ਜੇਕਰ ਤੁਸੀਂ ਵੀ ਰਹਿਣਾ ਚਾਹੁੰਦੇ ਹੋ ਤੰਦਰੁਸਤ ਤਾਂ ਜ਼ਰੂਰ ਕਰੋ ਸਵੇਰ ਦੀ ਸੈਰ

10/12/2020 11:14:35 AM

ਜਲੰਧਰ—ਸੈਰ ਬੀਮਾਰੀਆਂ ਤੋਂ ਬਚਣ ਅਤੇ ਠੀਕ ਕਰਨ ਵਾਲੀ ਅਜਿਹੀ ਕੁਦਰਤੀ 'ਦਵਾਈ' ਹੈ ਜਿਸ ਦੀ ਕੋਈ ਫੀਸ ਨਹੀਂ ਲੱਗਦੀ। ਇਸ ਦਾ ਮਜ਼ਾ ਉਹੀ ਲੈ ਸਕਦੇ ਹਨ, ਜਿਸ ਨੇ ਸੈਰ ਸ਼ਬਦ ਨਾਲ ਮੋਹ ਕੀਤਾ ਹੋਵੇ, ਜੋ ਅੰਦਰੋਂ ਜੁੜਿਆ ਹੋਵੇ। ਸਿਰਫ ਇਕ-ਦਿਨ ਤੁਰ ਕੇ ਲਾਹਾ ਭਾਲਣ ਵਾਲੇ ਲੋਕ ਸੈਰ ਦੇ ਸਹੀ ਅਰਥਾਂ ਤੋਂ ਅਨਜਾਣ ਹਨ। ਸੈਰ ਦਾ ਭਾਵ ਹੈ ਤੁਰਨਾ, ਭਾਵੇਂ ਘਰ ਦੀ ਛੱਤ 'ਤੇ ਤੁਰੋ ਜਾਂ ਪਾਰਕ 'ਚ। ਕਈ ਲੋਕ ਦੇਸ਼ਾਂ-ਵਿਦੇਸ਼ਾਂ 'ਚ ਜਾ ਕੇ ਘੁੰਮਣ-ਫਿਰਨ ਨੂੰ ਵੀ ਸੈਰ-ਸਪਾਟਾ ਆਖਦੇ ਹਨ।
ਸਵੇਰ ਵੇਲੇ ਵਾਤਾਵਰਣ ਸ਼ਾਂਤ ਹੁੰਦਾ ਹੈ। ਸੈਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਕਿਉਂਕਿ ਤਾਜ਼ੀ ਹਵਾ 'ਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜ਼ਿੰਦਗੀ ਜਿਊਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੋ ਸਵੇਰ ਦੀ ਸੈਰ ਕਰ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਵੇਂ ਰੇਗਮਾਰ ਨਾਲ ਲੋਹੇ 'ਤੇ ਲੱਗੇ ਜੰਗਾਲ ਨੂੰ ਲਾਹਿਆ ਜਾਂਦਾ ਹੈ, ਉਸੇ ਤਰ੍ਹਾਂ ਸਵੇਰ ਦੀ ਸੈਰ ਨਾਲ ਸਰੀਰ ਅੰਦਰ ਡੇਰਾ ਜਮਾਈ ਬੈਠੇ ਵਕਾਰ ਦੂਰ ਹੋ ਜਾਂਦੇ ਹਨ।
ਸਵੇਰ ਦੀ ਸੈਰ ਦਾ ਲਾਭ ਉਹੀ ਲੈ ਸਕਦੇ ਹਨ, ਜੋ ਰਾਤ ਨੂੰ ਵੇਲੇ ਸਿਰ ਸੌਂਦੇ ਹਨ ਅਤੇ ਸਵੇਰੇ ਉਠ ਕੇ ਸੈਰ ਕਰਦੇ ਹਨ। ਪਰ ਅੱਜ ਦੇ ਦੌਰ 'ਚ ਨੌਜਵਾਨ ਮੁੰਡੇ-ਕੁੜੀਆਂ ਜੋ ਸੌਂਦੇ ਹੀ ਅੱਧੀ ਰਾਤ ਨੂੰ ਹਨ, ਉਹ ਸਵੇਰੇ ਕੀ ਉਠਣਗੇ ਅਤੇ ਕੀ ਸੈਰ ਕਰਨਗੇ? ਸੈਰ ਕਰਨ ਤੋਂ ਪਹਿਲਾਂ ਪੂਰੀ ਨੀਂਦ ਲੈਣੀ ਵੀ ਜ਼ਰੂਰੀ ਹੁੰਦੀ ਹੈ।

PunjabKesari
ਜੇ ਪੂਰੀ ਨੀਂਦ ਲਏ ਬਿਨ੍ਹਾਂ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਉਸ ਦੇ ਉਲਟ ਅਸਰ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਥੇ ਸੈਰ ਕਰ ਕੇ ਮਨ ਖਿੜ ਜਾਂਦਾ ਹੈ, ਉਥੇ ਜੇ ਉਨੀਂਦਰੇ 'ਚ ਉਠ ਕੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਮਨ ਖਿਝਿਆ-ਖਿਝਿਆ ਰਹਿਣ ਲੱਗ ਪੈਂਦਾ ਹੈ। ਸੈਰ ਕਰਨਾ ਕੋਈ ਮਜਬੂਰੀ ਨਹੀਂ ਹੁੰਦੀ, ਇਹ ਤਾਂ ਸ਼ੌਕ ਹੈ ਜਿਸ ਨੇ ਇਹ ਸ਼ੌਕ ਪਾਲ ਲਿਆ, ਉਹ ਸਾਰੀ ਉਮਰ ਬੀਮਾਰ ਨਹੀਂ ਹੁੰਦਾ। ਸੈਰ ਬਹੁਤੀ ਲੰਮੀ ਨਹੀਂ ਕਰਨੀ ਚਾਹੀਦੀ।
ਬਹੁਤੀ ਲੰਮੀ ਸੈਰ ਨਾਲ ਗੋਡੇ ਘਸ ਜਾਂਦੇ ਹਨ। ਸੈਰ ਦੀ ਗਤੀ ਨਾ ਜ਼ਿਆਦਾ ਤੇਜ਼ ਹੋਵੇ ਤੇ ਨਾ ਹੀ ਜ਼ਿਆਦਾ ਹੌਲੀ ਹੋਣੀ ਚਾਹੀਦੀ ਹੈ। ਭੱਜਣਾ, ਵਗਣਾ ਅਤੇ ਤੁਰਨਾ 'ਚੋਂ 'ਵਗਣਾ' ਸ਼ਬਦ ਸੈਰ ਲਈ ਢੁੱਕਦਾ ਹੈ। ਸੈਰ ਕਰਨ ਲੱਗਿਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੈਰ ਇਕਾਗਰਚਿਤ ਹੋ ਕੇ ਕਰਨੀ ਚਾਹੀਦੀ ਹੈ। ਸੈਰ ਕਰਨ ਲੱਗਿਆਂ ਕੋਈ ਖ਼ਾਲੀ ਪਹਾ, ਪਗਡੰਡੀ ਦੀ ਚੋਣ ਸਭ ਤੋਂ ਵਧੀਆ ਹੁੰਦੀ ਹੈ ਜਾਂ ਜੇ ਕੋਈ ਨਾਲ ਨਾ ਜਾਣ ਵਾਲਾ ਹੋਵੇ ਤਾਂ ਘਰ ਦਾ ਵਿਹੜਾ ਜਾਂ ਛੱਤ ਸੈਰ ਕਰਨ ਦੀ ਸਭ ਤੋਂ ਵਧੀਆ ਥਾਂ ਹੁੰਦੀ ਹੈ।

PunjabKesari
ਸੈਰ ਦਾ ਫਲ ਨਾਲ ਦੀ ਨਾਲ ਭਾਲਣਾ ਚਾਹੀਦਾ ਹੈ ਕਿਉਂਕਿ ਅਸੀਂ ਬੀਜਦੇ ਕਦੋਂ ਹਾਂ ਤੇ ਵੱਢਦੇ ਕਦੋਂ ਹਾਂ। ਇਸੇ ਤਰ੍ਹਾਂ ਸੈਰ ਕਰਨ ਦਾ ਫਲ ਪ੍ਰਾਪਤ ਜ਼ਰੂਰ ਹੁੰਦਾ ਹੈ। ਕਈ ਲੋਕ ਦਸ ਕੁ ਦਿਨ ਸੈਰ ਕਰ ਕੇ ਇਹ ਕਹਿ ਸੈਰ ਕਰਨੀ ਛੱਡ ਦਿੰਦੇ ਹਨ ਕਿ ਕੋਈ ਫ਼ਾਇਦਾ ਤਾਂ ਹੋਇਆ ਨਹੀਂ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਨੁਸ਼ਾਸਨ 'ਚ ਬੱਝਣਾ ਪੈਂਦਾ ਹੈ, ਫਿਰ ਸੈਰ ਦਾ ਲਾਭ ਪ੍ਰਾਪਤ ਹੁੰਦਾ ਹੈ।
ਸੈਰ ਕਰਨ ਲੱਗਿਆ ਕਾਹਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਸੈਰ ਨੂੰ ਮਜਬੂਰੀ ਸਮਝ ਕੇ ਕਰਨਾ ਚਾਹੀਦਾ ਹੈ। ਸੈਰ ਕਰਦੇ ਸਮੇਂ ਫ਼ੋਨ ਨਹੀਂ ਸੁਣਨਾ ਚਾਹੀਦਾ ਸਗੋਂ ਕਾਦਰ ਦੀ ਕੁਦਰਤ ਨਾਲ ਇਕਮਿਕ ਹੋ ਕੇ ਉਸ ਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ। ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਸਰਦੀਆਂ 'ਚ ਸੈਰ ਕਰਨੀ ਹਾਨੀਕਾਰਕ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਪਲੇਟਲੈੱਟਸ ਘੱਟ ਜਾਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਗਰਮੀ ਜਿਵੇਂ ਹੁੰਮਸ ਦੇ ਮੌਸਮ 'ਚ ਸੈਰ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਦੇ ਗੋਡੇ ਘਸ ਗਏ ਹੋਣ ਜਾਂ ਜਿਨ੍ਹਾਂ ਦੇ ਗੋਡਿਆਂ ਦੀ ਗਰੀਸ ਘੱਟ ਗਈ ਹੋਵੇ, ਉਨ੍ਹਾਂ ਨੂੰ ਸੈਰ ਘੱਟ ਕਰਨੀ ਚਾਹੀਦੀ ਹੈ। ਇਸ ਤੋਂ ਉਲਟ ਜਿਨ੍ਹਾਂ ਦੇ ਗੋਡੇ ਜਾਮ ਹੋ ਰਹੇ ਹੋਣ, ਉਨ੍ਹਾਂ ਲਈ ਸੈਰ ਹੀ ਇਕੋ ਇਕ ਇਲਾਜ ਹੈ।             


Aarti dhillon

Content Editor

Related News