ਸਿੱਖਣ ਲਈ ਜੀਓ ਅਤੇ ਤੁਸੀਂ ਜਿਊਣਾ ਸਿੱਖ ਜਾਓਗੇ
Monday, Apr 06, 2020 - 12:41 PM (IST)

ਡਾ: ਹਰਜਿੰਦਰ ਵਾਲੀਆ
ਸਿੱਖਣ ਲਈ ਜੀਓ ਅਤੇ ਤੁਸੀਂ ਜਿਊਣਾ ਸਿੱਖ ਜਾਓਗੇ।ਜ਼ਿੰਦਗੀ ਅਸਲ ਵਿਚ ਇਕ ਪਾਠਸ਼ਾਲਾ ਹੀ ਹੈ। ਅਸੀਂ ਹਰ ਪਲ ਕੁਝ ਨਵਾਂ ਸਿੱਖ ਸਕਦੇ ਹਾਂ ਪਰ ਜੇ ਕੁਝ ਸਿੱਖਣਾ ਚਾਹੀਏ ਤਾਂ। ਜ਼ਿੰਦਗੀ ਦੀ ਦੌੜ ਦੌਰਾਨ ਜ਼ਰਾ ਰੁਕੋ ਅਤੇ ਸੋਚੋ ਅਤੇ ਆਪਣੇ ਆਪ ਨੂੰ ਸਵਾਲ ਕਰੋ:
1. ਕੀ ਤੁਸੀਂ ਜ਼ਿੰਦਗੀ ਜੀਅ ਰਹੇ ਹੋ
2. ਕੀ ਤੁਸੀਂ ਜ਼ਿੰਦਗੀ ਕੱਟ ਰਹੇ ਹੋ
3. ਕੀ ਤੁਸੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋ
4. ਤੁਸੀਂ ਕਿਉਂ ਜੀਅ ਰਹੇ ਹੋ
5. ਕੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਇਆ ਹੋਇਆ ਹੈ
ਅਜਿਹੇ ਸਵਾਲ ਲੈ ਕੇ ਜਦੋਂ ਮੈਂ ਇਕ ਸਰਵੇਖਣ ਕੀਤਾ ਤਾਂ ਨਤੀਜੇ ਬਹੁਤ ਦਿਲਚਸਪ ਨਜ਼ਰ ਆਏ। ਸਭ ਤੋਂ ਹੈਰਾਨੀਜਨਕ ਨਤੀਜਾ ਤਾਂ ਇਹ ਸੀ ਕਿ 80 ਫੀਸਦੀ ਲੋਕਾਂ ਨੇ ਆਪਣਾ ਕੋਈ ਮਕਸਦ, ਉਦੇਸ਼ ਜਾਂ ਮੰਜ਼ਿਲ ਮਿੱਥੀ ਹੀ ਨਹੀਂ ਸੀ। ਉਹ ਸੁੱਕਾ ਖੂਹ ਗੇੜ ਰਹੇ ਹਨ। ਉਠਣ, ਖਾਣ ਅਤੇ ਸੌਣ ਦੇ ਚੱਕਰ ਵਿਚ ਘੁੰਮ ਰਹੇ ਹਨ। ਜ਼ਿੰਦਗੀ ਕੱਟਣ, ਜਿਊਣ ਅਤੇ ਆਨੰਦ ਮਾਨਣ ਦੇ ਫਰਕ ਸਮਝਣ ਤੋਂ ਅਸਮਰੱਥ ਹਨ। ਹਿੰਦੁਸਤਾਨ ਵਰਗੇ ਗਰੀਬ ਦੇਸ਼ ਵਿਚ ਤਾਂ ਵੱਡੀ ਗਿਣਤੀ ਵਿਚ ਲੋਕ ਰੋਟੀ ਰੋਜ਼ੀ ਦੇ ਪ੍ਰਬੰਧ ਵਿਚ ਹੀ ਜ਼ਿੰਦਗੀ ਗਵਾ ਲੈਂਦੇ ਹਨ। ਉੱਗਦੇ ਸੂਰਜ ਦੀ ਲਾਲੀ ਨੂੰ ਤਾਂ ਉਹਨਾਂ ਨੇ ਕਿਸੇ ਤਸਵੀਰ ਵਿਚ ਵੀ ਨਹੀਂ ਵੇਖਿਆ ਹੋਵੇਗਾ। ਕਿਸੇ ਸਮੁੰਦਰ ਦੇ ਕਿਨਾਰੇ ਬੈਠ ਕੇ ਆਪਣੇ ਮਨਪਸੰਦ ਸਾਥੀ ਦੇ ਹੱਥ ਸਪਰਸ਼ ਮਾਨਣ ਦੀ ਕਲਪਨਾ ਕਰਨਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੈ।
ਲੋਕ ਸਰੀਰਕ ਭੁੱਖਾਂ ਦੀ ਪੂਰਤੀ ਲਈ ਪੂਰਾ ਜੀਵਨ ਲਾ ਦਿੰਦੇ ਹਨ। ਮਾਨਸਿਕ ਅਤੇ ਆਤਮਿਕ ਸ਼ਾਂਤੀ ਬਾਰੇ ਸੋਚਣਾ ਉਹਨਾਂ ਦੇ ਹਿੱਸੇ ਨਹੀਂ ਆਇਆ। ਇਹ 1981 ਦੀ ਗੱਲ ਹੈ, ਉਦੋਂ ਉਸ ਨੇ ਆਪਣਾ ਨਾਮ ਭਗਵਾਨ ਰਜਨੀਸ਼ ਰੱਖਿਆ ਹੋਇਆ ਸੀ। ਮੈਂ ਉਹਨਾਂ ਦੇ ਪੂਨੇ ਵਾਲੇ ਆਸ਼ਰਮ ਵਿਚ ਗਿਆ। ਉਥੇ ਰਹਿਣਾ ਮਹਿੰਗਾ ਸੀ, ਦੱਸ ਕੁ ਦਿਨ ਬਾਅਦ ਹੀ ਮੈਂ ਆਪਣਾ ਪੱਤਰਕਾਰੀ ਵਾਲਾ ਕਾਰਡ ਦਿਖਾਇਆ ਅਤੇ ਆਸ਼ਰਮ ਬਾਰੇ ਪੂਰੀ ਜਾਣਕਾਰੀ ਦੀ ਸੁਵਿਧਾ ਪ੍ਰਾਪਤ ਕਰ ਲਈ। ਮਾਂ ਸ਼ੀਲਾ ਨੇ ਇਕ ਸੁਰਿੰਦਰ ਸਵਾਮੀ ਦੀ ਡਿਊਟੀ ਲਗਾਈ, ਜਿਸਨੇ ਮੈਨੂੰ ਆਸ਼ਰਮ ਦਾ ਗੇੜਾ ਕਢਵਾਇਆ ਅਤੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਵੇਖਿਆ ਕਿ ਉਥੇ ਭਾਰਤੀ ਲੋਕ ਬਹੁਤ ਘੱਟ ਸਨ ਜੋ ਸਨ ਵੀ ਉਹ ਵਿਨੋਦ ਖੰਨਾ ਵਰਗੇ ਅਮੀਰ ਵਰਗ ਵਿਚੋਂ ਸਨ।
ਮੈਂ ਉਸ ਸਵਾਮੀ ਨੂੰ ਸਵਾਲ ਕੀਤਾ ਕਿ ਕੀ ਕਾਰਨ ਹੈ ਕਿ ਰਜਨੀਸ਼ ਦੇ ਚੇਲਿਆਂ ਵਿਚ ਭਾਰਤੀ ਲੋਕਾਂ ਦੀ ਗਿਣਤੀ ਘੱਟ ਹੈ। ਉਸਦਾ ਜਵਾਬ ਸੀ,''ਮਨੁੱਖ ਤਿੰਨ ਸਟੇਜਾਂ ਵਿਚ ਜ਼ਿੰਦਗੀ ਗੁਜ਼ਾਰਦਾ ਹੈ। ਪਹਿਲੀ ਸਟੇਜ ਫਿਜ਼ੀਕਲ ਹੁੰਦੀ ਹੈ, ਜਿਸ ਵਿਚ ਖਾਣਾ, ਪੀਣਾ ਅਤੇ ਸੈਕਸ ਆਦਿ ਹੁੰਦਾ ਹੈ। ਜਦੋਂ ਲੋਕ ਇਸ ਸਟੇਜ ਤੋਂ ਸੰਤੁਸ਼ਟ ਹੋ ਜਾਂਦੇ ਹਨ ਤਾਂ ਉਹ ਅਗਲੀ ਸਟੇਜ ਵਿਚ ਪ੍ਰਵੇਸ਼ ਕਰਦੇ ਹਨ। ਇਸ ਸਟੇਜ ਵਿਚ ਮਨੁੱਖ ਸਰੀਰ ਤੋਂ ਮਨ ਦੀ ਭੁੱਖ ਪੂਰੀ ਕਰਨ ਵੱਲ ਵਧਦਾ ਹੈ। ਮਨ ਦੀ ਭੁੱਖ ਲਈ ਉਹ ਪੜ੍ਹਦਾ, ਲਿਖਦਾ, ਸੰਗੀਤ ਅਤੇ ਹੋਰ ਕਲਾਵਾਂ ਦਾ ਸਹਾਰਾ ਲੈਂਦਾ ਹੈ। ਜਦੋਂ ਉਹ ਇਸ ਸਟੇਜ ਦੇ ਕੁਝ ਪੜਾਅ ਪਾਰ ਕਰ ਜਾਂਦਾ ਹੈ ਤਾਂ ਉਹ ਆਤਮਕ ਸਟੇਜ ਵੱਲ ਵਧਦਾ ਹੈ। ਮਨ ਦੀ ਇਕਾਗਰਤਾ ਦੇ ਲਈ ਸਾਧਨ ਲੱਭਦਾ ਹੈ। ਯਤਨ ਕਰਦਾ ਹੈ। ਆਤਮਾ ਦੀ ਖੁਰਾਕ ਵੱਲ ਧਿਆਨ ਦਿੰਦਾ ਹੈ।''
ਉਸਦਾ ਕਹਿਣਾ ਸੀ ਕਿ ਜ਼ਿਆਦਾ ਗਿਣਤੀ ਵਿਚ ਭਾਰਤੀ ਪਹਿਲੀ ਸਟੇਜ ਹੀ ਨਹੀਂ ਪਾਰ ਕਰਦੇ। ਉਹ ਤਾਂ ਸਰੀਰਕ ਭੁੱਖਾਂ ਦੀ ਪੂਰਤੀ ਦੇ ਹੀਲੇ ਵਸੀਲੇ ਕਰਦੇ ਰਹਿੰਦੇ ਹਨ। ਮੈਨੂੰ ਇਹ ਹੈਰਾਨੀ ਹੋਈ ਮੇਰੇ ਇਹ ਸਰਵੇਖਣ ਦੇ ਨਤੀਜੇ 32 ਵਰ੍ਹੇ ਪਹਿਲਾਂ ਮੈਨੂੰ ਮਿਲੇ ਸਵਾਮੀ ਸੁਰਿੰਦਰਾ ਦੀ ਟਿੱਪਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਸਨ। ਸਵਾਲ ਇਹ ਉਠਦਾ ਹੈ ਕਿ ਕੀ ਮਨੁੱਖ ਸਿਰਫ ਪਹਿਲੇ ਪੜਾਅ ਦੀ ਜ਼ਿੰਦਗੀ ਜਿਊਣ ਲਈ ਪੈਦਾ ਹੋਇਆ ਹੈ। ਨਹੀਂ, ਅਜਿਹਾ ਨਹੀਂ ਹੈ, ਬੱਸ ਮਨੁੱਖ ਵਿਚ ਸਫਲ ਜ਼ਿੰਦਗੀ ਜਿਊਣ ਦੀ ਚਿਣਗ ਹੋਣੀ ਚਾਹੀਦੀ ਹੈ ਅਤੇ ਜ਼ਿੰਦਗੀ ਜਿਊਣ ਦੀ ਕਲਾ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ। ਉਹ ਵੀ ਜ਼ਿੰਦਗੀ ਦੀ ਪਾਠਸ਼ਾਲਾ ਵਿਚੋਂ। ਸਫਲ ਮਨੁੱਖਾਂ ਦੀਆਂ ਜੀਵਨ ਕਥਾਵਾਂ ਵੀ ਸਾਡੇ ਪ੍ਰੇਰਨਾ ਸਰੋਤ ਬਣ ਸਕਦੀਆਂ ਹਨ। ਚੰਗੇ ਟੀ. ਵੀ. ਪ੍ਰੋਗਰਾਮ ਵੀ ਮਾਰਗ ਦਰਸ਼ਕ ਬਣਨ ਦੀ ਸਮਰੱਥਾ ਰੱਖਦੇ ਹਨ। ਮੈਂ ਇਕ ਟੀ. ਵੀ. ਲੜੀਵਾਰ ਬਾਰੇ ਪੜ੍ਹਿਆ ਜਿਸ ਵਿਚ ਬਾਸਕਟਬਾਲ ਖਿਡਾਰੀ ਮਾਈਕਲ ਜਾਰਡਨ ਨੂੰ ਉਸਦੇ ਚਾਹੁਣ ਵਾਲਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ, ਉਸਦੇ ਨਾਮ ਦੇ ਨਾਅਰੇ ਲੱਗ ਰੇ ਸਨ।
ਮਾਈਕਲ ਆਪਣੇ ਆਪ ਨਾਲ ਸੰਵਾਦ ਰਚਾ ਰਿਹਾ ਸੀ ਕਿ ਮੈਂ 9000 ਸ਼ਾਟ ਮਿਸ ਕੀਤੇ। ਮੈਂ ਆਪਣੇ ਖੇਡ ਜੀਵਨ ਵਿਚ 300 ਵਾਰ ਹਾਰਿਆ ਅਤੇ 26 ਵਾਰ ਮੈਚ ਨੂੰ ਜਿੱਤਣ ਵਾਲੇ ਸ਼ਾਟ ਲਾਏ। ਇਹਨਾਂ ਹਾਰਾਂ ਕਾਰਨ ਹੀ ਮੈਂ ਜਿੱਤਿਆ। ਇਸੇ ਸੰਦਰਭ ਵਿਚ ਮੈਨੂੰ ਅਮਿਤਾਬ ਬਚਨ ਦੇ ਪਿਤਾ ਹਰੀਬੰਸ ਰਾਏ ਬਚਨ ਦੀਆਂ ਕੁਝ ਸੱਤਰਾਂ ਚੇਤੇ ਆ ਗਈਆਂ:
''ਅਸਫਲਤਾ ਇਕ ਚੁਣੌਤੀ ਹੈ, ਇਹਨੂੰ ਸਵੀਕਾਰ ਕਰੋ
ਕਮੀ ਕੀ ਰਹਿ ਗਈ, ਦੇਖੋ ਅਤੇ ਸੁਧਾਰ ਕਰੋ
ਜਦੋਂ ਤੱਕ ਨਾ ਸਫਲ ਹੋਵੋ, ਨੀਂਦ ਚੈਨ ਛੱਡੋ ਤੁਸੀਂ
ਸੰਘਰਸ਼ ਦੇ ਮੈਦਾਨ 'ਚੋਂ ਨਾ ਭੱਜੋ ਤੁਸੀਂ
ਕੁਝ ਕੀਤੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ
ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ।
ਸਫਲ ਹੋਣ ਦਾ ਚਾਹਵਾਨ ਮਨੁੱਖ ਅਜਿਹੇ ਪ੍ਰੋਗਰਾਮ ਜਾਂ ਅਜਿਹੀਆਂ ਲਿਖਤਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਕੰਮ ਵਿਚ ਜੁਟ ਜਾਵੇਗਾ। ਬਰਤਾਨੀਆ ਵਿਚ ਰਹਿੰਦੇ ਮੇਰੇ ਇਕ ਮਿੱਤਰ ਦੀ ਜ਼ਿੰਦਗੀ ਭਰ ਦੀ ਕਮਾਈ ਨਸਲੀ ਵਿਤਕਰੇ ਦੀ ਨਫਰਤ ਵਿਚ ਨਿਕਲੀ ਅੱਗ ਦੀ ਭੇਂਟ ਚੜ੍ਹ ਗਈ। ''ਮੈਂ ਦੁਖੀ ਤਾਂ ਬਹੁਤ ਹੋਇਆ ਪਰ ਫਿਰ ਮੈਂ ਮਾਛੀਵਾੜੇ ਵੱਲ ਮੂੰਹ ਕੀਤਾ। ਮੈਨੂੰ ਟਿੰਡ ਦਾ ਸਰਹਾਣਾ ਲਏ ਹੋਏ ਚਿਹਰੇ ਦਾ ਨੂਰ ਨਜ਼ਰ ਆਇਆ ਅਤੇ ਮੈਂ ਮੁੜ ਚੜ੍ਹਦੀ ਕਲਾ ਵਿਚ ਹੋਸ ਗਿਆ।'' ਅੱਜ ਉਹ ਮੁੜ ਸਫਲ ਮਨੁੱਖਾਂ ਦੀ ਸੂਚੀ ਵਿਚ ਸ਼ਾਮਲ ਹੈ। ਮੈਂ ਬਹੁਤ ਵਾਰ ਅਜਿਹੇ ਸੁਪਨੇ ਲੈਣ ਦੀ ਗੱਲ ਲਿਖੀ ਹੈ ਜੋ ਮਨੁੱਖ ਨੂੰ ਸੌਣ ਨਹੀਂ ਦਿੰਦੇ। ਜੋ ਮਨੁੱਖ ਸੁਪਨੇ ਨਹੀਂ ਸਿਰਜਦੇ, ਉਦੇਸ਼ ਨਹੀਂ ਮਿੱਥਦੇ, ਆਪਣੀ ਮੰਜ਼ਿਲ ਨਿਰਧਾਰਿਤ ਨਹੀਂ ਕਰਦੇ, ਉਹ ਕਿਤੇ ਵੀ ਨਹੀਂ ਪਹੁੰਚਦੇ।
ਮਨੁੱਖ ਤਮਾਮ ਉਮਰ ਦੌਲਤ, ਸ਼ੋਹਰਤ ਅਤੇ ਸੱਤਾ ਹਾਸਲ ਕਰਨ ਦੀ ਕਾਮਨਾ ਕਰਦਾ ਹੈ ਅਤੇ ਅੱਜ ਇਹ ਹੀ ਸਫਲਤਾ ਦਾ ਮਾਪਦੰਡ ਹੈ। ਉਦੇਸ਼ਹੀਣ ਮਨੁੱਖ ਸਫਲ ਮਨੁੱਖ ਕਦੇ ਵੀ ਨਹੀਂ ਬਣ ਸਕਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਹੀ ਦਿਸ਼ਾ ਵੱਲ ਅੱਗੇ ਵਧਣ ਤਾਂ ਬਚਪਨ ਵਿਚ ਹੀ ਉਹਨਾਂ ਨੂੰ ਆਪਣੀ ਮੰਜ਼ਿਲ ਨਿਰਧਾਰਿਤ ਕਰਨ ਲਈ ਉਤਸ਼ਾਹਿਤ ਕਰੋ। ਬੱਚੇ ਦੀ ਜ਼ਿੰਦਗੀ ਦੇ ਮੁਢਲੇ 10 ਸਾਲ ਹਰ ਕਿਸਮ ਦੀ ਸਿਖਲਾਈ ਦੇ ਵਰ੍ਹੇ ਹਨ। ਬੱਚਾ ਰੁੜਨਾ ਸਿੱਖਦਾ ਹੈ, ਤੁਰਨਾ ਸਿੱਖਦਾ ਹੈ, ਬੋਲਣਾ ਸਿੱਖਦਾ ਹੈ। ਖੇਡ ਖੇਡ ਵਿਚ ਸਰੀਰਕ ਤਾਕਤ ਵਧਾਉਂਦਾ ਹੈ। ਇਨ੍ਹਾਂ ਵਰ੍ਹਿਆਂ ਵਿਚ ਉਸਦੀ ਭਾਸ਼ਾ ਦੇ ਗਿਆਨ ਵਿਚ ਵਾਧਾ ਕਰਨ ਦੀ ਸਮਰੱਥਾ ਹੁੰਦਾ ਹੈ। ਚੰਗਾ ਸੰਚਾਰਕ ਬਣਨ ਲਈ ਉਤਸ਼ਾਹਿਤ ਕਰਨਾ ਬਣਦਾ ਹੈ। ਅੱਜ ਹਰ ਖੇਤਰ ਵਿਚ ਚੰਗਾ ਬੁਲਾਰਾ ਹੋਣਾ ਜ਼ਰੂਰੀ ਹੁੰਦਾ ਹੈ। ਜ਼ਿੰਦਗੀ ਦਾ ਇਹੀ ਵਕਤ ਹੈ ਜਦੋਂ ਉਸਨੂੰ ਭਵਿੱਖ ਲਈ ਛੋਟੇ ਛੋਟੇ ਸੁਪਨੇ ਸਿਰਜਣ ਦੀ ਜਾਚ ਆਉਣੀ ਚਾਹੀਦੀ ਹੈ।
ਇਸ ਉਮਰ ਵਿਚ ਉਸਨੂੰ ਮਾਂ, ਪਿਓ ਅਤੇ ਪੂਰੇ ਪਰਿਵਾਰ ਦੇ ਪਿਆਰ ਅਤੇ ਸਰਪ੍ਰਸਤੀ ਦੀ ਲੋੜ ਹੁੰਦੀ ਹੈ। ਜੋ ਮਾਪੇ ਆਪਣੇ ਬੱਚਿਆਂ ਨੂੰ ਵਕਤ ਨਹੀਂ ਦਿੰਦੇ, ਉਹ ਉਸਦੇ ਭਵਿੱਖ ਨਾਲ ਧਰੋਅ ਕਮਾਉਂਦੇ ਹਨ। ਮਨੁੱਖੀ ਜ਼ਿੰਦਗੀ ਦਾ ਦੂਜਾ ਪੜਾਅ 10 ਤੋਂ 20 ਵਰ੍ਹਿਆਂ ਤੱਕ ਦਾ ਮਿੱਥਿਆ ਜਾ ਸਕਦਾ ਹੈ। ਬੱਚਿਆਂ ਲਈ ਇਹ ਸਮਾਂ ਬਹੁਤ ਅਹਿਮੀਅਤ ਰੱਖਦਾ ਹੈ। ਬੱਚਾ ਬਚਪਨ ਤੋਂ ਕਿਸ਼ੋਰ ਅਵਸਥਾ ਵਿਚ ਪਹੁੰਚਦਾ ਹੈ। ਸਕੂਲਾਂ ਅਤੇ ਕਾਲਜਾਂ ਵਿਚ ਮੁਕਾਬਲਾ ਹ&'39ਸਣਾ ਹੁੰਦਾ ਹੈ। ਦੋਸਤੀ, ਮੋਹ, ਮੁਹੱਬਤ ਦਾ ਸਮਾਂ ਹੁੰਦਾ ਹੈ। ਸਰੀਰ ਵਿਚ ਕਾਮ ਦਾ ਵੇਗ ਵੱਧ ਰਿਹਾ ਹੁੰਦਾ ਹੈ। ਸਰੀਰਕ ਅਤੇ ਜਜ਼ਬਾਤੀ ਤੌਰ 'ਤੇ ਕਈ ਸਮੱਸਿਆਵਾਂ ਨਾਲ ਦੱਸ-ਹੱਥ ਕਰਨ ਦਾ ਸਮਾਂ ਹੁੰਦਾ ਹੈ। ਇਕ ਗਲਤ ਕਦਮ ਬੱਚੇ ਨੂੰ ਡੂੰਘੀ ਖਾਈ ਵਿਚ ਧਕੇਲ ਸਕਦਾ ਹੈ। ਅਜਿਹੇ ਮੌਕੇ ਵੱਡੀਆਂ ਮੰਜ਼ਿਲਾਂ ਸਰ ਕਰਨ ਦੇ ਚਾਹਵਾਨ ਬੱਚੇ ਹਮੇਸ਼ਾ ਸਕਾਰਾਤਮਕ ਸੋਚ ਦੇ ਧਾਰਨੀ ਰਹਿੰਦੇ ਹਨ। ਇਹ ਪੜਾਅ ਉਤੇ ਬੱਚਿਆਂ ਦੀ ਸ਼ਖਸੀਅਤ ਵਿਚ ਸੰਜਮ ਦਾ ਗੁਣ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਸਫਲਤਾ ਦੀ ਰੀਲ ਅਤੇ ਅਸਫਲਤਾ ਦਾ ਸੰਜਮ ਨਾਲ ਮੁਕਾਬਲਾ ਕਰਨਾ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਸਮੇਂ ਦੀ ਸਹੀ ਵਰਤੋਂ ਜੇ ਇਸ ਉਮਰ ਵਿਚ ਆ ਜਾਵੇ ਤਾਂ ਸਾਰੀ ਉਮਰ ਬੰਦਾ ਸਹੀ ਰਾਹ ਤੇ ਤੁਰਨ ਦੇ ਸਮਰੱਥ ਬਣ ਜਾਂਦਾ ਹੈ। ਵਿਰੋਧੀ ਲਿੰਗ ਦਾ ਸਤਿਕਾਰ ਕਰਨਾ ਅਤੇ ਉਹਨਾਂ ਦਾ ਇਕ ਦੂਜੇ ਪ੍ਰਤੀ ਸਕਾਰਾਤਮਕ ਨਜ਼ਰੀਏ ਨਾਲ ਵੇਖਣਾ ਕਿਸੇ ਸ਼ਖਸੀਅਤ ਦਾ ਵੱਡਾ ਗੁਣ ਹੁੰਦਾ ਹੈ। ਸਿਹਤ ਦੇ ਨਜ਼ਰੀਏ ਤੋਂ ਵੀ ਬੱਚਿਆਂ ਨੂੰ ਕੀ ਖਾਣਾ ਚਾਹੀਦਾ ਹੈ ਕਿ ਨਹੀਂ, ਸਮਝਾਉਣਾ ਅਤੀ ਜ਼ਰੂਰੀ ਹੈ। ਅੱਜਕਲ੍ਹ 20 ਤੋਂ 30 ਤੱਕ ਉਮਰ ਵਿਚ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਲੈਣ ਦਾ ਵਕਤ ਹੁੰਦਾ ਹੈ। ਸੁਪਨੇ ਨੂੰ ਹਕੀਕਤ ਵਿਚ ਬਦਲਦੇ ਵੇਖਣ ਦਾ ਇਹੀ ਪੜਾਅ ਹੁੰਦਾ ਹੈ। ਵਿਆਹ ਅਤੇ ਪਰਿਵਾਰ ਦੂਜਾ ਵੱਡਾ ਫੈਸਲਾ ਵੀ ਉਮਰ ਦੇ ਇਸ ਪੜਾਅ ਵਿਚ ਲਿਆ ਜਾਂਦਾ ਹੈ। ਕਈ ਵਾਰ ਇਸ ਪੜਾਅ ਤੇ ਪਹੁੰਚ ਕੇ ਮੰਜ਼ਿਲ ਅਜੇ ਦੂਰ ਨਜ਼ਰ ਆਉਣ ਕਾਰਨ ਬੰਦਾ ਨਿਰਾਸ਼ ਹੋ ਜਾਂਦਾ ਹੈ।
ਦੌਲਤ ਹਾਸਲ ਕਰਨ ਲਈ ਛੋਟੇ, ਤੇਜ਼ ਅਤੇ ਗਲਤ ਰਾਹ ਚੁਣਨ ਦਾ ਅੰਦੇਸ਼ਾ ਵੀ ਇਸੇ ਉਮਰ ਦੇ ਇਸ ਪੜਾਅ ਵਿਚ ਜ਼ਿਆਦਾ ਹੁੰਦਾ ਹੈ। ਇੱਥੇ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਸਫਲਤਾ ਮੀਲਾਂ ਵਿਚ ਨਹੀਂ ਬਲਕਿ ਇੰਚਾਂ ਵਿਚ ਹਾਸਲ ਹੁੰਦੀ ਹੈ। ਕਰਮ ਕਰਨ ਸਿਰਫ ਕਰਮ ਕਰਨਾ ਅਤੇ ਸੰਜਮ ਨਾਲ ਕਰਮ ਕਰਨਾ ਮਨੁੱਖ ਦਾ ਕਰਮ ਹੋਣਾ ਚਾਹੀਦਾ ਹੈ। ਅਸਫਲਤਾਵਾਂ ਨੂੰ ਸਫਲਤਾ ਦੀ ਪਾਉੜੀ ਸਮਝ ਕੇ ਯਤਨ ਜਾਰੀ ਰੱਖਣਾ ਜ਼ਰੂਰੀ ਹੁੰਦਾ ਹੈ। ਆਪਣੇ ਮਿੱਥੇ ਉਦੇ ਵੱਲ ਯੋਸਜਨਾਬੱਧ ਤਰੀਕੇ ਨਾਲ ਚੱਲਣ ਵਾਲੇ ਆਪਣੀ ਮੰਜ਼ਿਲ 'ਤੇ ਪਹੁੰਚ ਹੀ ਜਾਂਦੇ ਹਨ। ਮਿਹਨਤ ਅਤੇ ਸਖਤ ਮਿਹਨਤ ਦਾ ਕੋਈ ਸਾਨੀ ਨਹੀਂ। ਨਿੱਕੀ ਕੀੜੀ ਜਦ ਦਾਣਾ ਲੈ ਕੇ ਤੁਰਦੀ ਹੈ ਕੰਧ 'ਤੇ ਚੜ੍ਹਦੀ ਸੌ ਵਾਰ ਡਿਗਦੀ ਹੈ ਮਨ ਦਾ ਵਿਸ਼ਵਾਸ ਰਗਾਂ 'ਚ ਸਾਹਸ ਭਰਦਾ ਹੈ ਚੜ੍ਹ ਦੇ ਡਿੱਗਣਾ, ਡਿੱਗ ਕੇ ਚੜ੍ਹਨਾ ਨਾ ਅੱਖਰਦਾ ਹੈ ਆਖਰ ਉਹਦੀ ਮਿਹਨਤ ਬੇਕਾਰ ਨਹੀਂ ਹੁੰਦੀ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ।
ਜ਼ਿੰਦਗੀ ਵਿਚ ਸਫਲਤਾ ਲਈ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਹਰ ਰੋਜ਼ ਸੌਣ ਤੋਂ ਪਹਿਲਾਂ ਹਿਸਾਬ ਕਰ&'39ਸ ਕਿ ਦਿਨ ਵਿਚ ਤੁਸੀਂ ਆਪਣੀ ਮੰਜ਼ਿੰਲ ਦੀ ਤਰਫ ਕਿੰਨੇ ਕਦਮ ਚੱਲੇ ਹੋ। ਕਿੰਨਾ ਸਮਾਂ ਵਿਹਲੀਆਂ ਗੱਲਾਂ ਵਿਚ ਬਰਬਾਦ ਕੀਤਾ ਹੈ। ਗੈਰ-ਹਾਜ਼ਰ ਲੋਕਾਂ ਦੀਆਂ ਚੁਗਲੀਆਂ ਵਿਚ ਕਿੰਨੀ ਕੁ ਦਿਲਚਸਪੀ ਲਈ ਹੈ। ਬਹਿਸ ਅਤੇ ਵਿਵਾਦ ਵਿਚ ਤਾਂ ਵਕਤ ਬਰਬਾਦ ਨਹੀਂ ਕੀਤਾ। ਆਪਣੇ ਬਦਾਂ ਦੇ ਤੀਰਾਂ ਨਾਲ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ। ਕਿਸੇ ਦੋਸਤ ਨੂੰ ਦੁਸ਼ਮਣ ਤਾਂ ਨਹੀਂ ਬਣਾਇਆ। ਸਵੇਰੇ ਉਠਣ ਸਾਰ ਸਭ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਓ। ਆਪਣੇ ਉਦੇਸ਼, ਆਪਣੇ ਸੁਪਨੇ ਅਤੇ ਆਪਣੀ ਮੰਜ਼ਿਲ ਦੀ ਤਸਵੀਰ ਆਪਣੇ ਮਨ ਵਿਚ ਵੇਖੋ। ਵਾਰ ਵਾਰ ਵੇਖੋ। ਇਸ ਤਰ੍ਹਾਂ ਤੁਸੀਂ ਖਿੱਚ ਦੇ ਸਿਧਾਂਤ ਦਾ ਇਸਤੇਮਾਲ ਕਰ ਰਹੇ ਹੋਵੋਗੇ ਅਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕੁਦਰਤ ਦਾ ਸਾਥ ਲੈ ਰਹੇ ਹੋਵੋਗੇ। ਇਸ ਤੋਂ ਬਾਅਦ ਦਿਨ ਦੀ ਯੋਜਨਾ ਬਣਾਓ। ਹਰ ਰੋਜ਼ ਲਈ ਸਭ ਤੋਂ ਮਹੱਤਵਪੂਰਨ ਕੰਮ ਦੀ ਚੌਣ ਕਰੋ ਅਤੇ ਉਸਨੂੰ ਪੂਰਾ ਕਰੋ। ਆਪਣੇ ਹਰ ਪਲ, ਹਰ ਮਿੰਟ, ਹਰ ਘੰਟੈ ਦਾ ਹਿਸਾਬ ਰੱਖੋ। ਸਾਡੀ ਕਮੀ ਟਾਈਮ ਮੈਨੇਜਮੈਂਟ ਦੀ ਕਮੀ ਵਿਚ ਹੁੰਦੀ ਹੈ। ਆਪਣੀ ਸ਼ਖਸੀਅਤ ਦੇ ਕਮਜ਼ੋਰ ਪੱਖਾਂ ਦੀ ਨਿਸ਼ਾਨਦੇਹੀ ਕਰਕੇ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਸਬੰਧੀ ਵਿਉਂਤਬੰਦੀ ਕਰਨੀ ਚਾਹੀਦੀ ਹੈ।
ਜ਼ਿੰਦਗੀ ਦੇ ਇਸ ਪੜਾਅ ਤੇ ਹੇਠ ਲਿਖੇ ਸਵਾਲਾਂ ਵੱਲ ਜ਼ਰੂਰ ਧਿਆਨ ਦਿਓ:
1. ਤੁਸੀਂ ਕਿੰਨਾ ਕੁ ਬੋਲਦੇ ਹੋ ਬਿਨਾਂ ਮਤਲਬ ਤੋਂ
ਬੋਲਣ ਦੀ ਆਦਤ ਤਾਂ ਨਹੀਂ ਬੱਸ ਘੱਟ ਤਾਂ ਨਹੀਂ ਬੋਲਦੇ
ਝੂਠ ਤਾਂ ਨਹੀਂ ਬੋਲਦੇ ਬੱਸ ਗੱਪ ਤਾਂ ਨਹੀਂ ਮਾਰਦੇ
ਜ਼ਿਆਦਾ ਉਚਾ ਜਾਂ ਜ਼ਿਆਦਾ ਹੌਲੀ ਤਾਂ ਨਹੀਂ ਬੋਲਦੇ।
ਕੀ ਤੁਸੀਂ ਚੰਗੇ ਸਰੋਤੇ ਹੋ ਜਾਂ ਨਹੀਂ।
2. ਕੀ ਤੁਸੀਂ ਲੋੜ ਤੋਂ ਵੱਧ ਤਾਂ ਨਹੀਂ ਖਾਂਦੇ
ਕੀ ਤੁਸੀਂ ਤੇਜੀ ਨਾਲ ਤਾਂ ਨਹੀਂ ਖਾਂਦੇ
ਕੀ ਤੁਸੀਂ ਕਾਫੀ ਮਾਤਰਾ ਵਿਚ ਪਾਣੀ ਪੀਂਦੇ ਹੋ
3. ਕੀ ਤੁਸੀਂ ਕਸਰਤ ਕਰਦੇ ਹੋ ਸੈਰ ਕਰਦੇ ਹੋ
ਮਨੋਰੰਜਨ ਲਈ ਕਿੰਨਾ ਕੁ ਵਕਤ ਦਿੰਦੇ ਹੋ
ਟੀ. ਵੀ. 'ਤੇ ਸਿਰਫ ਮਨੋਰੰਜਨ ਲਈ ਪ੍ਰੋਗਰਾਮ ਵੇਖਦੇ ਹੋ
ਜਾਂ ਖ਼ਬਰਾਂ ਅਤੇ ਹੋਰ ਜਾਣਕਾਰੀ ਦੇ ਪ੍ਰੋਗਰਾਮ ਵੀ ਵੇਖਦੇ
ਹੋ।
ਕੀ ਤੁਸੀਂ ਪਰਿਵਾਰ ਨਾਂਲ ਵਕਤ ਬਿਤਾਉਂਦੇ ਹੋ
4. ਕੀ ਤੁਸੀਂ ਪੈਸੇ ਦਾ ਹਿਸਾਬ ਰੱਖਦੇ ਹੋ।
ਕੀ ਤੁਸੀਂ ਉਧਾਰ ਪੈਸਾ ਤਾਂ ਨਹੀਂ ਮੰਗਦੇ ਜੇ ਲਿਆ ਹੈ
ਤਾਂ ਵਕਤ ਸਿਰ ਵਾਪਸ ਕਰਦੇ ਹੋ
ਕੀ ਤੁਸੀਂ ਕੰਜੂਸ ਹੋ
ਇਸ ਤਰਾਂ ਦੇ ਕਿੰਨੇ ਸਵਾਲ ਹਨ, ਜਿਹਨਾਂ ਬਾਰੇ ਆਪਣੇ ਆਪ ਨੂੰ ਸਵਾਲ ਕੀਤੇ ਜਾ ਸਕਦੇ ਹਨ ਅਤੇ ਜੇ ਕਿਤੇ ਕੋਈ ਗਲਤੀ ਜਾਂ ਕਮੀ ਪਾਈ ਜਾਂਦੀ ਹੈ ਤਾਂ ਉਸਨੂੰ ਦੂਰ ਕਰਕੇ ਸਫਲਤਾ ਦੇ ਮਾਰਗ 'ਤੇ ਅੱਗੇ ਵਧਿਆ ਜਾ ਸਕਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਸਿੱਖਣ ਲਈ ਜੀਓ, ਤੁਸੀਂ ਜਿਊਣਾ ਸਿੱਖ ਜਾਵੋਗੇ। ਏਕ ਪੱਥਰ ਤੋ ਉਛਾਲੋ ਤਬੀਅਤ ਸੇ ਯਾਰੋ ਹਸਨ ਇਕ ਵੱਡਾ ਸੂਫੀ ਫਕੀਰ ਹੋਇਆ ਹੈ। ਜਦੋਂ ਉਸਨੇ ਖੁਦਾ ਨੂੰ ਪਾ ਲਿਆ ਤਾਂ ਉਸਨੇ ਇਕ ਹੋਰ ਨੂੰ ਯਾਦ ਕੀਤਾ ਅਤੇ ਮਨ ਹੀ ਮਨ ਉਸਨੂੰ ਸਿਜਦਾ ਕੀਤਾ। ''ਆਪਣੇ ਗੁਰੂ ਨੂੰ'' ਹਸਨ ਦਾ ਜਵਾਬ ਸੀ ''ਤੁਹਾਡਾ ਗੁਰੂ ਕੌਣ ਹੈ'' ਚੇਲਿਆਂ ਦਾ ਸਵਾਲ ਸੀ। ''ਇਕ ਚੋਰ'' ਹਸਨ ਨੇ ਕਿਹਾ। ਹਸਨ ਫਕੀਰ ਦੇ ਚੇਲਿਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਰਹਿ ਗਏ। ਇਕ ਇੱਡੇ ਵੱਡੇ ਸੂਫੀ ਫਕੀਰ ਦਾ ਗੁਰੂ ਭਲਾ ਇਕ ਚੋਰ ਕਿਵੇਂ ਹੋਸ ਸਕਦਾ ਹੈ। ਚੇਲਿਆਂ ਦੀ ਹੈਰਾਨੀ ਦੂਰ ਕਰਨ ਲਈ ਹਸਨ ਫਕੀਰ ਆਪ ਬੀਤੀ ਸੁਣਾਉਣ ਲੱਗੇ।
''ਇਕ ਰਾਤ ਮੈਂ ਇਕ ਸ਼ਹਿਰ ਦੇ ਗੈਸਟ ਹਾਊਸ ਵਿਚ ਰਾਤ ਕੱਟਣ ਲਈ ਗਿਆ ਤਾਂ ਗੈਸਟ ਹਾਊਸ ਦੇ ਮਾਲਕ ਨੇ ਕਿਹਾ ਕਿ ਕਿਸੇ ਜਾਣ ਪਛਾਣ ਵਾਲੇ ਬੰਦੇ ਦੀ ਗਵਾਹੀ ਪਵਾਓ। ਇਹ ਗੈਸਟ ਹਾਊਸ ਦਾ ਨਿਯਮ ਸੀ ਕਿ ਉਸ ਵਿਚ ਰਹਿਣ ਵਾਲੇ ਮਹਿਮਾਨ ਨੂੰ ਕਿਸੇ ਲੋਕਲ ਬੰਦੇ ਦੀ ਗਵਾਹੀ ਪਵਾਉਣੀ ਪੈਂਦੀ ਸੀ। ਮੈਨੂੰ ਉਸ ਸ਼ਹਿਰ ਵਿਚ ਕੋਈ ਜਾਣਦਾ ਨਹੀਂ ਸੀ। ਰਾਤ ਦਾ ਵਕਤ ਸੀ, ਮੈਂ ਦੂਰੋਂ ਤੁਰੇ ਆ ਰਹੇ ਬੰਦੇ ਨੂੰਰੋਕਿਆ ਅਤੇ ਕਿਹਾ ਕਿ ਜੇ ਤੁਸੀਂ ਮੇਰੀ ਗਵਾਹੀ ਪਾ ਦੇਵੇ ਤਾਂ ਮੈਨੂੰ ਇਥੇ ਕਮਰਾ ਮਿਲ ਜਾਵੇਗਾ ਅਤੇ ਮੈਂ ਠੰਡ ਵਿਚ ਰਾਤ ਗੁਜ਼ਾਰ ਸਕਾਂਗਾ। '' ਸੱਚ ਗੱਲ ਤਾਂ ਇਹ ਹੈ ਕਿ ਮੈਂ ਇਕ ਚੋਰ ਹਾਂ। ਮੇਰੀ ਗਵਾਹੀ ਇਹ ਗੈਸਟ ਹਾਊਸ ਵਾਲੇ ਨਹੀਂ ਮੰਨਣਗੇ। ਹਾਂ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਮੇਰੇ ਘਰ ਰਹਿ ਜਾਓ। ਮੈਂ ਤਾਂ ਰਾਤ ਆਪਣੇ ਕੰਮ (ਚੋਰੀ) 'ਤੇ ਨਿਕਲ ਜਾਂਦਾ ਹਾਂ। ਤੁਸੀਂ ਮੇਰੇ ਘਰ ਠਹਿਰ ਜਾਓ'' ਚੋਰ ਨੇ ਬੜੇ ਆਰਾਮ ਨਾਲ ਮੈਨੂੰ ਆਪਣੀ ਗੱਲ ਕਹਿ ਸੁਣਾਈ।
ਮੈਂ ਥੋੜ੍ਹੀ ਝਿਜਕ ਤੋਂ ਬਾਅਦ ਉਸਦੇ ਘਰ ਜਾ ਟਿਕਿਆ। ਜਦੋਂ ਸਵੇਰੇ ਚੋਰ ਆਇਆ ਤਾਂ ਮੈਂ ਉਸਨੂੰ ਪੁੱਛਿਆ ''ਕੁਝ ਹੱਥ ਲੱਗਾ ਰਾਤੀਂ'' ''ਨਹੀਂ, ਕੋਈ ਗੱਲ ਨਹੀਂ, ਕੱਲ੍ਹ ਵੇਖਾਂਗੇ'' ਚੋਰ ਨੇ ਹੱਸਦੇ ਹੋਏ ਕਿਹਾ। ਮੈਂ ਉਥੇ ਇਕ ਮਹੀਨਾ ਰਿਹਾ ਅਤੇ ਇਕ ਮਹੀਨੇ ਵਿਚ ਚੋਰ ਹਰ ਰੋਜ਼ ਚੋਰੀ ਕਰਨ ਜਾਂਦਾ ਅਤੇ ਅਸਫਲ ਖਾਲੀ ਹੱਥ ਵਾਪਸ ਆਉਂਦਾ ਪਰ ਉਹ ਹਮੇਸ਼ਾ ਮੇਰੇ ਸਵਾਲ ਦਾ ਹੱਸ ਕੇ ਜਵਾਬ ਦਿੰਦਾ ਅਤੇ ਕਹਿੰਦਾ ''ਕੋਈ ਗੱਲ ਨਹੀਂ, ਕੱਲ੍ਹ ਫਿਰ ਕੋਸ਼ਿਸ਼ ਕਰਾਂਗਾ।'' ਮੈਂ ਉਸਦੀ ਇਸ ਭਾਵਨਾ ਦਾ ਕਾਇਲ ਹੋ ਗਿਆ ਕਿ ਇਹ ਚੋਰ ਆਪਣੀ ਰੋਜ਼ ਦੀ ਅਸਫਲਤਾ ਤੋਂ ਨਿਰਾਸ਼ ਨਹੀਂ, ਜਿਸਨੇ ਸਿਰਫ ਦੁਨਿਆਵੀ ਚੀਜ਼ਾਂ ਦੀ ਚੋਰੀ ਕਰਨੀ ਹੈ। ਮੈਂ ਜਿਸਨੇ ਦੁਨੀਆਂ ਦੇ ਸਭ ਤੋਂ ਕੀਮਤੀ ਖਜ਼ਾਨੇ ਜਿੰਨੀ ਖੁਦਾ ਨੂੰ ਪਾਉਣ 'ਤੇ ਅੱਖ ਰੱਖੀ ਹੋਈ ਹੈ। ਜ਼ਿੰਦਗੀ ਵਿਚ ਕਿੰਨੀ ਵਾਰ ਦੁਬਿਧਾ ਅਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹਾਂ। ਪਤਾ ਨਹੀਂ ਖੁਦਾ ਹੈ ਵੀ ਜਾਂ ਨਹੀਂ। ਪਤਾ ਨਹੀਂ ਮਿਲੇਗਾ ਜਾਂ ਨਹੀਂ। ਮੈਂ ਜਦੋਂ ਇਸ ਚੋਰ ਦੀ ਭਾਵਨਾ ਅਤੇ ਨਿਸਚੇ ਨੂੰ ਵੇਖਿਆ ਤਾਂ ਮੇਰਾ ਖੁਦਾ ਨੂੰ ਪਾਉਣ ਦਾ ਨਿਸ਼ਚਾ ਦ੍ਰਿੜ੍ਹ ਹੋਇਆ ਅਤੇ ਅੰਤ ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋ ਹੀ ਗਿਆ ਅਤੇ ਮੇਰੀ ਇਸ ਕਾਮਯਾਬੀ ਵਿਚ ਉਸ ਚੋਰ ਦਾ ਵੱਡਾ ਹੱਥ ਹੈ, ਇਸੇ ਕਰਕੇ ਮੈਂ ਉਸਨੂੰ ਆਪਣਾ ਗੁਰੂ ਕਿਹਾ ਹੈ।''
ਹਸਨ ਸੂਫੀ ਦੀ ਉਕਤ ਕਥਾ ਮਨੁੱਖ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਦੱਸਦੀ ਹੈ ਅਤੇ ਉਹ ਰਸਤਾ ਹੈ ਦ੍ਰਿੜ੍ਹ ਨਿਸਚਾ, ਦ੍ਰਿੜ੍ਹ ਇਰਾਦਾ। ਕੈਲਾਵਿਨ ਕੁਲੇਜ਼ ਕਹਿੰਦਾ ਹੈ ਕਿ ਦ੍ਰਿੜ੍ਹਤਾ ਦੀ ਸ਼ਕਤੀ ਦੀ ਥਾਂ ਕੋਈ ਨਹੀਂ ਲੈ ਸਕਦਾ। ਕਲਾਤਮਕ ਗੁਣ ਵੀ ਨਹੀਂ। ਕਲਾਤਮਕ ਗੁਣਾਂ ਨਾਲ ਭਰਪੂਰ ਵਿਅਕਤੀ ਵੀ ਅਸਫਲ ਹੁੰਦੇ ਹਨ। ਪ੍ਰਤਿਭਾਵਾਨ ਲੋਕ ਵੀ ਅਸਫਲ ਹੋ ਸਕਦੇ ਹਨ। ਇਕੱਲੀ ਸਿੱਖਿਆ ਵੀ ਲੋਕਾਂ ਨੂੰ ਸਫਲ ਨਹੀਂ ਬਣਾ ਸਕਦੀ। ਸਫਲਤਾ ਦੀ ਕੂੰਜੀ ਹੈ ਦ੍ਰਿੜ੍ਹ ਇਰਾਦਾ। ਸਿਰਫ ਦ੍ਰਿੜ੍ਹ ਨਿਸਚੇ ਵਾਲੇ ਲੋਕ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ। ਦ੍ਰਿੜ੍ਹ ਇਰਾਦੇ ਅਤੇ ਠੋਸ ਸੰਕਲਪ ਵਾਲੇ ਲੋਕ ਹਰ ਅਸੰਭਵ ਕੰਮ ਨੂੰ ਸੰਭਵ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਹਰ ਛੋਟੇ ਵੱਡੇ ਉਦੇਸ਼ ਨੂੰ ਪੂਰਾ ਕਰਨ ਲਈ ਠੋਸ ਸੰਕਲਪ, ਤੀਬਰ ਇੱਛਾ ਅਤੇ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੁੰਦੀ ਹੈ।
ਇਕ ਸਾਲ ਪਹਿਲਾਂ ਦੀ ਗੱਲ ਹੈ ਕਿ ਇਕ ਸਕੂਲ, ਜਿਸ ਵਿਚ ਪੰਜ ਬੱਚਿਆਂ ਨੇ ਇਕੋ ਦਿਨ ਦਾਖਲਾ ਲਿਆ ਹੈ। ਪੰਜੇ ਬੱਚੇ 120 ਕਿਲੋ ਤੋਂ ਉਪਰ ਦੇ ਭਾਰਦੇ ਸਨ। ਸਾਰੇ ਆਪਣਾ ਭਾਰ ਘਟਾਉਣਾ ਚਾਹੁੰਦੇ ਸਨ। ਅੱਠ ਮਹੀਨੇ ਬਾਅਦ ਮੈਂ ਟਰੇਨਰ ਨੂੰ ਪੁੱਛਣ ਗਿਆ ਕਿ ਉਹਨਾਂ ਬੱਚਿਆਂ ਵਿਚੋਂ ਕਿੰਨਿਆਂ ਕੁ ਬੱਚਿਆਂ ਨੇ ਆਪਣਾ ਭਾਰ ਘਟਾਇਆ ਹੈ ਅਤੇ ਕਿੰਨਾ। ਮੈਨੂੰ ਦੱਸਿਆ ਗਿਆ ਕਿ ਸਿਰਫ ਇਕੋ ਬੱਚੇ ਨੇ 30 ਕਿਲੋ ਵਜਨ ਘੱਟ ਕੀਤਾ ਹੈ। ਇੱਥੇ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਇਕੋ ਟਰੇਨਰ ਇਕੋ ਜਿਹੀਆਂ ਮਸ਼ੀਨਾਂ ਹੋਣ ਦੇ ਬਾਵਜੂਦ ਸਿਰਫ ਇਕੋ ਬੱਚਾ ਹੀ ਕਿਉਂ ਆਪਣੇ ਮਕਸਦ ਵਿਚ ਕਾਮਯਾਬ ਹੋਇਆ। ਜਵਾਬ ਸਪਸ਼ਟ ਹੈ ਕਿ ਉਸ ਕੋਲ ਠੋਸ ਸੰਕਲਪ ਅਤੇ ਦ੍ਰਿੜ੍ਹ ਨਿਸ਼ਚਾ ਸੀ। ਇਸ ਸੰਸਾਰ ਵਿਚ ਬਿਨਾਂ ਇੱਛਾ ਸ਼ਕਤੀ ਦੇ ਕੋਈ ਵੀ ਕੰਮ ਸਫਲਤਾ ਨਾਲ ਨੇਪਰੇ ਨਹੀਂ ਚਾੜਿਆ ਜਾ ਸਕਦਾ। ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਤੁਸੀਂ ਜੋ ਚਾਹੁੰਦੇ ਹੋ, ਉਹ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਰੱਬ ਨੂੰ ਚਾਹੁੰਦਾ ਹੈ ਉਸਨੂੰ ਰੱਬ ਮਿਲ ਜਾਂਦਾ ਹੈ। ਜੋ ਦੌਲਤ ਅਤੇ ਤਾਕਤ ਚਾਹੁੰਦਾ ਹੈ, ਉਸਨੁੰ ਇਹ ਮਿਲ ਜਾਂਦੇ ਹਨ।
ਸ਼ੈਕਸਪੀਅਰ ਕਹਿੰਦਾ ਹੈ ਕਿ ਇੱਛਾ ਸ਼ਕਤੀ ਘੋੜਾ ਬਣ ਜਾਂਦੀ ਹੈ ਤਾਂ ਮਨੁੱਖ ਘੋੜ ਸਵਾਰ। ਵੱਡੇ ਅਤੇ ਮਹਾਨ ਕੰਮਾਂ ਨੂੰ ਕਰਨ ਲਈ ਇੱਛਾ ਸ਼ਕਤੀ ਦੇ ਘੋੜੇ 'ਤੇ ਸਵਾਰ ਹੋਣਾ ਲਾਜ਼ਮੀ ਹੁੰਦਾ ਹੈ। 27 ਅਗਸਤ 1931 ਵਿਚ ਪੂਰਬੀ ਬੰਗਾਲ ਵਿਚ ਪੈਦਾ ਹੋਏ ਚਿਨਮਨ ਕੁਮਾਰ ਘੋਸ਼ ਨੇ 73 ਸਾਲ ਦੀ ਉਮਰ ਵਿਚ ਹੈਲੀਕਾਪਟਰ, ਇਕ ਹਲਕਾ ਜਹਾਜ਼, ਇਕ ਹਾਥੀ, ਇਕ ਕਾਰ ਅਤੇ ਇਕ ਊਠ ਆਦਿ ਕਿੰਨਾ ਹੀ ਕੁਝ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲੰਮੀ ਛਾਲ ਵਿਚ ਸੰਨ 2004 ਦਾ ਰੂਸੀ ਉਲੰਪਿਕ ਗੋਲਡ ਮੈਡਲ ਵਿਜੇਤਾ ਟਟਿਆਨਾ ਲੈਬੇਦੇਵਾ ਨੇ ਹੈਰਾਨ ਹੋ ਕੇ ਕਿਹਾ ''ਕਿੰਨੀ ਇਕਾਗਰਤਾ ਦਿਖਾਈ ਹੈ ਸ੍ਰੀ ਚਿਨਮਨ ਨੇ। ਉਹ ਮੇਰੇ ਪ੍ਰੇਰਣਾ ਸਰੋਤ ਨੇ ਅਤੇ ਮੈਂ ਮਹਿਸੂਸ ਕੀਤਾ ਹੈ ਕਿ ਸੱਚਮੁਚ ਉਮਰ ਕਿਤੇ ਕੋਈ ਅੜਿੱਕਾ ਨਹੀਂ ਬਣਦੀ। ਇਹੋ ਕਾਰਨ ਹੈ ਕਿ ਮੈਂ ਆਪਣਾ ਉਲੰਪਿਕ ਲਾਂਗ ਜੰਪ ਸ੍ਰੀ ਓਨਮਨ ਨੂੰ ਸਮਰਪਿਤ ਕਰ ਦਿੱਤਾ ਹੈ। ਜਦੋਂ ਸ੍ਰੀ ਚਿਮਨਮਨ ਨੂੰ ਇਸ ਉਮਰ ਵਿਚ ਸਫਲਤਾ ਦਾ ਰਾਜ਼ ਪੁੱਛਿਆ ਤਾਂ ਉਹਨਾਂ ਕਿਹਾ ਕਿ ਦ੍ਰਿੜ੍ਹ ਸੰਕਲਪ, ਇਕਾਗਰਤਾ ਅਤੇ ਅਭਿਆਸ। ਸੋ ਦ੍ਰਿੜ੍ਹ ਸੰਕਲਪ ਅਤੇ ਦ੍ਰਿੜ੍ਹ ਇਰਾਦੇ ਅਸੰਭਵ ਕੰਮਾਂ ਨੂੰ ਸੰਭਵ ਬਣਾ ਸਕਦੇ ਹਨ। ਛੋਟੇ ਛੋਟੇ ਉਦੇਸ਼ ਮਿੱਥ ਕੇ ਅਤੇ ਉਹਨਾਂ ਨੂੰ ਪੂਰਾ ਕਰਕੇ ਕੀਤੇ ਅਭਿਆਸ ਮਨੁੱਖ ਵਿਚ ਜਿੱਥੇ ਆਤਮ ਵਿਸ਼ਵਾਸ ਭਰਦੇ ਹਨ, ਉਥੇ ਉਸਨੂੰ ਵੱਡੇ ਸੰਕਲਪ ਧਾਰਨ ਲਈ ਪ੍ਰੇਰਿਤ ਕਰਦੇ ਹਨ।
ਜੇ ਤੁਸੀਂ ਚਾਹੁੰਦੇ ਹੋ ਕਿ ਸੁਹਾਵਣੇ ਮੌਸਮਾਂ ਦੀ ਸੁਰਮਈ ਦਸਤਕ ਤੁਹਾਡੇ ਦਰਾਂ 'ਤੇ ਸੁਣਾਈ ਦੇਵੇ ਤਾਂ ਦ੍ਰਿੜ੍ਹ ਇਰਾਦੇ ਦੀ ਕਲਮ ਫੜ੍ਹ ਕੇ ਨ ਦੀ ਜਿੱਤ ਦੀ ਇਬਾਰਤ ਲਿਖਣ ਦਾ ਹੌਂਸਲਾ ਕਰੋ। ਨਾਕਾਮੀਆਂ ਅਤੇ ਪ੍ਰੇਸ਼ਾਨੀਆਂ ਦਾ ਬੁਲੰਦ ਹੋਂਸਲੇ ਨਾਲ ਮੁਕਾਬਲਾ ਕਰਨ ਵਾਲੇ ਹੀ ਅੰਤ ਵਿਚ ਜਿੱਤ ਦੇ ਝੰਡੇ ਗੱਡਣ ਦਾ ਮਾਣ ਹਾਸਲ ਕਰ ਸਕਦੇ ਹਨ।ਜ਼ਿੰਦਗੀ ਦੇ ਸੰਗੀਤ ਦਾ ਆਨੰਦ ਮਾਣ ਸਕਦੇ ਹਨ। ਦ੍ਰਿੜ੍ਹ ਇਰਾਦੇ ਨੂੰ ਮਨ ਵਿਚ ਵਸਾ ਕੇ ਮੰਜ਼ਿਲ ਦੀ ਤਰਫ ਵੱਧ ਰਹੇ ਕਦਮ ਸੁਰਜੀਤ ਪਾਤਰ ਦੇ ਇਹ ਸ਼ੇਅਰ ਨੂੰ ਗੁਣਗੁਣਾਉਂਦੇ ਨਜ਼ਰੀ ਪੈਂਦੇ ਹਨ:
ਜੇ ਆਈ ਏ ਪਤਝੜ ਤਾਂ ਫਿਰ ਕੀ ਏ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਣਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਫੁੱਲਾਂ ਜੋਗੀ ਜ਼ਮੀਨ ਤਿਆਰ ਰੱਖਣ ਵਾਲੇ ਲੋਕੀ ਸਕਾਰਾਤਮਕ ਸੋਚ ਦੇ ਧਾਰਨੀ ਹੁੰਦੇ ਹਨ। ਅਜਿਹੇ ਲੋਕੀ ਵਕਤ ਦੇ ਸਫੇ 'ਤੇ ਸੁਨਹਿਰੀ ਅੱਖਰਾਂ ਨਾਲ ਆਪਣਾ ਨਾਮ ਉਕਰਨ ਦੇ ਯੋਗ ਬਣਦੇ ਹਨ। ਅਜਿਹੇ ਸ਼ਖਸ ਹੋਰਨਾਂ ਨਾਲੋਂ ਤੇਜ ਸੋਚਦੇ ਹਨ ਅਤੇ ਦੂਸਰਿਆਂ ਨਾਲੋਂ ਪਹਿਲਾਂ ਸੋਚਦੇ ਹਨ। ਉਚੇ ਅਤੇ ਵੱਡੇ ਸੁਪਨਿਆਂ ਉਪਰ ਕਿਸੇ ਇਕ ਦਾ ਅਧਿਕਾਰ ਨਹੀਂ ਹੁੰਦਾ। ਧੀਰੂ ਭਾਈ ਅੰਬਾਨੀ ਵਰਗੇ ਮਨੁੱਖਾਂ ਇਸ ਗੱਲ ਦੀ ਸਮਝ ਸੀ। ਜਦੋਂ ਉਹ ਸੈਲ ਕੰਪਨੀ ਦੇ ਪੈਟਰੋਲ ਪੰਪ ਉਪਰ ਪੈਟਰੋਨ ਭਰਨ ਦਾ ਕੰਮ ਕਰ ਰਿਹਾ ਸੀ, ਉਸ ਸਮੇਂ ਉਸਨੇ ਆਪਣੀ ਪੈਟਰੋਲ ਕੰਪਨੀ ਬਣਾਉਣ ਦਾ ਸੁਪਨਾ ਵੇਖਿਆ ਸੀ। 1959 ਵਿਚ ਸਿਰਫ 15 ਹਜ਼ਾਰ ਰੁਪਏ ਦੀ ਪੂੰਜੀ ਨਾਲ ਇਕ ਗਰੀਬ ਸਕੂਲ ਅਧਿਆਪਕ ਦੇ ਪੁੱਤਰ ਧੀਰੂ ਭਾਈ ਨੇ ਆਪਣਾ ਬਿਜਨਸ ਸ਼ੁਰੂ ਕੀਤਾ ਸੀ ਅਤੇ 2002 ਵਿਚ ਉਸਦੀ ਮੌਤ ਸਮੇਂ ਉਸਦੇ ਰਿਲਾਇੰਸ ਗਰੁੱਪ ਦੀ ਕੁੱਲ ਸੰਪਤੀ 60 ਹਜ਼ਾਰ ਕਰੋੜ ਦੀ ਸੀ। ਉਸਨੇ ਜੋ ਸੁਪਨਾ ਵੇਖਿਆ ਸੀ, ਉਸਨੂੰ ਸੱਚ ਕਰ ਦਿਖਾਇਆ। ਧੀਰੂ ਭਾਈ ਅੰਬਾਨੀ ਦੀ ਜ਼ਿੰਦਗੀ ਇਸ ਗੱਲ ਦੀ ਗਵਾਹ ਹੈ ਕਿ ਵੱਡੀ ਸਫਲਤਾ ਪ੍ਰਾਪਤ ਕਰਨ ਲਈ ਵੱਡੇ ਸੁਪਨੇ ਵੇਖਣੇ ਜ਼ਰੂਰੀ ਹਨ ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਅਤੇ ਇੱਛਾ ਸ਼ਕਤੀ ਨਾਲ ਮਿਹਨਤ ਕਰਨੀ ਜ਼ ਰੂਰੀ ਹੈ।
ਦ੍ਰਿੜ੍ਹ ਇਰਾਦਾ, ਠੋਸ ਸੰਕਲਪ ਅਤੇ ਇੱਛਾ ਸ਼ਕਤੀ ਮਨੁੱਖ ਨੂੰ ਉਸਦੀ ਮੰਜ਼ਿਲ ਵੱਲ ਨਿਸਚਿਤ ਤੋਰ 'ਤੇ ਪਹੁੰਚਾਣ ਵਿਚ ਮਦਦ ਕਰਦੇ ਹਨ। ਜ਼ਰੂਰੀ ਹੈ ਕਿ ਮੰਜ਼ਿਲ ਸਹੀ ਹੋਵੇ, ਠੀਕ ਦਿਸ਼ਾ ਵੱਲ ਹੋਵੇ, ਨਹੀਂ ਤਾਂ ਬਹੁਤ ਖ਼ਤਰਾ ਪੈਦਾ ਹੋ ਜਾਂਦਾ ਹੈ। ਇਰਾਦਾ ਤਾਂ ਹਿਟਲਰ ਦਾ ਵੀ ਦ੍ਰਿੜ੍ਹ ਸੀ ਅਤੇ ਉਸਨੇ ਮਨੁੱਖਤਾ ਲਈ ਵਿਕਾਸ ਦਾ ਰਸਤਾ ਚੁਣਿਆ। ਸਾਡਾ ਇਤਿਹਾਸ ਹਿਟਲਰਾਂ ਅਤੇ ਚੰਗੇਜਾਂ ਨਾਲ ਭਰਿਆ ਪਿਆ ਹੈ, ਜਿਹਨਾਂ ਦੇ ਇਰਾਦੇ ਤਾਂ ਦ੍ਰਿੜ ਸਨ ਪਰ ਸੋਚ ਨਕਾਰਾਤਮਕ ਸੀ। ਇਸੇ ਕਾਰਨ ਸਕਾਰਾਤਮਕ ਸੋਚ, ਸਹੀ ਸੰਕਲਪ ਅਤੇ ਠੀਕ ਦਿਸ਼ਾ ਅਤੇ ਸਹੀ ਮੰਜ਼ਿਲ ਹੀ ਮਨੁੱਖਤਾ ਦੇ ਭਲੇ ਵਿਚ ਹੁੰਦੀ ਹੈ। ਅਜਿਹੀ ਹਾਂ ਪੱਖੀ ਸੋਚ ਨਾਲ ਨਾਲ ਅਜਿਹੀ ਮਾਨਸਿਕ ਸ਼ਕਤੀ ਵਿਕਸਤ ਹੁੰਦੀ ਹੈ, ਜਿਸ ਨਾਲ ਮਨੁੱਖ ਦੀ ਸਮਰੱਥਾ ਕਈ ਗੁਣਾਂ ਵੱਧ ਜਾਂਦੀ ਹੈ।
ਇਸ ਨਾਲ ਆਤਮ ਵਿਸ਼ਵਾਸ ਵਿਚ ਵਾਧਾ ਹੁੰਦਾ ਹੈ ਅਤੇ ਇਹ ਸਭ ਕੁਝ ਸਫਲਤਾ ਦਾ ਪ੍ਰਤੀਕ ਹੈ। ਸੋ ਜੇ ਤੁਸੀਂ ਸਫਲਤਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਧਾਰਨੀ ਬਣੋ, ਵੱਡਾ ਸੁਪਨਾ ਵੇਖੋ, ਠੋਸ ਸੰਕਲਪ ਬਣਾਓ, ਇੱਛਾ ਸ਼ਕਤੀ ਜਗਾਓ ਅਤੇ ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਮੰਜ਼ਿਲ ਦੀ ਤਰਫ ਅਗਰਸਰ ਹੋ ਜਾਓ। ਮੰਜ਼ਿਲ ਤੁਹਾਨੂੰ ਮਿਲੇਗੀ ਸਫਲਤਾ ਤੁਹਾਡੇ ਪੈਰ ਚੁੰਮੇਗੀ। ਦੂਰੀਏ ਮੰਜ਼ਿਲ ਕਾ ਮਤਲਬ ਕੁਲ ਨਹੀਂ ਬਸ ਇਰਾਦੋਂ ਕੀ ਕਮੀ ਕਾ ਨਾਮ ਹੈ। ਮੈਨੂੰ ਯਕੀਨ ਹੈ ਕਿ ਤੁਹਾਡੇ ਇਰਾਦੇ ਬੁਲੰਦ ਹਨ। ਸੋਚ ਹਾਂ ਪੱਖੀ ਹੈ। ਸੁਪਨੇ ਉਚੇ ਹਨ। ਮਨ ਵਿਚ ਵਿਸ਼ਵਾਸ ਹੈ। ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਨੂੰ ਰੁਕਣ ਵਿਚ ਨਹੀਂ ਤੁਰਨ ਵਿਚ ਮਜ਼ਾ ਆਉਂਦਾ ਹੈ। ਯਾਦ ਰੱਖੋ ਜੋ ਰੁਕਣ ਵਿਚ ਨਹੀਂ ਤੁਰਨ ਵਿਚ ਮਜ਼ਾ ਆਉਂਦਾ ਹੈ। ਯਾਦ ਰੱਖੋ ਜੋ ਤੁਰਦੇ ਹਨ, ਉਹੀ ਪੁੱਜਦੇ ਹਨ। ਮੈਨੂੰ ਪੂਰਨ ਆਸ ਹੈ ਕਿ ਲੋਕ ਤੁਹਾਡੇ ਬਾਰੇ ਇਹ ਕਹਿੰਦੇ ਸੁਣੇ ਜਾਣਗੇ:
''ਅਜੀਬ ਸ਼ਖਸ ਹੈ ਯਹ ਕਿ ਮੰਜ਼ਿਲ ਪੇ ਵੀ ਰੁਕਤਾ ਨਹੀਂ
ਸਫ਼ਰ ਤਮਾਮ ਹੁਆ ਫਿਰ ਵੀ ਸਫਰ ਮੇਂ ਹੈ।''
ਅਤੇ ਤੁਸੀਂ ਹਮੇਸ਼ਾ ਯਾਦ ਰੱਖਣਾ
''ਕੌਣ ਕਹਿਤਾ ਹੈ ਕਿ ਆਸਮਾਂ ਮੇਂ ਸੁਰਾਖ ਹੋ ਨਹੀਂ ਸਕਤਾ
ਏਕ ਪੱਥਰ ਤੋ ਉਛਾਲੋ ਤਬੀਅਤ ਸੇ ਯਾਰੋ।''
ਮੈਨੂੰ ਤੁਹਾਡੇ ਵੱਲੋਂ ਤਬੀਅਤ ਨਾਲ ਪੱਥਰ ਉਛਾਲੇ ਜਾਣ
ਦਾ ਇੰਤਜ਼ਾਰ ਹੈ।