਰਨ ਤੇਜ਼ ਧੁੱਪ, ਗਰਮ ਹਵਾ ਅਤੇ ਜੀਵਨ ਸ਼ੈਲੀ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਨ, ਜਿਸ ਨਾਲ ਤੁਹਾਨੂੰ ਕਿੱਲ ਅਤੇ ਛਾਈਆਂ ਦੀਆਂ ਸਮੱਸਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ...


* ਚਿਹਰੇ, ਛਾਤੀ ਅਤੇ ਪਿੱਠ ‘ਤੇ ਫਿਨਸੀਆਂ ਹੋਣ ਦਾ ਇੱਕ ਕਾਰਨ ਪਸੀਨੇ ਦਾ ਬਾਹਰ ਨਾ ਨਿਕਲਣਾ ਹੈ। ਸਾਡੀ ਚਮੜੀ ਦੇ ਰੋਮ ਬੰਦ ਹੋ ਜਾਂਦੇ ਹਨ। ਕਈ ਵਾਰ ਤੇਲ, ਡੈੱਡ ਸਕਿਨ ਅਤੇ ਬੈਕਟੀਰੀਆ ਸਾਡੀ ਚਮੜੀ ਨੂੰ ਢਕ ਲੈਂਦੇ ਹਨ। ਇਸ ਵਿੱਚ ਤਲਿਆ ਹੋਇਆ ਖਾਣਾ ਵੀ ਮਾੜਾ ਅਸਰ ਪਾਉਂਦਾ ਹੈ। ਜ਼ਿਆਦਾ ਤਲਿਆ ਖਾਣਾ ਅਤੇ ਚਮੜੀ ਦੀ ਸਾਫ਼-ਸਫ਼ਾਈ ਨਾ ਰੱਖਣ ਕਾਰਨ ਸਾਡੇ ਚਿਹਰੇ ‘ਤੇ ਕਿੱਲ ਜਾਂ ਫਿਨਸੀਆਂ ਹੋਣ ਲੱਗ ਜਾਂਦੇ ਹਨ।

* ਕੋਈ ਵਧੀਆ ਕਲੀਂਜਰ, ਭਾਫ਼, ਨਿੰਮ ਦੀਆਂ ਪੱਤੀਆਂ, ਨਿੰਬੂ ਦਾ ਰਸ ਸਾਡੇ ਚਿਹਰੇ ਨੂੰ ਸਾਫ਼ ਕਰਦਾ ਹੈ। ਜੇ ਜ਼ਿਆਦਾ ਲੋੜ ਪਵੇ ਤਾਂ ਡਾਕਟਰ ਦੀ ਸਲਾਹ ਨਾਲ ਕੋਈ ਮੈਡੀਕੇਟਡ ਸਾਬਣ ਵਰਤਣਾ ਚਾਹੀਦਾ ਹੈ।

* ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੌਂਵੋ। ਤੁਸੀਂ ਆਪਣਾ ਮੇਕ-ਅੱਪ ਰਾਤ ਨੂੰ ਉਤਾਰ ਦੇਵੋ। ਜੇਕਰ ਤੁਹਾਡੇ ਚਿਹਰੇ ’ਤੇ ਪਿੰਪਲਜ਼ ਹੋਏ ਹਨ ਤਾਂ ਤੁਸੀਂ ਪਿੰਪਲਜ਼ ਨੂੰ ਨਾ ਤਾਂ ਛੇੜੋ ਅਤੇ ਨਾ ਹੀ ਉਨ੍ਹਾਂ ਨੂੰ ਰਗੜੋ। ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਨਿਸ਼ਾਨ ਛੱਡ ਜਾਣਗੇ। 

* ਆਪਣਾ ਤੌਲੀਆ ਅਤੇ ਰੁਮਾਲ ਹਮੇਸ਼ਾ ਅਲੱਗ ਅਤੇ ਸਾਫ਼ ਰੱਖੋ। ਕਿਸੇ ਦਾ ਤੌਲੀਆ ਜਾਂ ਕਿਸੇ ਦਾ ਰੁਮਾਲ ਵਰਤਣ ਨਾਲ ਇਨਫੈਕਸ਼ਨ ਦਾ ਡਰ ਰਹਿੰਦਾ ਹੈ।

* ਹਰੀਆਂ ਸਬਜ਼ੀਆਂ, ਫਲ, ਸਾਲਾਦ, ਲੱਸੀ, ਸਾਫ਼ ਤੇ ਖੁੱਲ੍ਹੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਨਿੰਬੂ ਪਾਣੀ ਵੀ ਖ਼ੂਬ ਵਰਤੋ ਪਰ ਇਸ ਨੂੰ ਘਰ ਵਿੱਚ ਹੀ ਤਿਆਰ ਕਰਨਾ ਚਾਹੀਦਾ ਹੈ। ਕਬਜ਼ ਜਾਂ ਕਿਸੇ ਹੋਰ ਕਾਰਨ ਜੇ ਤੁਹਾਡਾ ਪੇਟ ਸਾਫ਼ ਨਹੀਂ ਤਾਂ ਵੀ ਕਿੱਲ ਤੇ ਛਾਹੀਆਂ ਦੀ ਸਮੱਸਿਆ ਹੋ ਸਕਦੀ ਹੈ।

* ਕੱਚੇ ਦੁੱਧ ਦੇ ਵਿੱਚ ਹਲਦੀ ਦੀ ਗੱਠ ਘਸਾ ਕੇ ਪੇਸਟ ਬਣਾ ਲਵੋ। ਫਿਰ ਗੁਲਾਬ ਜਲ ਦੇ ਵਿੱਚ ਭਿੱਜਿਆ ਹੋਇਆ ਥੋੜ੍ਹਾ ਜਿਹਾ ਵੇਸਣ ਮਿਲਾ ਲਵੋ। ਇੱਕ ਸਾਰ ਮਿਲਾ ਕੇ ਸਿਰਫ਼ ਦਸ ਮਿੰਟਾਂ ਦੇ ਲਈ ਆਪਣੇ ਚਿਹਰੇ ‘ਤੇ ਲਗਾਓ। ਦਸ ਮਿੰਟਾਂ ਬਾਅਦ ਹਲਕੇ ਕੋਸੇ ਪਾਣੀ ਨਾਲ ਮੂੰਹ ਧੋ ਲਵੋ। ਚਿਹਰਾ ਨਿੱਖਰ ਜਾਵੇਗਾ।

* ਚਿਹਰਾ ਸਾਫ਼ ਕਰਨ ਲਈ ਅਸੀਂ ਫੇਸਵਾਸ਼ ਵੀ ਕੁਦਰਤੀ ਢੰਗ ਨਾਲ ਤਿਆਰ ਕਰ ਸਕਦੇ ਹਾਂ। ਫੇਸਵਾਸ਼ ਬਣਾਉਣ ਲਈ ਬਦਾਮ ਪੀਸ ਕੇ ਉਸ ਦੇ ਵਿੱਚ ਮਲਾਈ ਜਾਂ ਠੰਢਾ ਦੁੱਧ ਮਿਲਾ ਕੇ ਚਿਹਰੇ ‘ਤੇ ਲਗਾਓ। ਦਸ ਪੰਦਰਾਂ ਮਿੰਟਾ ਬਾਅਦ ਮੂੰਹ ਧੋ ਲਵੋ। ਜੇ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਫਿਰ ਕੇਲਾ, ਪਪੀਤਾ ਅਤੇ ਖੀਰਾ ਤਿੰਨਾਂ ਨੂੰ ਮੈਸ਼ ਕਰਕੇ ਚਿਹਰੇ ‘ਤੇ ਲਗਾਉਣ ਨਾਲ ਇੱਕ ਬਹੁਤ ਹੀ ਵਧੀਆ ਨਤੀਜਾ ਮਿਲਦਾ ਹੈ।
* 15 ਦਿਨਾਂ ਦੇ ਵਿੱਚ ਇੱਕ ਵਾਰ ਚਿਹਰੇ ਨੂੰ ਸਟੀਮ (ਭਾਫ਼) ਜ਼ਰੂਰ ਦਿਉ। ਇਸ ਦੇ ਲਈ ਉਬਲਦੇ ਪਾਣੀ ਦੇ ਵਿੱਚ ਨਿੰਬੂ ਦਾ ਰਸ ਵੀ ਪਾ ਸਕਦੇ ਹਾਂ।

* ਆਮ ਤੌਰ ‘ਤੇ ਕੁੜੀਆਂ ਦੀ ਬਲੈਕਹੈੱਡਜ਼ ਨੂੰ ਲੈ ਕੇ ਕਾਫ਼ੀ ਸ਼ਿਕਾਇਤ ਰਹਿੰਦੀ ਹੈ। ਤਿੰਨ ਨਿੰਬੂ, ਇੱਕ ਖੀਰਾ ਅਤੇ ਇੱਕ ਚਮਚ ਗੁਲਾਬ ਜਲ ਦੀ ਲਗਾਤਾਰ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇਸ ਦੇ ਨਤੀਜੇ ਸਿਰਫ਼ ਦੋ ਹਫ਼ਤਿਆਂ ਦੀ ਵਰਤੋਂ ਬਾਅਦ ਹੀ ਸਾਹਮਣੇ ਆਉਣ ਲਗਦੇ ਹਨ।

* ਜੇ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਹੋ ਗਏ ਹੋਣ ਤਾਂ ਦੁੱਧ ਵਿੱਚ ਰੂੰ ਨੂੰ ਡੁੱਬੋ ਕੇ ਸਵੇਰੇ ਸ਼ਾਮ ਅੱਖਾਂ ਤੇ 15 ਮਿੰਟ ਲਈ ਰੱਖੋ। ਬਾਇਓਟੀਨ ਦਾ ਸੇਵਨ 15 ਦਿਨ ਲਈ ਕੀਤਾ ਜਾਵੇ ਤਾਂ ਬਹੁਤ ਫ਼ਾਇਦਾ ਮਿਲ ਸਕਦਾ ਹੈ।

ਸਰੀਰ ਦੀ ਤਾਜ਼ਗੀ ਲਈ
ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਮਿਲਾ ਲਓ, ਕਿਉਂਕਿ ਇਸ ਪਾਣੀ ਨਾਲ ਨਹਾਉਣ ਨਾਲ ਤੁਹਾਨੂੰ ਤਾਜ਼ਗੀ ਮਿਲੇਗੀ। ਇੱਕ ਗੱਲ ਦਾ ਖ਼ਿਆਲ ਰੱਖੋ ਸਾਨੂੰ ਨਹਾਉਣ ਲੱਗਿਆਂ ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ। ਚੰਗੀ ਤਰ੍ਹਾਂ ਨਹਾਉਣ ਨਾਲ ਹੀ ਅਸੀਂ ਆਪਣੇ ਸਰੀਰ ਤੋਂ ਗੰਦਗੀ ਸਾਫ਼ ਕਰ ਸਕਦੇ ਹਾਂ। ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ।

ਅਜਿਹੀ ਗੱਲਾਂ ਦਾ ਧਿਆਨ ਰੱਖ ਕੇ ਅਤੇ ਘਰੇਲੂ ਢੰਗ ਆਪਣਾ ਕੇ ਆਪਣੇ-ਆਪ ਨੂੰ ਸਜਾਉਣ ਤੇ ਸ਼ਿੰਗਾਰਨ ਦੇ ਨਾਲ ਨਾਲ ਤੰਦਰੁਸਤ ਵੀ ਰੱਖ ਸਕਦੇ ਹਾਂ। 


author

rajwinder kaur

Content Editor

Related News