ਸੁਨਹਿਰੇ ਸਿਧਾਂਤ-‘ਘੱਟ ਬੋਲੋ, ਪਿਆਰ ਨਾਲ ਬੋਲੋ ਅਤੇ ਸੋਚ-ਸਮਝ ਕੇ ਬੋਲੋ’

05/28/2024 6:38:51 PM

ਕਹਿੰਦੇ ਹਨ ਕਿ ਕਿਸੇ ਵਿਅਕਤੀ ਦਾ ਚਰਿੱਤਰ ਉਸ ਦੀ ਬੋਲ-ਚਾਲ ਤੋਂ ਜਾਣਿਆ ਜਾਂਦਾ ਹੈ, ਇਸ ਲਈ ਸਾਨੂੰ ਆਪਣੇ ਵਿਚਾਰਾਂ, ਸ਼ਬਦਾਂ ਅਤੇ ਕਰਮਾਂ ’ਤੇ ਬਹੁਤ ਧਿਆਨ ਦੇਣਾ ਚਾਹੀਦਾ। ਜ਼ਿੰਦਗੀ ’ਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਅਜਿਹੀ ਅਸਾਧਾਰਨ ਸਥਿਤੀ ’ਚ ਫਸ ਜਾਂਦੇ ਹਾਂ, ਜਿਥੇ ਸਾਹਮਣੇ ਵਾਲਾ ਵਿਅਕਤੀ ਸਾਡੇ ’ਤੇ ਗੁੱਸੇ ਹੋ ਕੇ ਸਾਡੇ ਨਾਲ ਹਿੰਸਾ ਭਰਿਆ ਵਤੀਰਾ ਕਰਦਾ ਹੈ ਅਤੇ ਅਸੀਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਬਹੁਤ ਹਮਲਾਵਰ ਹੋ ਜਾਂਦੇ ਹਾਂ।
ਪਰ ਜੇ ਤਜ਼ਰਬੇਕਾਰਾਂ ਦੀ ਸਲਾਹ ਆਦ ਮੰਨੀ ਜਾਵੇ ਅਤੇ ਤਰਕਸ਼ੀਲਤਾ ਨਾਲ ਸੋਚਿਆ ਜਾਵੇ ਤਾਂ ਅਜਿਹੇ ਸਮੇਂ ’ਤੇ, ਜਿਥੇ ਦੋਵੇਂ ਪਾਸੇ ਦਿਮਾਗ ਦੀ ਗਰਮੀ ਆਪਣੇ ਸਿਖਰ ’ਤੇ ਹੁੰਦੀ ਹੈ, ਕਿਸੇ ਇਕ ਨੂੰ ਘਟਨਾ ਸਥਾਨ ਤੋਂ ਦੂਰ ਹਟ ਕੇ ਕੋਈ ਵੀ ਪ੍ਰਤੀਕਿਰਿਆ ਦਿੱਤੇ ਬਿਨਾਂ ਸ਼ਾਤ ਹੋ ਕੇ ਚਲੇ ਜਾਣਾ ਚਾਹੀਦਾ ਹੈ।
ਯਾਦ ਰੱਖੋ, ਜਦੋਂ ਕੋਈ ਗੁੱਸੇ ਦੀ ਅੱਗ ’ਚ ਸੜ ਕੇ ਸਾਨੂੰ ਉਸ ਦੀਆਂ ਲਪਟਾਂ ’ਚ ਲੈਣਾ ਚਾਹੁੰਦਾ ਹੈ, ਅਜਿਹੇ ਸਮੇਂ ’ਤੇ ਉਸ ਤੋਂ ਦੂਰ ਹੋ ਕੇ ਖੁਦ ਨੂੰ ਬਚਾਉਣ ’ਚ ਹੀ ਸਮਝਦਾਰੀ ਹੈ। ਖੁਦ ਨੂੰ ਸ਼ਾਤ ਰੱਖਣ ਲਈ ਸਾਨੂੰ ਹਮੇਸ਼ਾ ਇਕ ਗੱਲ ਯਾਦ ਰੱਖਣੀ ਹੈ ਕਿ ਜਦੋਂ ਕੋਈ ਸਾਡੇ ਸਾਹਮਣੇ ਗੁੱਸਾ ਕਰਦਾ ਹੈ ਤਾਂ ਉਹ ਸਾਡੀ ਸਮੱਸਿਆ ਨਹੀਂ ਹੈ ਸਗੋਂ ਉਹ ਅਸਲ ’ਚ ਉਸ  ਦੀ ਦੁਚਿੱਤੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਪਿੱਛੇ ਹਟਣ ਨਾਲ ਜਾਂ ਚੁੱਪ ਬੈਠ ਜਾਣ ਨਾਲ ਅਸੀਂ ਹੋਰਾਂ ਦੀਆਂ ਨਜ਼ਰਾਂ ’ਚ ਡਰਪੋਕ ਬਣ ਜਾਵਾਂਗੇ, ਪਰ ਅਜਿਹਾ ਬਿਲਕੁਲ ਨਹੀਂ ਹੈ, ਕਿਉਂਕਿ ਵਿਵੇਕ ਕਹਿੰਦਾ ਹੈ ਕਿ ਹਾਲਾਤ ਠੰਢੇ ਹੋ ਜਾਣ ਤੋਂ ਬਾਅਦ ਉਸ ਦਾ ਹੱਲ ਕੱਢਣਾ ਬਹੁਤ ਸੌਖਾ ਹੋ ਜਾਂਦਾ ਹੈ। ਇਸ ਲਈ ਆਪਣੇ ਅੰਦਰ ਦੇ ਗੁੱਸੇ ਨੂੰ ਦਬਾ ਕੇ ਰੱਖਣਾ ਬੇਵਜ੍ਹਾ ਆਪਣੀ ਹੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੀ ਗਲਤ ਚੇਸ਼ਠਾ ਹੈ। ਜਿਸ ਨਾਲ ਹਾਈ ਬਲੱਡ ਪ੍ਰੈਸ਼ਰ, ਬ੍ਰੇਨ ਸਟ੍ਰੋਕ ਅਤੇ ਇਥੋਂ ਤੱਕ ਕਿ ਦਿਲ ਦੇ ਦੌਰੇ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਬਣ ਸਕਦੇ ਹਾਂ,  ਇਸ ਲਈ ਜਦੋਂ ਵੀ ਕਿਸੇ ਹਿੰਸਾਤਮਕ ਟਕਰਾਅ ਭਰੀ ਸਥਿਤੀ ’ਚ ਅਸੀਂ ਖੁਦ ਨੂੰ ਪਾਉਂਦੇ ਹਾਂ, ਉਦੋਂ ਆਪਣੀ ਸੁਰੱਖਿਆ ਲਈ ਸਾਨੂੰ ਚੁੱਪ ਧਾਰਨ ਕਰ ਕੇ ਇਕ ਨਿਰਪੱਖ ਦਰਸ਼ਕ ਬਣ ਕੇ ਉਸ ਸਥਿਤੀ ਨਾਲ ਨਜਿੱਠਣਾ ਹੈ।
ਪਹਿਲਾਂ ਸਾਂਝੇ ਪਰਿਵਾਰ ਦਾ ਢਾਂਚਾ ਹੋਇਆ ਕਰਦਾ ਸੀ, ਜਿਥੇ ਸਮਾਜਿਕ ਤੌਰ ’ਤੇ ਪ੍ਰਮਾਣਿਤ ਰੀਤੀ-ਰਿਵਾਜ਼ਾਂ ਅਤੇ ਰਵਾਇਤਾਂ ਦੁਆਰਾ ਹਰੇਕ ਮੈਂਬਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਗਿਆ ਸੀ, ਜਿਸ ਕਾਰਨ ਹਰ ਕਿਸੇ ਨੂੰ ਭਾਵਨਾਤਮਕ ਸੁਰੱਖਿਆ ਮਹਿਸੂਸ ਹੁੰਦੀ ਸੀ। ਇਸ ਸਮਾਜਿਕ ਢਾਂਚੇ ਦੀ ਵਜ੍ਹਾ ਨਾਲ ਜਦੋਂ ਕਦੇ ਕੋਈ ਵਿਵਾਦ ਜਾਂ ਸੰਘਰਸ਼ ਦੇ ਹਾਲਾਤ ਪੈਦਾ ਹੁੰਦੇ ਸਨ, ਤਾਂ ਉਸ ਨੂੰ ਆਮ ਤੌਰ ’ਤੇ ਪਰਿਵਾਰ ਵਾਲਿਆਂ ਵੱਲੋਂ  ਜਾਂ ਪਿੰਡ ਦੇ ਵੱਡੇ-ਬਜ਼ੁਰਗਾਂ ਦੀ ਸਲਾਹ ਅਨੁਸਾਰ ਸੁਲਝਾ ਲਏ ਜਾਂਦੇ ਸਨ।
ਪਰ ਹੁਣ ਸਾਂਝੇ ਪਰਿਵਾਰ ਦੀ ਥਾਂ ਛੋਟੇ  ਪਰਿਵਾਰ ਦੇ ਢਾਂਚੇ ਨੇ ਲੈ ਲਈ ਹੈ, ਨਤੀਜੇ ਵਜੋਂ ਹਰ ਇਕ ਦੇ ਮਨ ’ਚ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੇ ਬਾਰੇ ’ਚ ਭਰਮ ਪੈਦਾ ਹੋ ਗਿਆ ਹੈ। ਇਸ ਬਦਲੀ ਹੋਈ ਸਮਾਜਿਕ ਸਥਿਤੀ ’ਚ ਖੁਦ ਨੂੰ ਢਾਲਣ ’ਚ ਅਸਮਰੱਥ ਮਨੁੱਖ ਨਾ ਖੁਦ ਨੂੰ ਸੁਖੀ ਕਰ ਪਾਉਂਦਾ ਹੈ ਅਤੇ ਨਾ ਹੀ ਆਪਣੇ ਪਰਿਵਾਰ ਨੂੰ।
ਤਾਂ ਹੀ ਤਾਂ ਅਸੀਂ ਰੋਜ਼ ਸੁਣਦੇ ਤੇ ਪੜ੍ਹਦੇ ਹਾਂ ਕਿ ਕਿਵੇਂ ਛੋਟੇ-ਛੋਟੇ ਝਗੜੇ ਅੱਜ ਤਲਾਕ ਦਾ ਰੂਪ ਲੈ ਲੈਂਦੇ ਹਨ ਅਤੇ ਕਿਤੇ-ਕਿਤੇ ਤਾਂ ਹਲਕਾ ਅਪਮਾਨ ਮਨੁੱਖ ਨੂੰ ਖੂਨੀ ਬਣਨ  ਲਈ ਮਜਬੂਰ ਕਰ ਦਿੰਦਾ ਹੈ।
ਅਜਿਹੇ  ਮਾਹੌਲ  ਦੇ  ਅਧੀਨ ਜੇਕਰ ਅਸੀਂ ਖੁਦ ਨੂੰ ਸੁਰੱਖਿਅਤ, ਤਣਾਅ-ਮੁਕਤ ਅਤੇ ਸੁਖੀ ਰੱਖਣਾ ਚਾਹੁੰਦੇ ਹਾਂ ਤਾਂ ‘ਘੱਟ ਬੋਲੋ’, ਪਿਆਰ ਨਾਲ ਬੋਲੋ ਅਤੇ ‘ਸੋਚ-ਸਮਝ ਕੇ ਬੋਲੋ, ਦੇ ਸੁਨਹਿਰੇ ਸਿਧਾਂਤ ਦਾ ਪਾਲਣ ਸਾਨੂੰ ਹਰ ਹਾਲ ’ਚ ਕਰਨਾ ਹੋਵੇਗਾ।
ਤਾਂ ਆਓ.. ਅੱਜ ਤੋਂ ਅਸੀਂ ਸਾਰੇ ਇਸ ਰੌਲੇ-ਰੱਪੇ ਵਾਲੀ ਦੁਨੀਆ ਵਿਚ ਰਹਿੰਦੇ ਹੋਏ ਥੋੜ੍ਹਾ ਚੁੱਪ ਰਹਿ ਕੇ ਸ਼ਾਂਤੀ ਦੀ ਸ਼ਕਤੀ ਨੂੰ ਇਕੱਠਾ ਕਰੀਏ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਨਹਿਰਾ ਬਣੇ।

—ਰਾਜਯੋਗੀ ਬ੍ਰਹਮਾਕੁਮਾਰ ਨਿਕੁੰਜ ਜੀ


Aarti dhillon

Content Editor

Related News