ਗਠੀਏ ਦੇ ਰੋਗੀਆਂ ਲਈ ਬੇਹੱਦ ਫ਼ਾਇਦੇਮੰਦ ਹੈ ਅਦਰਕ ਵਾਲਾ ਦੁੱਧ, ਕਰਦਾ ਹੈ ਹੋਰ ਵੀ ਬੀਮਾਰੀਆਂ ਦੂਰ
Wednesday, Oct 28, 2020 - 10:43 AM (IST)

ਜਲੰਧਰ: ਅਦਰਕ ਸਾਡੀ ਰਸੋਈ ਦੇ ਜ਼ਰੂਰੀ ਮਸਾਲਿਆਂ 'ਚੋਂ ਇਕ ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਸਿਰਫ਼ ਸਬਜ਼ੀ ਦਾ ਸੁਆਦ ਵਧਾਉਣ ਲਈ ਨਹੀਂ ਸਗੋਂ ਚਾਹ ਅਤੇ ਕਾੜ੍ਹੇ 'ਚ ਵੀ ਕੀਤੀ ਜਾਂਦੀ ਹੈ। ਆਯੁਰਵੈਦਿਕ ਮਾਹਿਰ ਤਾਂ ਇਸ ਨੂੰ ਇਕ ਸ਼ਕਤੀਸ਼ਾਲੀ ਪਾਚਕ ਦੇ ਰੂਪ 'ਚ ਲੈਣ ਦੀ ਸਲਾਹ ਦਿੰਦੇ ਹਨ। ਸੌਂਠ ਦੇ ਲੱਡੂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ,
ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਰ ਜੇ ਤੁਸੀਂ ਅਦਰਕ ਨੂੰ ਦੁੱਧ 'ਚ ਮਿਲਾ ਕੇ ਪੀਓਗੇ ਤਾਂ ਇਹ ਵੀ ਸਿਹਤ ਲਈ ਗੁਣਕਾਰੀ ਹੈ। ਅਦਰਕ ਦਾ ਦੁੱਧ ਐਂਟੀਇੰਫਲਾਮੈਂਟਰੀ, ਐਂਟੀਬੈਕਟੀਰੀਆ ਅਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਦਰਕ ਵਾਲਾ ਦੁੱਧ ਪੌਸ਼ਟਿਕ ਖ਼ੁਰਾਕ ਦੇ ਨਾਲ ਇਕ ਦਵਾਈ ਵੀ ਹੈ, ਜੋ ਸਰਦੀ, ਜ਼ੁਕਾਮ, ਵਾਇਰਲ, ਫਲੂ, ਇਨਫੈਕਸ਼ਨ ਤੋਂ ਬਚਾਉਣ 'ਚ ਸਹਾਇਕ ਹੈ।
ਕਿਵੇਂ ਬਣਾਈਏ ਅਦਰਕ ਵਾਲਾ ਦੁੱਧ: ਇਕ ਛੋਟਾ ਜਿਹਾ ਅਦਰਕ ਦਾ ਟੁੱਕੜਾ ਲੈ ਕੇ ਉਸ ਨੂੰ ਬਾਰੀਕ ਜਿਹਾ ਕੁੱਟ ਲਵੋ ਅਤੇ ਇਕ ਗਿਲਾਸ ਦੁੱਧ ਨੂੰ ਹਲਕੇ ਸੇਕ 'ਤੇ ਕੁਝ ਸਮਾਂ ਉਬਾਲੋ। ਫਿਰ ਛਾਣ ਕੇ ਸ਼ਹਿਦ ਮਿਲਾ ਕੇ ਪੀਓ।
ਅਦਰਕ ਵਾਲਾ ਦੁੱਧ ਪੀਣ ਦੇ ਫ਼ਾਇਦੇ
ਅਸਥਮਾ, ਖੰਘ, ਜ਼ੁਕਾਮ, ਕਫ, ਸਾਹ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ ਅਦਰਕ ਦਾ ਦੁੱਧ। ਅਸਥਮਾ 'ਚ ਰੋਜ਼ਾਨਾ ਅਦਰਕ ਪੀਸ ਕੇ ਬਣਨ ਵਾਲੀ ਚਾਹ ਅਤੇ ਦੁੱਧ ਦੋਵੇਂ ਹੀ ਪੀਣਾ ਫ਼ਾਇਦੇਮੰਦ ਹੁੰਦੇ ਹਨ।
ਅਦਰਕ ਦਾ ਦੁੱਧ ਇਮਿਊਨ ਸਿਸਟਮ ਵਧਾਉਣ 'ਚ ਸਹਾਇਕ ਹੈ। ਅਦਰਕ ਦਾ ਦੁੱਧ ਕਈ ਤਰ੍ਹਾਂ ਦੇ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।
ਪਾਚਨ ਸ਼ਕਤੀ ਵਧਾਉਣ 'ਚ ਅਦਰਕ ਦਾ ਦੁੱਧ ਫ਼ਾਇਦੇਮੰਦ ਹੈ। ਐਸੀਡਿਟੀ, ਕਬਜ਼, ਪੇਟ ਦਰਦ, ਪਾਚਨ ਦੀ ਸਮੱਸਿਆ 'ਚ ਰੋਜ਼ਾਨਾ ਸਵੇਰੇ-ਸ਼ਾਮ ਅਦਰਕ ਵਾਲਾ ਦੁੱਧ ਪੀਓ।
ਗਠੀਏ ਤੋਂ ਪ੍ਰੇਸ਼ਾਨ ਰੋਗੀਆਂ ਲਈ ਅਦਰਕ ਦਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦਾ ਦੁੱਧ ਸਰੀਰ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕਰ ਦਿੰਦਾ ਹੈ, ਜਿਸ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ।