ਹਲਵਾਈ ਵਰਗਾ ਸੁਆਦ ਹੁਣ ਤੁਹਾਡੀ ਰਸੋਈ ''ਚ! ਇੰਝ ਬਣਾਓ ਬਿਨਾਂ ਪਿਆਜ਼-ਲਸਣ ਵਾਲੀ ''ਭੰਡਾਰੇ ਵਾਲੀ ਆਲੂ ਦੀ ਸਬਜ਼ੀ
Tuesday, Feb 24, 2026 - 02:49 PM (IST)
ਵੈੱਬ ਡੈਸਕ - ਅਕਸਰ ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਸਵਾਦ ਭੰਡਾਰੇ 'ਚ ਮਿਲਣ ਵਾਲੀ ਆਲੂ ਦੀ ਸਬਜ਼ੀ 'ਚ ਹੁੰਦਾ ਹੈ, ਉਹ ਘਰ 'ਚ ਨਹੀਂ ਬਣਦਾ ਪਰ ਹੁਣ ਤੁਸੀਂ ਵੀ ਆਪਣੀ ਰਸੋਈ 'ਚ ਬਿਨਾਂ ਪਿਆਜ਼-ਲਸਣ ਦੇ ਉਹੀ ਚਟਪਟੀ ਅਤੇ ਖ਼ੁਸ਼ਬੂਦਾਰ ਸਬਜ਼ੀ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਲਵਾਈਆਂ ਵਾਲਾ ਉਹ 'ਸੀਕਰੇਟ' ਤਰੀਕਾ।
ਸਮੱਗਰੀ :-
- ਉਬਲੇ ਹੋਏ ਆਲੂ (4-5 ਮੱਧਮ ਆਕਾਰ ਦੇ)
- ਟਮਾਟਰ (3 ਬਾਰੀਕ ਕੱਟੇ ਹੋਏ) ਅਤੇ ਅਦਰਕ-ਹਰੀ ਮਿਰਚ ਦਾ ਪੇਸਟ
- ਹਿੰਗ, ਜੀਰਾ, ਖੜਾ ਧਨੀਆ (ਦਰੜਿਆ ਹੋਇਆ), ਸੌਂਫ, ਅਤੇ ਤੇਜ਼ਪੱਤਾ।
- ਹਲਦੀ, ਦੇਗੀ ਮਿਰਚ, ਗਰਮ ਮਸਾਲਾ, ਅਮਚੂਰ ਪਾਊਡਰ, ਅਤੇ ਕਸੂਰੀ ਮੇਥੀ।
- ਦੇਸੀ ਘਿਓ ਜਾਂ ਤੇਲ।
ਬਣਾਉਣ ਦੀ ਵਿਧੀ :-
- ਕੜਾਹੀ 'ਚ ਤੇਲ ਗਰਮ ਕਰੋ। ਇਸ 'ਚ ਹਿੰਗ, ਜੀਰਾ, ਤੇਜ਼ਪੱਤਾ, ਸੌਂਫ ਅਤੇ ਦਰੜਿਆ ਹੋਇਆ ਸੁੱਕਾ ਧਨੀਆ ਪਾਓ। ਇਨ੍ਹਾਂ ਮਸਾਲਿਆਂ ਦੀ ਖ਼ੁਸ਼ਬੂ ਹੀ ਇਸ ਸਬਜ਼ੀ ਦੀ ਜਾਨ ਹੈ।
- ਹੁਣ ਅਦਰਕ-ਮਿਰਚ ਦਾ ਪੇਸਟ ਅਤੇ ਟਮਾਟਰ ਪਾਓ। ਇਸ ਦੇ ਨਾਲ ਹੀ ਨਮਕ, ਹਲਦੀ ਅਤੇ ਦੇਗੀ ਮਿਰਚ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਤੇਲ ਵੱਖ ਨਾ ਹੋ ਜਾਵੇ।
- ਆਲੂਆਂ ਨੂੰ ਚਾਕੂ ਨਾਲ ਕੱਟਣ ਦੀ ਬਜਾਏ ਹੱਥਾਂ ਨਾਲ ਮੋਟਾ-ਮੋਟਾ ਤੋੜ ਕੇ ਮਸਾਲੇ 'ਚ ਪਾਓ। ਇਸ ਨਾਲ ਗ੍ਰੇਵੀ ਗਾੜ੍ਹੀ ਅਤੇ ਸਵਾਦਿਸ਼ਟ ਬਣਦੀ ਹੈ।
- 2-3 ਮਿੰਟ ਭੁੰਨਣ ਤੋਂ ਬਾਅਦ ਲੋੜ ਅਨੁਸਾਰ ਗਰਮ ਪਾਣੀ ਪਾਓ। ਸਬਜ਼ੀ ਨੂੰ 5-7 ਮਿੰਟਾਂ ਤੱਕ ਮੱਧਮ ਅੱਗ 'ਤੇ ਰਿੱਝਣ ਦਿਓ।
- ਅਖੀਰ 'ਚ ਅਮਚੂਰ ਪਾਊਡਰ, ਗਰਮ ਮਸਾਲਾ ਅਤੇ ਹੱਥਾਂ ਨਾਲ ਮਸਲੀ ਹੋਈ ਕਸੂਰੀ ਮੇਥੀ ਪਾਓ। ਉੱਪਰੋਂ ਹਰਾ ਧਨੀਆ ਪਾ ਕੇ ਗਰਮਾ-ਗਰਮ ਪੂਰੀਆਂ ਨਾਲ ਸਰਵ ਕਰੋ।
