ਇੰਝ ਬਣਾਓ ਲੌਕੀ ਦੀ ਮਸਾਲੇਦਾਰ ਚਟਨੀ, ਦੋ ਦੀ ਜਗ੍ਹਾ ਚਾਰ ਰੋਟੀਆਂ ਖਾ ਜਾਓਗੇ
Sunday, Sep 01, 2024 - 05:23 PM (IST)
ਨਵੀਂ ਦਿੱਲੀ- ਘਰ ਵਿੱਚ ਜਦੋਂ ਲੌਕੀ ਦੀ ਸਬਜ਼ੀ ਬਣਦੀ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ ਖੁਸ਼ ਹੋ ਕੇ ਨਹੀਂ ਖਾਂਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹੁੰਦੇ ਹਨ। ਭਾਵੇਂ ਲੌਕੀ ਤੁਹਾਡੀ ਸਿਹਤ ਲਈ ਬਹੁਤ ਵਧੀਆ ਹੈ ਪਰ ਲੋਕ ਇਸ ਦਾ ਸਵਾਦ ਜ਼ਿਆਦਾ ਪਸੰਦ ਨਹੀਂ ਕਰਦੇ। ਆਮ ਤੌਰ ‘ਤੇ ਲੋਕ ਲੌਕੀ ਦਾ ਸੇਵਨ ਲੌਕੀ-ਚਨੇ ਦੀ ਸਬਜ਼ੀ ਦੇ ਰੂਪ ‘ਚ ਕਰਦੇ ਹਨ ਜਾਂ ਭਾਰ ਘਟਾਉਣ ਸਮੇਂ ਜੂਸ ਬਣਾ ਕੇ ਇਸ ਦਾ ਸੇਵਨ ਕਰਦੇ ਹਨ। ਪਰ ਕੀ ਤੁਸੀਂ ਕਦੇ ਮਸਾਲੇਦਾਰ ਲੌਕੀ ਦੀ ਚਟਨੀ ਤਿਆਰ ਕਰਕੇ ਖਾਧੀ ਹੈ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਡੇ ਲਈ ਮਸਾਲੇਦਾਰ ਲੌਕੀ ਦੀ ਚਟਨੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਬਹੁਤ ਹੀ ਸੁਆਦੀ ਅਤੇ ਮਸਾਲੇਦਾਰ ਹੁੰਦੀ ਹੈ। ਇਸ ਨਾਲ ਤੁਹਾਡੇ ਖਾਣੇ ਦਾ ਸਵਾਦ ਦੁੱਗਣਾ ਹੋ ਜਾਵੇਗਾ।
ਸਮੱਗਰੀ
ਮਸਾਲੇਦਾਰ ਲੌਕੀ ਦੀ ਚਟਨੀ ਬਣਾਉਣ ਲਈ ਤੁਹਾਨੂੰ ਲੌਕੀ 1 (ਬਾਰੀਕ ਕੱਟੀ ਹੋਈ), 4 ਚਮਚ ਤੇਲ, 1 ਮੁੱਠੀ ਛੋਲਿਆਂ ਦੀ ਦਾਲ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਜੀਰਾ, 1 ਚਮਚ ਤਿਲ, 4-5 ਹਰੀ ਮਿਰਚ, 2-3 ਟਮਾਟਰ, ਅੱਧਾ ਚਮਚ ਹਲਦੀ ਤੇ ਸਵਾਦ ਅਨੁਸਾਰ ਲੂਣ ਦੀ ਲੋੜ ਹੋਵੇਗੀ।
ਮਸਾਲੇਦਾਰ ਲੌਕੀ ਦੀ ਚਟਨੀ ਬਣਾਉਣ ਲਈ ਇਨ੍ਹਾਂ ਸਟੈਪਸ ਨੂੰ ਫਾਲੋ ਕਰੋ:
ਮਸਾਲੇਦਾਰ ਲੌਕੀ ਦੀ ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ‘ਚ 2 ਚਮਚ ਤੇਲ ਪਾਓ। ਫਿਰ ਇਸ ‘ਚ 1 ਮੁੱਠੀ ਛੋਲਿਆਂ ਦੀ ਦਾਲ, 1 ਚਮਚ ਲਾਲ ਮਿਰਚ, 1 ਚਮਚ ਜੀਰਾ ਅਤੇ 1 ਚਮਚ ਤਿਲ ਪਾਓ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਫ੍ਰਾਈ ਕਰ ਲਓ ਅਤੇ ਕਿਸੇ ਬਰਤਨ ‘ਚ ਕੱਢ ਲਓ। ਹੁਣ ਉਸੇ ਪੈਨ ਵਿਚ 1 ਚਮਚ ਤੇਲ ਪਾਓ ਅਤੇ ਕੱਟੀਆਂ ਹਰੀਆਂ ਮਿਰਚਾਂ ਪਾਓ ਅਤੇ ਭੁੰਨ ਲਓ। ਇਸ ਤੋਂ ਬਾਅਦ ਇਸ ‘ਚ ਕੱਟੀ ਹੋਈ ਲੌਕੀ ਪਾਓ ਅਤੇ ਨਰਮ ਹੋਣ ਤੱਕ ਘੱਟ ਸੇਕ ‘ਤੇ ਪਕਾਓ। ਫਿਰ ਦਾਲਾਂ ਨੂੰ ਮਿਕਸਰ ਜਾਰ ‘ਚ ਪਾ ਕੇ ਪੀਸ ਕੇ ਪਾਊਡਰ ਬਣਾ ਲਓ।
ਹੁਣ ਪੈਨ ‘ਚ ਟਮਾਟਰ, ਹਲਦੀ ਅਤੇ ਨਮਕ ਪਾ ਕੇ ਕੁਝ ਦੇਰ ਤੱਕ ਚੰਗੀ ਤਰ੍ਹਾਂ ਪਕਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਵਾਰ ਫਿਰ ਮਿਕਸਰ ਜਾਰ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਤੁਹਾਡੀ ਮਸਾਲੇਦਾਰ ਲੌਕੀ ਦੀ ਚਟਨੀ ਤਿਆਰ ਹੈ। ਤੁਸੀਂ ਇਸ ਨੂੰ ਦਾਲ, ਚੌਲ ਅਤੇ ਪਰਾਠੇ ਨਾਲ ਸਰਵ ਕਰੋ।