ਕਹਾਣੀਨਾਮਾ 3 : ਤੇਰੇ ਨਾਲ ਕੀਤੇ ਵਾਹਦੇ ਜ਼ਿੰਦਗੀ ਜਿਊਣਾ ਸਿਖਾ ਗਏ

04/19/2020 11:20:27 AM

ਹਰਮਨ ਨੇ ਜਦੋਂ ਆਪਣੇ ਚੁਬਾਰੇ ਦੀ ਟਾਕੀ ਖੋਲ੍ਹੀ ਤਾਂ ਉਸ ਦੀ ਨਿਗ੍ਹਾ ਉਸ ਦੇ ਸਾਹਮਣੇ ਆਏ ਹੋਏ, ਨਵੇਂ ਕਿਰਾਏਦਾਰਾਂ 'ਤੇ ਪਈ, ਉਸ ਤੋਂ ਬਾਅਦ ਉਹ ਥੱਲੇ ਆ ਗਿਆ। ਹਰਮਨ ਨੇ ਆਪਣੀ ਬੇਬੇ ਨੂੰ ਕਿਹਾ,''ਕੀ ਬੇਬੇ ਜੀ, ਕੀ ਕੋਈ ਸਾਹਮਣੇ ਨਵਾਂ ਕਿਰਾਏਦਾਰ ਆਇਆ ਏ?'' ਤਾਂ ਹਰਮਨ ਦੀ ਮਾਂ ਬੋਲੀ ਹਾਂ ਪੁੱਤਰ ਕੱਲ ਤੇਰੀ ਜੀਤੋ ਤਾਈ ਆਈ ਸੀ ,ਉਹ ਕਹਿ ਰਹੀ ਸੀ ਕੀ ਕੋਈ ਗੁਪਤੇ ਉਹਨੀਂ ਆਏ ਨੇ। ਵਧੀਆਂ ਬੰਦੇ ਨੇ। ਬੇਬੇ ਕੌਣ ਕੌਣ ਨੇ ਉਹਨਾਂ ਦੇ ਪਰਿਵਾਰ ਵਿੱਚ ਹਰਮਨ ਨੇ ਸਹਿਜੇ ਹੀ ਪੁੱਛਿਆ। ਹਰਮਨ ਦੀ ਬੇਬੇ ਬੋਲੀ ਮੈਨੂੰ ਕੀ ਪਤਾ ਕੌਣ ਕੌਣ ਨੇ? ਨਾਲੇ ਹੌਲੀ ਹੌਲੀ ਪਤਾ ਹੀ ਲੱਗ ਜਾਣਾ ,ਕੀ ਕੌਣ ਕੌਣ ਨੇ...ਹਰਮਨ ਦੀ ਬੇਬੇ ਆਖਦੀ ਹੋਈ ਰਸੋਈ ਵਿੱਚ ਚਲੀ ਗਈ।ਹਰਮਨ ਨੇ ਕਿਹਾ ਬੇਬੇ ਮੈਂ ਨਹਾਕੇ ਆਇਆ ,ਫੇਰ ਮੈਂ ਕਾਲਜ਼ ਜਾਣਾ ਏ।ਤੁਸੀਂ ਰੋਟੀ ਛੇਤੀ ਛੇਤੀ ਤਿਆਰ ਕਰ ਦਿਉ, ਹਰਮਨ ਨਹਾਕੇ ਚੁਬਾਰੇ ਗਿਆ ਤੇ ਜਾਂਦਿਆਂ ਹੀ ਫੇਰ ਨਿਗ੍ਹਾ ਸਾਹਮਣੇ ਨਵੇਂ ਆਏ ਕਿਰਾਏਦਾਰਾਂ ਵੱਲ ਮਾਰੀ।

ਪਰ ਹਰਮਨ ਨੂੰ ਕੁੱਝ ਵੀ ਨਜ਼ਰ ਨਾ ਆਇਆ। ਉਸਦੇ ਮਨ ਨੂੰ ਚੈਨ ਨਹੀਂ ਸੀ ਆ ਰਿਹਾ ,ਜਿਵੇਂ ਉਸ ਦੀਆਂ ਅੱਖਾਂ ਕੁੱਝ ਗਵਾਚਿਆ ਲੱਭ ਰਹੀਆਂ ਹੋਣ ਪਰ ਮਿਲ ਨਹੀਂ ਸੀ ਰਿਹਾ।ਉਹ ਤਿਆਰ ਹੋਕੇ ਹੇਠਾਂ ਆਇਆ ਰੋਟੀ ਖਾਂਦੀ ਤੇ ਕਾਲਜ਼ ਚਲਾ ਗਿਆ। ਫ਼ੇਰ ਕਾਲਜ਼ ਤੋਂ ਵਾਪਸੀ ਉਸਦੇ ਮਨ ਵਿੱਚ ਕਈ ਸਵਾਲ ਉੱਠਦੇ ਤੇ ਆਪੇ ਹੀ ਜਵਾਬ ਦਿੰਦਿਆਂ ਦਿਲ ਨੂੰ ਆਖਦਾ ਚੱਲ ਛੱਡ ਦਿਲਾਂ ਪੁਰਾਣੀਆਂ ਯਾਦਾਂ ਪਿੱਛੇ ਨਾ ਭੱਜ ਇਹ ਦੁੱਖ ਹੀ ਦੇਣਗੀਆਂ।ਹੋਰ ਕੁੱਝ ਨਹੀਂ ਦੇਣਾ ਇਹਨਾਂ ਯਾਦਾਂ ਨੇ, ਹਰਮਨ ਘਰ ਆਇਆ ਤੇ ਪਹਿਲਾਂ ਚੁਬਾਰੇ ਚੜਿਆ 'ਤੇ ਜਾ ਟਾਕੀ ਖੋਲ੍ਹੀ ਤੇ ਕੁੱਝ ਵੀ ਨਜ਼ਰ ਨਾ ਆਇਆ।ਜਦੋਂ ਦੇ ਕਲੌਨੀ ਵਿੱਚ ਨਵੇਂ ਕਿਰਾਏਦਾਰ ਆਏ ਸੀ, ਉਸਦੇ ਮਨ ਨੂੰ ਚੈਨ ਨਹੀਂ ਸੀ ਆ ਰਹੀ।

ਉਹ ਦੀਆਂ ਅੱਖਾਂ ਕੁੱਝ ਨਾ ਕੁੱਝ ਲੱਭਦੀਆਂ ਤੇ ਉਦਾਸ ਹੋ ਜਾਂਦੀਆਂ। ਹਰਮਨ ਨੇ ਆਪਣੇ ਘਰਦੇ ਸਾਰੇ ਕੰਮ ਨਿਬੇੜੇ ਹੋਇਆ ਵਾਪਸੀ ਆਪਣੇ ਚੁਬਾਰੇ ਵਿੱਚ ਆ ਗਿਆ।ਉਸ ਨੇ ਅਲਮਾਰੀ ਖੋਲ੍ਹੀ ਤੇ ਉਸ ਵਿੱਚੋਂ ਕੁੱਝ ਖ਼ਤ ਤੇ ਤਸਵੀਰਾਂ ਕੱਢਕੇ ਵੇਖਣ ਲੱਗਾ।ਹਰਮਨ ਨੇ ਇੱਕ ਲੰਮਾ ਜੇਹਾ ਹੌਕਾ ਲੈਂਦਿਆਂ ਹਰਜੋਤ ਨੂੰ ਯਾਦ ਕਰਦਿਆਂ ਕਿਹਾ? ਕਾਸ਼ ਹਰਜੋਤ ਤੂੰ ਅੱਜ ਮੇਰੇ ਕੋਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ,ਜੇ ਕੱਲਿਆ ਹੀ ਛੱਡਕੇ ਜਾਣਾ ਸੀ ਤਾਂ ਜ਼ਿੰਦਗੀ ਵਿੱਚ ਕਿਉ ਆਈ।ਹਰਮਨ ਨੂੰ ਅੱਜ ਹਰਜੋਤ ਫ਼ੇਰ ਦੁਬਾਰਾ ਬਹੁਤ ਯਾਦ ਆ ਰਹੀ ਸੀ,ਯਾਦ ਆਉਦੀ ਵੀ ਕਿਉਂ ਨਾ ਦੋਹਾਂ ਦਾ ਪਿਆਰ ਹੀ ਐਨਾ ਸੀ।ਇੰਝ ਲੱਗਦਾ ਸੀ ਜਿਵੇਂ ਦੋ ਸਰੀਰ ਤੇ ਇੱਕ ਜਾਨ ਹੋਣ,ਬੀ.ਏ. ਦੀ ਪੜ੍ਹਾਈ ਕਰਦਿਆਂ ਹੋਇਆਂ ਦਾ ਪਿਆਰ ਐਨਾ ਗੂੜ੍ਹਾ ਹੋ ਗਿਆ ਸੀ,ਇੱਕ ਦੂਜੇ ਨੂੰ ਤੱਕਦੇ ਤਾਂ ਉਹ ਰੱਬ ਨੂੰ ਭੁੱਲ ਜਾਂਦੇ।

ਉਹਨਾਂ ਦਾ ਵਿਚਾਰ ਸੀ ਕੀ ਬੀ.ਏ.ਦੀ ਪੜ੍ਹਾਈ ਖ਼ਤਮ ਹੁੰਦਿਆਂ ਹੀ ਉਹ ਆਪਣੇ ਆਪਣੇ ਮਾਪਿਆਂ ਨਾਲ ਗੱਲਬਾਤ ਕਰ ਲੈਣਗੇ, ਤੇ ਵਿਆਹ ਲਈ ਵੀ ਰਾਜੀ ਕਰ ਲੈਣਗੇ,ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।ਇੱਕ ਦਿਨ ਹਰਮਨ ਕਾਲਜ਼ ਨਾ ਗਿਆ ਤੇ ਉਹ ਆਪਣੀ ਸਹੇਲੀ ਨਾਲ ਕਾਲਜ਼ ਨੂੰ ਆ ਰਹੀ ਸੀ ਤੇ ਸੜਕ ਤੇ ਦੂਸਰੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ,ਤੇ ਹਰਜੋਤ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸਦੀ ਸਹੇਲੀ ਦੀ ਹਸਪਤਾਲ ਲਿਜਾਂਦੀਆਂ ਰਾਸਤੇ ਵਿੱਚ ਹੀ ਮੌਤ ਹੋ ਗਈ।ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਸੀ ਤੇ ਪੂਰੇ ਕਾਲਜ਼ ਤੇ ਦੋਹਾਂ ਘਰਾਂ ਵਿੱਚ ਖ਼ਬਰ ਸੁਣਦਿਆਂ ਸਾਰ ਹੀ ਸੋਗ ਪੈ ਚੁੱਕਾ ਸੀ। ਹਰਮਨ ਨੂੰ ਪਤਾ ਲੱਗਦੇ ਸਾਰ ਹੀ ਉਹ ਪਹਿਲਾ ਘਰ ਗਿਆ ਤੇ ਫ਼ਿਰ ਹਸਪਤਾਲ ਪਹੁੰਚਿਆ। ਹਰਮਨ ਨੇ ਵੇਖਿਆ ਕੀ ਦੋਹਾਂ ਦੀਆ ਲਾਸ਼ਾਂ ਮੋਚਰੀ ਵਿੱਚ ਪੋਸਟਮਾਰਟਮ ਲਈ ਪਈਆਂ ਸੀ,ਤੇ ਪੈਰਾਂ ਹੇਠੋਂ ਜਿਵੇਂ ਧਰਤੀ ਨਿਕਲ ਗਈ ਹੋਵੇ।ਲੱਤਾਂ ਜਿਵੇਂ ਜ਼ਵਾਬ ਦੇ ਗਈਆਂ ਹੋਣ, ਤੇ ਮੂੰਹੋ ਬੋਲਿਆ ਵੀ ਨਹੀਂ ਜਾ ਰਿਹਾ ਸੀ।

ਮਾਪੇ ਵੀ ਮਨਹੂਸ ਘੜੀ ਨੂੰ ਦੋਸ਼ ਦੇ ਰਹੇ ਸੀ ਤੇ ਕਰ ਵੀ ਕੀ ਸਕਦੇ ਸੀ,ਸਿਵਾ ਰੋਣ ਦੇ।ਪੋਸਟਮਾਰਟਮ ਤੋਂ ਬਾਅਦ ਦੋਨੋਂ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਬਾਕੀ ਦੀਆਂ ਭੋਗ ਤੱਕ ਦੀਆਂ ਸਾਰੀਆਂ ਰਸਮਾਂ ਨਿਭਾਕੇ ,ਹਰਜੋਤ ਦੇ ਮੰਮੀ ਪਾਪਾ ਉਹ ਸ਼ਹਿਰ ਛੱਡ ਕੇ ਪਤਾ ਨਹੀਂ ਕਿੱਥੇ ਗਏ,ਪਰ ਹਰਮਨ ਲਈ ਬੜਾ ਔਖਾ ਹੋ ਗਿਆ ਸੀ,ਨਾ ਦੁੱਖ ਸੁਣਾਉਣ ਜੋਗਾ ਸੀ ਨਾ ਦਿਖਾਉਣ ਜੋਗਾ ਸੀ।ਅੱਜ ਉਹਨਾਂ ਦੋਹਾਂ ਦਾ ਪਿਆਰ ਹਰਮਨ ਲਈ ਬਹੁਤ ਬੜੀ ਤੇ ਦੁੱਖ ਦੇਣ ਵਾਲੀ ਇੱਕ ਨਾ ਭੁੱਲ ਜੋਗ ਯਾਦ ਬਣਕੇ ਰਹਿ ਗਈ ਸੀ।ਹਰਮਨ ਨੇ ਆਪਣੇ ਆਪ ਨੂੰ ਸੰਭਾਲਦਿਆਂ ਉਸ ਟਾਕੀ ਵੱਲ ਇੱਕ ਵਾਰ ਫੇਰ ਨਿਗ੍ਹਾ ਮਾਰੀ,ਕੀ ਸ਼ਾਇਦ ਹਰਜੋਤ ਹੀ ਨਜ਼ਰ ਆ ਜਾਵੇ ਪਰ ਗਏ ਕਦੋਂ ਮੁੜਦੇ ਨੇ।ਥੱਲੇ ਤੋਂ ਹਰਮਨ ਦੀ ਬੇਬੇ ਨੇ ਅਵਾਜ਼ ਮਾਰੀ ,ਕੀ ਹਰਮਨ ਆਹ ਪੁੱਤ ਨਵੇਂ ਆਏ ਹੋਏ ਕਿਰਾਏਦਾਰਾਂ ਦੇ ਪੂਜਾ ਰੱਖੀ ਏ,ਆ ਆਪਾ ਮੱਥਾ ਟੇਕ ਆਈਏ, ਬੇਬੇ ਨੇ ਜਿਵੇਂ ਹਰਮਨ ਦੀ ਦੁੱਖ ਦੀ ਰਗ ਛੇੜ ਦਿੱਤੀ ਹੋਵੇ।         

ਹਰਮਨ ਨੇ ਬਹਾਨਾ ਬਣਾਉਂਦਿਆਂ ਕਿਹਾ,ਬੇਬੇ ਮੈਂਨੂੰ ਕਾਲਜ਼ ਦਾ ਬਹੁਤ ਕੰਮ ਆ ਤੁਸੀਂ ਜਾ ਆਵੋ।ਹਰਮਨ ਦੀ ਬੇਬੇ ਇਕੱਲੀ ਹੀ ਚੱਲੀ ਗਈ ਤੇ ਹਰਮਨ ਆਪਣੇ ਆਪ ਨੂੰ ਸੰਭਾਲਦਾ ਹੋਇਆ,ਆਪਣੇ ਘਰਦੇ ਕੰਮਾਂ ਵਿੱਚ ਲੱਗ ਗਿਆ।ਹਰਮਨ ਸੋਚ ਰਿਹਾ ਸੀ ਹਰਜੋਤ ਜਿਵੇਂ ਤੂੰ ਛੱਡਿਆ ਏਦਾਂ ਨਹੀਂ ਸੀ ਕਰਨਾ,ਫੇਰ ਦਿਲ ਨੂੰ ਆਖਦਾ ਹੋਇਆ ਕਹਿਣ ਲੱਗਾ ਝੱਲਿਆ ਉਹਦਾ ਕੇਹੜਾ ਦਿਲ ਕਰਦਾ ਸੀ ਮੈਨੂੰ ਤੇ ਇਸ ਦੁਨੀਆਂ ਨੂੰ ਛੱਡਣ ਲਈ। ਕਈ ਗੱਲਾਂ ਉਹ ਰੱਬ ਵੀ ਆਪਣੇ ਕੋਲ ਲੁਕੋਈ ਬੈਠਾ ਹੈ,ਆਪਣੇ ਮਨ ਨੂੰ ਹੱਲਾ ਛੇਰੀ ਦਿੰਦਿਆਂ ਹਰਮਨ ਬੋਲਿਆ ਚੱਲ ਉਹੇ ਮਨਾਂ ਤੇਰਾ ਤੇ ਹਰਜੋਤ ਦਾ ਐਨਾ ਹੀ ਸਾਥ ਸੀ।ਉਹਨੇ ਬਸ ਐਨੀ ਹੀ ਜ਼ਿੰਦਗੀ ਤੇਰੇ ਨਾਲ ਬਿਤਾਉਣੀ ਸੀ,ਚੱਲ ਜੇ ਤੂੰ ਨਾ ਰਹੀ ਤਾਂ ਤੇਰੀਆਂ ਯਾਦਾਂ ਹੀ ਸਹੀ,ਤੇ ਤੇਰੇ ਨਾਲ ਕੀਤੇ ਵਾਹਦੇ ਹੀ ਸਹੀ। ਉਹ ਵਾਹਦੇ ਹਰਮਨ ਹੁਣ ਪੂਰੇ ਕਰਨ ਵਿੱਚ ਲੱਗਾ ਹੋਇਆ ਸੀ,ਜੋ ਹਰਜੋਤ ਦਾ ਸੁਪਨਾ ਸੀ ਕੀ ਹਰਮਨ ਤੂੰ ਤੇ ਮੈਂ ਵਧੀਆ ਇਨਸਾਨ ਦੇ ਨਾਲ ਨਾਲ ਇੱਕ ਉੱਚ ਅਫ਼ਸਰ ਬਣਕੇ ਆਪਣੇ ਲੋਕਾਂ ਦੀ ਸੇਵਾ ਕਰਿਆ ਕਰਾਂਗੇ।ਇਹੋ ਹੌਂਸਲਾ ਤੇ ਵਾਹਦਾ ਹਰਮਨ ਨੂੰ ਟੁੱਟਦੇ ਹੋਏ ਨੂੰ ਫਿਰ ਦੁਬਾਰਾ ਆਪਣੇ ਲਕਸ਼ ਦੇ ਵੱਲ ਪ੍ਰੇਰਿਤ ਕਰਦਾ ਰਹਿੰਦਾ ਸੀ।

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444


Vandana

Content Editor

Related News