ਲੋਕਾਂ ਦੇ ਰੁਜ਼ਗਾਰ ਦਾ ਸਫਲ ਅਤੇ ਸਹੀ ਸਾਧਨ ‘ਸੰਗੀਤ’, ਬਸ ਕਰੜੇ ਰਿਆਜ਼ ਕਰਨ ਦੀ ਹੈ ਲੋੜ
Tuesday, Oct 06, 2020 - 01:29 PM (IST)

ਸਤਨਾਮ ਕੌਰ
8054011344
ਸੰਗੀਤ ਇਕ ਵਿਸ਼ਵ ਵਿਆਪਕ ਕਲਾ ਹੈ। ਧਰਤੀ ਦਾ ਕਣ-ਕਣ ਸੰਗੀਤ ਤੋਂ ਪ੍ਰਭਾਵਿਤ ਹੈ। ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਦਿਲ ਦੀ ਧੜਕਣ ਤੋਂ ਲੈ ਕੇ ਹਰੇਕ ਕਾਰ-ਵਿਹਾਰ ਵਿਚ ਲੈਅਬੱਧ ਹੋ ਕੇ ਚੱਲਣਾ, ਕੁਦਰਤ ਵਿਚ ਪਸਰੀ ਸੂਰਜ ਅਤੇ ਚੰਦ ਦੀ ਜੁਗਲਬੰਦੀ, ਹਰ ਇਕ ਜੀਵ ਜੰਤੂ ਦਾ ਕੁਦਰਤੀ ਅਵਾਜ਼ਾਂ ਤੋਂ ਪ੍ਰਭਾਵਿਤ ਹੋਣਾ ਸੰਗੀਤ ਨਹੀਂ ਤਾਂ ਹੋਰ ਕੀ ਹੈ।
ਸਦੀਆਂ ਪੁਰਾਣੀ ਇਹ ਕਲਾ ਜਿੱਥੇ ਪ੍ਰਭੂ ਪਤੀ ਪ੍ਰਮਾਤਮਾ ਦੀ ਅਰਾਧਨਾ ਅਤੇ ਉਪਾਸਨਾ ਦਾ ਸਾਧਨ ਬਣੀ, ਉਥੇ ਸੰਗੀਤਕਾਰਾਂ ਦੇ ਇਕ ਵਿਸ਼ੇਸ਼ ਵਰਗ ਨੇ ਇਸ ਕਲਾ ਨੂੰ ਕਿੱਤੇ ਦੇ ਰੂਪ ਵਿਚ ਅਪਣਾਇਆ ਅਤੇ ਸੁਰ ਤਾਲ ਦੀ ਸਾਧਨਾ ਨਾਲ ਜਿੱਥੇ ਸੰਸਾਰ ਵਿਚ ਪ੍ਰਸਿੱਧੀ ਖੱਟੀ ਉਸ ਦੇ ਨਾਲ ਸੰਗੀਤ ਦੇ ਮਾਧਿਅਮ ਰਾਹੀਂ ਆਜੀਵਿਕਾ ਵੀ ਪ੍ਰਾਪਤ ਕੀਤੀ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਲੰਬੇ ਸਮੇਂ ਤੋਂ ਚਲੀ ਆਉਂਦੀ ਇਸ ਕਲਾ ਵਿਚ ਕਈ ਪਰਿਵਰਤਨ ਆਏ ਅਤੇ ਸੰਗੀਤ ਦੇ ਕਈ ਰੂਪ ਪ੍ਰਚਲਿਤ ਹੋਏ। ਅਜੋਕੇ ਦੌਰ ਵਿਚ ਸੰਗੀਤ ਇਕ ਵੱਡੀ ਗਿਣਤੀ ਦੇ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਹੈ। ਸੰਗੀਤ ਰਾਹੀਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਤਾਂ ਬਹੁਤ ਹੋ ਸਕਦੀਆਂ ਹਨ ਪਰ ਉਹਨਾਂ ਸੰਭਾਵਨਾਵਾਂ ਤੱਕ ਪਹੁੰਚਣ ਲਈ ਕਰੜੇ ਰਿਆਜ਼ ਅਤੇ ਸਾਧਨਾ ਦੇ ਪੜਾਅ ਨੂੰ ਪਾਰ ਕਰਨਾ ਜ਼ਰੂਰੀ ਹੈ।
ਸੰਗੀਤ ਸਿੱਖਿਅਕ ਦੇ ਰੂਪ
ਸੰਗੀਤ ਗੁਰੂ-ਮੁਖੀ ਵਿਦਿਆ ਹੈ। ਇਸ ਖੇਤਰ ਵਿਚ ਅਧਿਆਪਨ ਦਾ ਕਾਰਜ ਆਰੰਭ ਤੋਂ ਹੀ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਹਰੇਕ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਪ੍ਰਾਈਵੇਟ ਸੰਸਥਾ ਵਿਚ ਸੰਗੀਤ ਦੇ ਅਧਿਆਪਕਾਂ ਦੀ ਅਸਾਮੀ ਰਹਿੰਦੀ ਹੈ। ਇਸ ਤੋਂ ਇਲਾਵਾ ਆਪਣੀਆਂ ਨਿੱਜੀ ਸੰਸਥਾਵਾਂ ਜਾਂ ਹੋਮ ਟਿਊਸ਼ਨਜ਼ ਅਤੇ ਵਰਤਮਾਨ ਮਾਹੌਲ ਵਿੱਚ ਪ੍ਰਚਲਿਤ ਆਨ-ਲਾਈਨ ਕਲਾਸਾਂ ਰਾਹੀਂ ਗਾਇਨ, ਵਾਦਨ ਅਤੇ ਨ੍ਰਿਤ ਦੀ ਸਿੱਖਿਆ ਦੇ ਕੇ ਜੀਵਨ ਨਿਰਵਾਹ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ
ਮੰਚ ਪ੍ਰਦਰਸ਼ਨ ਰਾਹੀਂ
ਸੰਗੀਤ ਇਕ ਪਰਫੋਰਮਿੰਗ ਆਰਟ ਹੈ ਅਤੇ ਇਸ ਦਾ ਇਕ ਮਾਤਰ ਜ਼ਰੀਆ ਪ੍ਰਸਤੁਤੀ ਦੇਣਾ ਹੀ ਹੈ। ਆਪਣੀ ਕਲਾ ਵਿਚ ਨਿਖਾਰ ਲਿਆ ਕੇ ਸੰਗੀਤ ਕਲਾਕਾਰ ਸਰੋਤਿਆਂ ਸਾਹਮਣੇ ਆਪਣੀ ਪੇਸ਼ਕਾਰੀ ਦੇ ਸਕਦੇ ਹਨ। ਇਹ ਪ੍ਰਸਤੁਤੀ ਸ਼ਾਸਤਰੀ ਸੰਗੀਤ ਸੰਮੇਲਨਾਂ, ਸੰਗੀਤ ਸਭਾਵਾਂ, ਨਿੱਜੀ ਬੈਠਕਾਂ, ਪਰਿਵਾਰਿਕ ਪ੍ਰੋਗਰਾਮਾਂ, ਸਮਾਜਿਕ ਅਵਸਰਾਂ ਅਤੇ ਮੇਲੇਆਂ, ਜਗਰਾਤਿਆਂ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ।
ਮੰਚ ਪ੍ਰਦਰਸ਼ਨ ਲਈ ਅੱਜ ਇੰਟਰਨੈਟ ਬਹੁਤ ਸਸਤਾ ਅਤੇ ਸੌਖਾ ਤਰੀਕਾ ਬਣ ਚੁੱਕਾ ਹੈ। ਕੋਵਿਡ ਦੇ ਚਲਦਿਆਂ ਜਦੋ ਦੇਸ਼ ਭਰ ਵਿਚ ਕਾਰੋਬਾਰ ਲਗਭਗ ਬੰਦ ਹੋ ਗਏ, ਉਦੋਂ ਸੰਗੀਤ ਕਲਾਕਾਰਾਂ ਵਲੋਂ ਘਰ ਬੈਠ ਕੇ ਆਪਣੀਆਂ ਆਡੀਓ-ਵੀਡੀਓ ਰਿਕਾਰਾਡਿੰਗ ਸੋਸ਼ਲ ਮੀਡਿਆ ਦੇ ਮਾਧਿਅਮ ਨਾਲ ਵਿਸ਼ਵ ਪੱਧਰ ’ਤੇ ਪਹੁੰਚਾਉਣਾ ਕੋਈ ਮੁਸ਼ਕਲ ਕੰਮ ਨਹੀਂ।
ਪੜ੍ਹੋ ਇਹ ਵੀ ਖਬਰ - ਹੈਰਾਨੀਜਨਕ : ਪੰਜਾਬ ''ਚ 2 ਹਫ਼ਤਿਆਂ ''ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ
ਸੰਗੀਤ ਲੇਖਕ ਦੇ ਰੂਪ ਵਿੱਚ
ਜ਼ਰੂਰੀ ਨਹੀਂ ਹੈ ਕਿ ਸੰਗੀਤ ਦੀ ਸਮਝ ਰੱਖਣ ਵਾਲੇ ਵਿਅਕਤੀ ਇਸ ਕਲਾ ਦੇ ਕਿਰਿਆਤਮਕ ਪੱਖ ਵਿਚ ਹੀ ਮੁਹਾਰਤ ਹਾਸਲ ਕਰਨ। ਉਹ ਸੰਗੀਤ ਦੇ ਸਿਧਾਂਤਿਕ ਪੱਖ ਦੇ ਗਿਆਤਾ ਵੀ ਹੋ ਸਕਦੇ ਹਨ ਅਤੇ ਸੰਗੀਤ ਨਾਲ ਸੰਬੰਧਿਤ ਪੁਸਤਕਾਂ, ਖੋਜ ਪੱਤਰ, ਰਸਾਲੇ, ਆਰਟੀਕਲ ਅਤੇ ਪੱਤਰਕਾਵਾਂ ਲਿਖ ਕੇ ਬਤੌਰ ਲੇਖਕ ਇਸ ਨੂੰ ਆਪਣਾ ਕਿੱਤਾ ਬਣਾ ਸਕਦੇ ਹਨ।
ਸਾਜ਼ ਨਿਮਰਤਾ ਦੇ ਰੂਪ
ਸੰਗੀਤ ਵਿੱਚ ਸਾਜ਼ਾਂ ਦਾ ਵਿਸ਼ੇਸ਼ ਮਹੱਤਵ ਹੈ। ਅੱਜ ਜੇਕਰ ਅਸੀਂ ਸੰਗੀਤ ਦੇ ਵਾਦਨ ਪੱਖ ਦਾ ਅਧਿਅਨ ਕਰੀਏ ਤਾਂ ਸੈਕੜੇ ਪ੍ਰਕਾਰ ਦੇ ਸਾਜ਼ ਸਾਡੇ ਧਿਆਨ ਵਿੱਚ ਆ ਜਾਂਦੇ ਹਨ। ਇਨ੍ਹਾਂ ਸਾਜ਼ਾਂ ਦੇ ਨਿਰਮਾਣ ਅਤੇ ਮੁਰੱਮਤ ਦਾ ਕਾਰਜ ਵੀ ਰੁਜ਼ਗਾਰ ਦਾ ਵਿਸ਼ੇਸ ਮੌਕਾ ਬਣ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਕਾਰਨ ਚੱਲ ਰਹੀ ‘ਆਨਲਾਇਨ ਪੜ੍ਹਾਈ’ ਬੱਚਿਆਂ ਲਈ ਕਿਵੇਂ ਹੈ ‘ਲਾਹੇਵੰਦ’?
ਸੰਗੀਤ ਨਿਰਦੇਸ਼ਕ ਦੇ ਰੂਪ
ਦੂਰਦਰਸ਼ਨ, ਰੇਡੀਓ, ਟੈਲੀਵਿਜ਼ਨ, ਫਿਲਮਾਂ, ਨਾਟਕਾਂ ਵਿਚ ਅਭਿਨੈ ਦੇ ਨਾਲ ਪਿਠਵਰਤੀ ਸੰਗੀਤ ਵੀ ਦਿੱਤਾ ਜਾਂਦਾ ਹੈ, ਜੋ ਗਾਇਨ ਅਤੇ ਵਾਦਨ ਦੋਨੋ ਰੂਪਾਂ ਵਿੱਚ ਹੋ ਸਕਦਾ ਹੈ। ਆਪਣੀ ਪ੍ਰਤਿਭਾ ਦੇ ਅਨੁਸਾਰ ਤਜ਼ਰਬੇਕਾਰ ਕਲਾਕਾਰ ਇਨ੍ਹਾਂ ਕਾਰਜਾਂ ਵਿੱਚ ਸੰਗੀਤ ਨਿਰਦੇਸ਼ਕ ਵਜੋਂ ਕੰਮ ਕਰ ਸਕਦੇ ਹਨ।
ਆਲ ਇੰਡੀਆ ਰੇਡੀਓ ਦੇ ਨਿਯਮਿਤ ਕਲਾਕਾਰ
ਆਲ ਇੰਡੀਆ ਰੇਡੀਓ ਪਿਛਲੇ ਕਈ ਦਹਾਕਿਆਂ ਤੋਂ ਸੰਗੀਤ ਦੇ ਪ੍ਰਚਾਰ-ਪ੍ਰਸਾਰ ਦਾ ਵੱਡਾ ਮਾਧਿਅਮ ਰਿਹਾ ਹੈ। ਪ੍ਰਤਿਭਾਵਾਨ ਕਲਾਕਾਰ ਇਸ ਮਾਧਿਅਮ ਰਾਹੀਂ ਸੰਗੀਤ ਦੀਆਂ ਵਿਭਿੰਨ ਸ਼ੈਲੀਆਂ-ਸ਼ਾਸਤਰੀ ਗਾਇਨ-ਵਾਦਨ, ਗਜ਼ਲ, ਠੁਮਰੀ, ਲੋਕ-ਗੀਤ, ਸੂਫ਼ੀ ਸੰਗੀਤ, ਵਾਦਨ ਸੰਗੀਤ ਦੇ ਵਿਭਿੰਨ ਸਾਜ਼ਾਂ ਆਦਿ ਨਾਲ ਸੰਬੰਧਿਤ ਆਲ ਇੰਡੀਆ ਰੇਡੀਓ ਦਾ ਟੈਸਟ ਪਾਸ ਕਰਕੇ ਆਪਣੀ ਕਲਾ ਦੇ ਪੱਧਰ ਅਨੁਸਾਰ ਗ੍ਰੇਡ ਪ੍ਰਾਪਤ ਕਰ ਸਕਦੇ ਹਨ ਅਤੇ ਰੇਡਿਓ ਦੇ ਅਪਰੂਵਡ ਕਲਾਕਾਰ ਬਣ ਸਕਦੇ ਹਨ। ਰੇਡੀਓ ਨਾਲ ਸੰਬੰਧਿਤ ਨੌਕਰੀ ਪ੍ਰਾਪਤ ਕਰਕੇ ਵੀ ਚੰਗਾ ਵੇਤਨ ਕਮਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ
ਸੰਗੀਤਕਾਰ ਦੇ ਰੂਪ ਵਿੱਚ
ਵਾਦਨ ਸੰਗੀਤ ਨਾਲ ਸੰਬੰਧਤ ਕਲਾਕਾਰਾਂ ਲਈ ਰੁਜ਼ਗਾਰ ਦੇ ਵਿਭਿੰਨ ਅਵਸਰ ਉਪਲਬਧ ਹਨ। ਇਹਨਾਂ ਕਲਾਕਾਰਾਂ ਦੁਆਰਾ ਇਕਾਂਗੀ ਵਾਦਨ ਵਿਚ ਸ਼ਾਸਤਰੀ ਸੰਗੀਤ, ਫਿਲਮੀ ਗੀਤ, ਠੁਮਰੀਆਂ ਆਦਿ ਵਜਾਉਣ ਤੋਂ ਇਲਾਵਾ ਸੰਗੀਤਕਾਰ ਦੇ ਰੂਪ ਵਿੱਚ ਵੀ ਕੰਮ ਕੀਤਾ ਜਾ ਸਕਦਾ ਹੈ। ਹਰ ਇਕ ਗਾਇਕ ਨਾਲ ਸਾਜ਼ਿੰਦੇ ਦੀ ਜਰੂਰਤ ਹੁੰਦੀ ਹੈ। ਰਿਕਾਰਡਿੰਗ ਦੇ ਇਸ ਯੁੱਗ ਵਿੱਚ ਬੰਸਰੀ, ਸਿਤਾਰ, ਸਾਰੰਗੀ, ਵਾਇਲਨ, ਤਬਲਾ, ਢੋਲਕ ਆਦਿ ਸਾਜਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੱਛਮੀ ਸਾਜ਼ ਹਾਰਮੋਨੀਅਮ, ਗਿਟਾਰ, ਕੀ-ਬੋਰਡ ਆਦਿ ਵਜਾਉਣ ਵਲੇ ਕਲਾਕਾਰਾਂ ਲਈ ਰੁਜਗਾਰ ਦੇ ਕਈ ਮੌਕੇ ਉਪਲਬਧ ਹਨ।
ਇੰਟਰਨੈੱਟ ਰਾਹੀਂ
21 ਵੀਂ ਸਦੀ ਵਿਚ ਲਗਭਗ ਹਰ ਵਿਅਕਤੀ ਇੰਟਰਨੈੱਟ ’ਤੇ ਨਿਰਭਰ ਕਰਦਾ ਹੈ। ਸੰਗੀਤ ਦਾ ਖੇਤਰ ਵੀ ਇੰਟਰਨੈੱਟ ਤੋਂ ਬਹੁਤ ਪ੍ਰਭਾਵਿਤ ਹੈ। ਯੂ-ਟਿਊਬ ਅੱਜ ਕਲਾ ਪ੍ਰਦਰਸ਼ਨ ਦੇ ਨਾਲ-ਨਾਲ ਪੈਸੇ ਕਮਾਉਣ ਦਾ ਸਾਧਨ ਵੀ ਬਣ ਚੁੱਕਾ ਹੈ। ਗਾਇਨ ਅਤੇ ਵਾਦਨ ਤੋਂ ਇਲਾਵਾ ਸੰਗੀਤ ਸਿੱਖਿਆ ਨਾਲ ਸੰਬੰਧਿਤ ਟੂਟੋਰਿਅਲ ਯੂ-ਟਿਊਬ 'ਤੇ ਅਪਲੋਡ ਕੀਤੇ ਜਾ ਸਕਦੇ ਹਨ। ਸੰਗੀਤ ਨਾਲ ਸੰਬੰਧਿਤ ਵਿਭਿੰਨ ਵੈੱਬਸਾਈਟ ਅਤੇ ਅਪਲੀਕੇਸ਼ਨ ਰਾਹੀਂ ਵੀ ਪ੍ਰਚਾਰ ਅਤੇ ਰੁਜ਼ਗਾਰ ਦੋਨਾ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - Beauty Tips : ਚਮਕਦਾਰ ਚਿਹਰਾ ਪਾਉਣ ਲਈ ਹਲਦੀ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਹੋਣਗੇ ਫਾਇਦੇ
ਸੰਗੀਤ ਦੇ ਵਿਦਿਆਰਥੀ ਅਤੇ ਜਾਣਕਾਰ ਸੰਗੀਤ ਨਾਲ ਸੰਬੰਧਿਤ ਪ੍ਰਸਾਰਣ ਦਾ ਸੰਚਾਲਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਮਿਊਜ਼ਿਕ ਅਰੇਂਜਰ, ਹਾਰਡਵੇਅਰ ਅਤੇ ਸਾਫਟਵੇਅਰ ਆਪਰੇਟਰ, ਰੀਧਮ ਮੇਕਰ, ਵੋਕਲ ਟਿਊਨਿੰਗ, ਕੋਰਸ ਸਿੰਗਰ ਅਤੇ ਮਿਕਸਿੰਗ-ਮਾਸਟਰਿੰਗ ਆਦਿ ਸਟੂਡੀਓ ਨਾਲ ਸੰਬੰਧਿਤ ਅਨੇਕ ਕੰਮ ਆਮਦਨ ਕਮਾਉਣ ਦੇ ਉੱਤਮ ਤਰੀਕੇ ਹਨ।
ਸੰਗੀਤ ਨੂੰ ਸਿਰਫ਼ ਗਾਉਣ-ਵਜਾਉਣ ਅਤੇ ਸਿਖਾਉਣ ਤੱਕ ਸੀਮਿਤ ਨਹੀਂ ਕਰਨਾ ਚਾਹੀਦਾ। ਜੇਕਰ ਸਮਾਂ ਰਹਿੰਦੇ ਅੱਜ ਦੇ ਨੌਜਵਾਨਾਂ ਨੂੰ ਇਨ੍ਹਾਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਸੰਗੀਤ ਵਿੱਚ ਰੁਜਗਾਰ ਦੀ ਕੋਈ ਕਮੀ ਨਹੀਂ ਹੈ। ਸ਼ਰਤ ਇਹ ਹੈ ਕਿ ਇਸ ਕਲਾ ਨੂੰ ਚੰਗੇ ਰਿਆਜ਼ ਨਾਲ ਸਾਧਿਆ ਜਾਵੇ ਅਤੇ ਆਪਣੇ-ਆਪ ਨੂੰ ਇਸ ਹੁਨਰ ਵਿਚ ਪਰਪੱਕ ਕੀਤਾ ਜਾਵੇ ਤਾਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਸਾਹਮਣੇ ਪ੍ਰਗਟ ਹੁੰਦੀਆਂ ਰਹਿਣਗੀਆਂ।
ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ
ਸਿੱਖਿਆ
ਸੰਗੀਤ ਵਿੱਚ ਭੱਵਿਖ ਬਣਾਉਣ ਲਈ ਜ਼ਰੂਰੀ ਹੈ ਕਿ ਤੁਹਾਨੂੰ ਸੰਗੀਤ ਦੀ ਜਾਣਕਾਰੀ ਹੋਵੇ ਇਸ ਲਈ ਸਭ ਤੋਂ ਪਹਿਲਾ ਤੁਹਾਡੀ ਸੰਗੀਤ ਵਿੱਚ ਰੁਚੀ ਹੋਣੀ ਚਾਹੀਦੀ ਹੈ। ਇਸ ਲਈ ਤੁਸੀਂ ਸੰਗੀਤ ਬਾਰੇ ਸਿੱਖਿਆ ਹਾਸਿਲ ਕਰ ਸਕਦੇ ਹੋ। ਤੁਸੀਂ ਇਸ ਲਈ 10ਵੀਂ ਤੋਂ ਬਾਅਦ ਕੋਈ ਕੋਰਸ ਜਾਂ 12ਵੀਂ ਤੋਂ ਬਾਅਦ ਡਿਗਰੀ ਵੀ ਕਰ ਸਕਦੇ ਹੋ।
ਅੱਜ ਪੰਜਾਬ ਦੀਆਂ ਕਈ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਸੰਗੀਤ ਸਿਖਲਾਈ ਦਾ ਕਾਰਜ ਕਰ ਰਹੀਆਂ ਹਨ। ਜਿਨ੍ਹਾਂ ਦੇ ਅਧੀਨ ਸਕੂਲ ਪੱਧਰ ’ਤੇ ਸੰਗੀਤ ਸਿੱਖਿਆ, ਬੀ.ਏ, ਐੱਮ.ਏ, ਐੱਮ.ਫਿਲ, ਪੀ.ਐੱਚ.ਡੀ, ਕੋਰਸ ਉਪਲਬਧ ਹਨ ਅਤੇ ਇਹ ਕੋਰਸ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਵਿਸ਼ਿਆਂ ਵਿਚ ਕਰਵਾਏ ਜਾ ਰਹੇ ਹਨ। ਉੱਚ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਇਸ ਵਿਸ਼ੇ ਵਿਚ ਪਰਪੱਕ ਹੋ ਸਕਦੇ ਹਨ ਅਤੇ ਇਸ ਵਿਸ਼ੇ ਨੂੰ ਕਿੱਤੇ ਦੇ ਰੂਪ ਵਿਚ ਆਪਣਾ ਸਕਦੇ ਹਨ।