ਤਾਜ਼ਾ ਨਜ਼ਰੀਆ : ਇਧਰਲੀਆਂ ਉਧਰਲੀਆਂ ਘੁੰਮਣ-ਘੇਰੀਆਂ, ਇਸ ਸਮੇਂ ਨੂੰ ਵਿਚਾਰਦਿਆਂ

05/05/2020 5:51:37 PM

ਗੁਰ ਕ੍ਰਿਪਾਲ ਸਿੰਘ ਅਸ਼ਕ

ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਘਰ ਦੇ ਲਾਗੇ ਮੈਨੂੰ ਕਦੇ ਮੋਰ ਵੀ ਦੇਖਣ ਨੂੰ ਮਿਲੇਗਾ। ਹਾਂ ਘਰ ਤੋਂ ਚਾਰ ਪੰਜ ਕਿਲੋਮੀਟਰ ਪਿੰਡਾਂ ਵਾਲੇ ਪਾਸੇ ਜ਼ਰੂਰ ਕਦੇ-ਕਦੇ ਮੋਰ ਦੇਖਣ ਨੂੰ ਮਿਲ ਜਾਂਦੇ ਹਨ । ਕਲ ਮੋਰ ਦੇ ਨਾਲ-ਨਾਲ ਇਕ ਸੋਹਣੀ ਚਿੜੀ ਵੀ ਦਿਖਾਈ ਦਿੱਤੀ ਅਤੇ ਸ਼ਿਕਰਾ ਵੀ, ਜੋ ਬਹੁਤ ਸਾਲ ਪਹਿਲਾਂ ਖੇਤਾਂ ਵਿਚ ਦੇਖਣ ਨੂੰ ਮਿਲਿਆ ਸੀ। ਸ਼ਾਇਦ ਹੁਣ ਵੀ ਉਥੇ ਦਿਖਾਈ ਦੇ ਜਾਂਦਾ ਹੋਵੇਗਾ ਪਰ ਕੰਮ ਕਾਰ ਦੀ ਦੌੜ 'ਚ ਭੱਜੇ ਫਿਰ ਰਹੇ ਲੋਕਾਂ ਕੋਲ ਇਨ੍ਹਾਂ ਵੱਲ ਝਾਤੀ ਮਾਰਨ ਦਾ ਸਮਾਂ ਵੀ ਤਾਂ ਨਹੀਂ ਸੀ। ਜਿਉਂ ਜਿਉਂ ਸ਼ਹਿਰ ਵਿਚ ਉਦਯੋਗ ਵਧਦੇ ਗਏ ਅਤੇ ਇਹ ਪੰਛੀ ਸਾਥੋਂ ਦੂਰ ਹੁੰਦੇ ਗਏ। ਜਦੋਂ ਕੱਲ ਇਕ ਮੋਰਨੀ ਲੋਹਾ ਮਿੱਲ ਦੇ ਸ਼ੈੱਡ ’ਤੇ ਘੁੰਮਦੀ ਦੇਖੀ ਤਾਂ ਅਚੰਭਾ ਤਾਂ ਹੋਣਾ ਹੀ ਸੀ। 

ਹਾਂ ਇਕ ਗੱਲ ਹੋਰ, ਕਰੀਬ ਚਾਰ ਦਹਾਕਿਆਂ ਤੋਂ ਬਾਅਦ ਮੈਂ ਸ਼ਾਮ ਵੇਲੇ ਘਰ ਦੀ ਛੱਤ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵੀ ਦੇਖੀਆਂ ਹਨ। ਫਰਕ ਸਿਰਫ਼ ਇੰਨਾ ਸੀ ਕਿ ਅੱਗੇ ਜ਼ਮੀਨ ’ਤੇ ਖੜ੍ਹ ਕੇ ਦਿਖ ਜਾਂਦੀਆਂ ਸਨ ਪਰ ਇੰਨੇ ਸਮੇਂ ਦੌਰਾਨ ਖੇਤਾਂ ਵਿਚ ਹਰਿਆਲੀ ਦੀ ਥਾਂ ਮਕਾਨ ਉੱਗ ਆਏ ਹਨ। ਧੂੜ ਅਤੇ ਧੂਏਂ ਨੇ ਜੋ ਨਜ਼ਰਾਂ ਅੱਗੇ ਪਰਦਾ ਕੀਤਾ ਹੋਇਆ ਸੀ ਉਹ ਹੁਣ ਦੂਰ ਹੋ ਗਿਆ ਹੈ। 

ਕੋਰੋਨਾ ਦੇ ਕਾਰਨ ਲੱਗੇ ਕਰਫ਼ਿਊ ਦੀ ਬਦੌਲਤ ਘਰੋਂ ਬਾਹਰ ਨਿਕਲਣਾਂ ਬੰਦ ਹੈ ਪਰ ਦਿਲ ਚਾਹੁੰਦਾ ਹੈ ਕਿ ਇਕ ਵਾਰੀ ਲੁਧਿਆਣੇ ਜਾ ਕੇ ਬੁੱਢੇ ਦਰਿਆ ਨੂੰ ਮੁੜ ਕੇ ਬੁੱਢਾ ਦਰਿਆ ਬਣਿਆ ਦੇਖ ਆਵਾਂ ਜੋ ਪਿਛਲੇ ਕੁਝ ਦਹਾਕਿਆਂ ਵਿਚ ਬੁੱਢਾ ਨਾਲਾ ਬਣ ਗਿਆ ਸੀ। ਦੱਸਦੇ ਹਨ ਕਿ ਅੱਜ ਕੱਲ ਉਸ ਵਿਚ ਵਹਿੰਦੇ ਪਾਣੀ ਦਾ ਰੰਗ ਬਦਲਿਆ ਹੋਇਆ ਹੈ।

ਉਂਝ ਘਰ ਬੈਠਿਆਂ ਲਿਖਣ ਪੜ੍ਹਨ ਦਾ ਸੋਹਣਾ ਮੌਕਾ ਮਿਲ ਜਾਂਦਾ ਹੈ। ਮੋਬਾਇਲ ਨੂੰ ਦੇਖ ਕੇ ਹਥ ਟਿਕਦੇ ਨਹੀਂ ਅਤੇ ਸ਼ੋਸ਼ਲ ਮੀਡੀਆ ’ਤੇ ਬਹੁਤ ਕੁਝ ਦੇਖਣ ਪੜ੍ਹਨ ਨੂੰ ਮਿਲ ਜਾਂਦਾ ਹੈ। ਕੰਮ ਦੀਆਂ ਗੱਲਾਂ ਘੱਟ ਤੇ ਬੇਤੁਕੀਆਂ ਜ਼ਿਆਦਾ। ਇਕ ਨਵਾਂ ਝੁਕਾਅ ਦੇਖਣ ਨੂੰ ਜ਼ਰੂਰ ਮਿਲ ਰਿਹਾ ਹੈ। ਜਣਾ ਖਣਾ ਪਕਵਾਨ ਬਣਾ ਬਣਾ ਕੇ ਉਸ ਦੀਆਂ ਤਸਵੀਰਾਂ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਆਦਿ ਨੂੰ ਭੇਜ ਰਿਹਾ ਹੈ। ਦੇਖਣ ਵਾਲਾ ਇਕ ਦੀ ਥਾਂ ਦੋ-ਦੋ ਤਸਵੀਰਾਂ ਪਾ ਕੇ ਭੇਜਦਾ ਹੈ। ਅਜੀਬ ਦੌੜ ਲੱਗੀ ਹੋਈ ਹੈ। ਅਸੀਂ ਇਹ ਕਿਉਂ ਭੁੱਲ ਰਹੇ ਹਾਂ ਕਿ ਸਾਡੇ ਗੁਆਂਢ ਵਿਚ ਵੀ ਕੋਈ ਅਜਿਹਾ ਟੱਬਰ ਰਹਿ ਰਿਹਾ ਹੋ ਸਕਦਾ ਹੈ, ਜਿਸ ਦਾ ਰੁਜ਼ਗਾਰ ਤਾਂ ਫਿਲਹਾਲ ਮੁੱਕਿਆ ਹੀ ਹੋਵੇ ਅਤੇ ਉਸ ਦੇ ਪੀਪੇ 'ਚੋਂ ਆਟਾ ਵੀ ਮੁੱਕ ਰਿਹਾ ਹੋਵੇ। ਜਿਸ ਨੂੰ ਦੋ ਡੰਗ ਦੀ ਰੋਟੀ ਦੀ ਚਿੰਤਾ ਸਤਾ ਰਹੀ ਹੋਵੇ ਤਾਂ ਉਸ ਦੇ ਦਿਲ ’ਤੇ ਤੁਹਾਡੇ ਬਣਾਏ ਪਕਵਾਨਾ ਦੀ ਖੁਸ਼ਬੋ ਕਿਵੇਂ ਛੁਰੀ ਫੇਰਦੀ ਹੋਵੇਗੀ, ਉਹ ਤਾਂ ਉਹੀ ਦੱਸ ਸਕਦਾ ਹੈ। ਇਸ ਸੰਕਟ ਦੇ ਦੌਰ ਵਿਚ ਸਾਨੂੰ ਸਬਰ ਦਾ ਸਬਕ ਸਿੱਖਣਾ ਚਾਹੀਦਾ ਸੀ ਪਰ ਅਸੀਂ ਕਿਸ ਮਾਨਸਿਕਤਾ ਨੂੰ ਪ੍ਰਗਟਾ ਰਹੇ ਹਾਂ, ਉਹ ਤਾਂ ਹੁਣ ਸਮਝ ਤੋਂ ਹੀ ਬਾਹਰ ਹੈ। ਇਸ ਨਾਲ ਮਨੁੱਖ ਕਦੇ ਵੀ ਖੁਸ਼ ਨਹੀਂ ਰਹਿ ਸਕਦਾ। ਇਸ ਔਖੀ ਘੜੀ ਵਿਚ ਖੁਸ਼ੀ ਦੀ ਤਲਾਸ਼ ਕਰਨੀ ਹੈ ਤਾਂ ਘੱਟੋ ਘੱਟ ਹਫ਼ਤੇ ਵਿਚ ਇਕ ਡੰਗ ਦੀ ਰੋਟੀ ਛੱਡੋ। ਉਸ ਡੰਗ ਦਾ ਭੋਜਨ ਕਿਸੇ ਲੋੜਵੰਦ ਦੇ ਘਰ ਪਹੁੰਚਾਉ ਤਾਂ ਮਹਿਸੂਸ ਕਰੋਗੇ ਕਿ ਜੋ ਖੁਸ਼ੀ ਅਜਿਹਾ ਕਰ ਕੇ ਮਿਲ ਰਹੀ ਹੈ ਉਹ ਤਾਂ ਪਕਵਾਨਾ ਨਾਲ ਢਿੱਡ ਨਾਲ ਤੂੜ ਕੇ ਨਹੀਂ ਮਿਲ ਰਹੀ ਹੋਵੇਗੀ।

ਚਲੋ ਗਲ ਸ਼ੋਸ਼ਲ ਮੀਡੀਆ ’ਤੇ ਪੜ੍ਹੇ ਦੇਖੇ ਜਾਣ ਦੀ ਕਰ ਰਹੇ ਹਾਂ ਤਾਂ ਇਕ ਗਲ ਹੋਰ ਵੀ ਅਕਸਰ ਪ੍ਰੇਸ਼ਾਨ ਕਰਦੀ ਹੈ। ਉਹ ਹੈ ਕਿਸੇ ਲੋੜਵੰਦ ਨੂੰ ਰਾਸ਼ਨ ਦਾ ਸਮਾਨ ਭੇਂਟ ਕਰਦਿਆਂ ਹੋਏ ਲਈਆਂ ਸੇਲਫੀਆਂ ਜਾਂ ਹੋਰ ਤਸਵੀਰਾਂ ਦੇ ਪ੍ਰਦਰਸ਼ਨ ਦੀ। ਅਜਿਹਾ ਕਰਨ ਵਾਲੇ ਦਾਨ ਨਹੀਂ ਦੇ ਰਹੇ ਹੁੰਦੇ ਬਲਕਿ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਜੇ ਸੱਜੇ ਹੱਥ ਨਾਲ ਦਾਨ ਕਰੀਏ ਤਾਂ ਖੱਬੇ ਹੱਥ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ। ਜ਼ਰੂਰੀ ਨਹੀਂ ਕਿ ਲੋੜਵੰਦ ਗਰੀਬ ਹੀ ਹੋਵੇ। ਗ਼ਰੀਬੀ ਦਾ ਸਬੰਧ ਪੈਸੇ ਧੇਲੇ ਦੀ ਥੁੜ ਨਾਲ ਤਾਂ ਹੋ ਸਕਦਾ ਹੈ ਪਰ ਉਸ ਦੀ ਲਿਆਕਤ, ਕਾਬਲੀਅਤ ਅਤੇ ਵਿਵੇਕ ਨਾਲ ਨਹੀਂ । ਜਿਸ ਲੋੜਵੰਦ ਨੂੰ 'ਗਰੀਬ' ਆਖ ਕੇ ਜੇਕਰ ਕੋਈ ਕੁੱਝ ਭੇਂਟ ਕਰ ਵੀ ਰਿਹਾ ਹੈ ਤਾਂ ਇਹ ਗੱਲ ਮਨ ਦੇ ਕਿਸੇ ਕੋਨੇ 'ਚ ਜ਼ਰੂਰ ਵਸੀ ਹੋਣੀ ਚਾਹੀਦੀ ਹੈ ਕਿ ਪਤਾ ਨਹੀਂ ਉਹ ਕਿੰਨੀਆਂ ਕੁ ਥਾਵਾਂ ਤੇ ਤੁਹਾਥੋਂ ਅਮੀਰ ਹੋਵੇ। ਇਸ ਲਈ ਦੇਣ ਵਾਲੇ ਦਾ ਸਿਰ ਕੁਝ ਦੇਣ ਸਮੇਂ ਉਸ ਦਾਤਾ ਸਾਹਮਣੇ ਝੁਕਿਆ ਹੋਣਾ ਚਾਹੀਦਾ ਹੈ, ਜਿਸ ਨੇ ਉਸ ਨੂੰ ਇਸ ਦੇ ਯੋਗ ਕੀਤਾ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਵਾਲੇ ਦੇ ਚੇਹਰੇ ਦਾ ਵੀ ਪਤਾ ਨਹੀਂ ਹੋਣਾ ਚਾਹੀਦਾ। ਫਿਰ ਇਸੇ ਨਿਮਰਤਾ ਦਾ ਅਹਿਸਾਸ ਉਸ ਨੂੰ ਉਸ ਦੀਆਂ ਆਪਣੀਆਂ ਅੱਖਾਂ 'ਚੋਂ ਹੀ ਕਦੇ ਗਿਰਨ ਨਹੀਂ ਦੇਵੇਗਾ।

ਮੋਬਾਇਲ :9878019889


rajwinder kaur

Content Editor

Related News