ਜੰਗਲਾਤ ਮਹਿਕਮੇ ਨਾਲ਼ ਸੰਬੰਧਿਤ ਕੈਰੀਅਰ ਤੇ ਰੋਜ਼ਗਾਰ ਦੇ ਮੌਕੇ

04/09/2020 3:23:41 PM

ਪ੍ਰੋ. ਜਸਵੀਰ ਸਿੰਘ, 7355054463
ਕੁਦਰਤ ਬੜੀ ਨਿਆਰੀ ਹੈ। ਜਿਸ ਵਿਚ ਅਨੇਕਾਂ ਜੀਵ ਜੰਤੂ, ਰੁੱਖ ਬੂਟੇ ਅਤੇ ਕੀੜੇ ਮਕੌੜੇ ਆਪਣੀ ਹੋਂਦ ਰੱਖਦੇ ਹਨ। ਬੇਸ਼ੱਕ ਇਨ੍ਹਾਂ ਵਿਚ ਮਨੁੱਖ ਨੂੰ ਬੌਧਿਕ ਪੱਧਰ ਉੱਤੇ ਅਤੇ ਆਪਣੀ ਚੇਤਨਤਾ ਕਰਕੇ ਸ੍ਰੇਸ਼ਟ ਜੀਵ ਕਿਹਾ ਜਾਂਦਾ ਹੈ। ਪਰ ਕਾਇਨਾਤ ਦੀ ਸਹਿਜ ਅਤੇ ਸੁਖਾਵੀ ਬਿਰਤੀ ਬਣੀ ਰਹੇ, ਇਸ ਲਈ ਰੁੱਖਾਂ-ਬੂਟਿਆਂ, ਚਾਰਗਾਹਾਂ, ਹਰਿਆਲੀ, ਜੰਗਲੀ ਜਨ ਜੀਵਨ ਨੂੰ ਬਚਾਉਣਾ ਅਤੇ ਉਨ੍ਹਾਂ ਦੀ ਹੋਂਦ ਨੂੰ ਸਦੀਵਤਾ ਵਜੋਂ ਕਾਇਮ ਕਰਨ ਹਿੱਤ ਸਰਕਾਰ ਦੁਆਰਾ 'ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ, ਵਿਭਾਗ' ਦੀ ਸਥਾਪਨਾ ਕੀਤੀ ਗਈ ਹੈ। ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ ਵਿਭਾਗ ਅਧੀਨ ਵੱਖ ਵੱਖ ਐਕਟਾ ਰਾਹੀਂ ਜੰਗਲਾਂ ਅਤੇ ਜੰਗਲੀ ਜੰਤੂਆਂ ਦੀ ਸਾਂਭ ਸੰਭਾਲ ਦੇ ਯਤਨਾਂ ਨੂੰ ਸਾਰਥਕ ਬਣਾਇਆ ਜਾਂਦਾ ਹੈ। ਜਿਵੇਂ - ਪੰਜਾਬ ਜੰਗਲਾਤ (ਲੱਕੜੀ ਦੀ ਵਿਕਰੀ) ਐਕਟ- 1913, ਭਾਰਤੀ ਜੰਗਲਾਤ ਐਕਟ -1927, ਜੰਗਲੀ ਜੀਵ ਜੰਤੂ (ਸੰਭਾਲ) ਐਕਟ- 1972 । 

ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ, ਮਹਿਕਮੇ ਵਲੋਂ ਪੰਜਾਬ ਰਾਜ ਵਿਚ ਜੰਗਲਾਂ ਅਤੇ ਰੁੱਖਾਂ ਦੀ ਸੰਭਾਲ ਲਈ ਕਿਸਾਨਾਂ ਅਤੇ ਲੋਕਾਂ (ਪਬਲਿਕ) ਨੂੰ ਸੁਚੇਤ ਕਰਨ ਅਤੇ ਵੱਖ-ਵੱਖ ਅਹੁਦਿਆਂ ਲਈ ਕਾਮਿਆਂ ਨੂੰ ਰੁਜ਼ਗਾਰ ਦੇਣਾਂ, ਕੁਦਰਤ ਕੈਂਪਾਂ ਦਾ ਆਯੋਜਨ ਕੀਤਾ ਜਾਣਾ ਯਕੀਨੀ ਬਣਾਇਆ ਜਾਂਦਾ ਹੈ। ਜੰਗਲਾਤ ਅਤੇ ਜੰਗਲੀ ਜੀਵ ਜੰਤੂਆਂ ਦੀ ਸੰਭਾਲ ਲਈ ਮਹਿਕਮੇ ਅਧੀਨ ਵੱਖ ਵੱਖ ਅਹੁੱਦੇ ਜਿਵੇਂ ਫੌਰੈਸਟ ਰੇਂਜਰ, ਫੌਰੇਸਟ ਗਾਰਡ ਅਤੇ ਵਾਇਲਡ ਲਾਈਫ ਅਤੇ ਗੇਮ ਵਾਚਰ ਆਦਿ ਹਨ ।

ਫੌਰੈਸਟ ਰੇਂਜਰ ਦੇ ਅਹੁੱਦੇ ਲਈ ਉਮੀਦਵਾਰ ਦੀ ਉਮਰ ਘੱਟੋ ਘੱਟ 18 ਸਾਲ ਤੋਂ 37 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਜਦਕਿ ਕੇਂਦਰ ਸਰਕਾਰ ਅਧੀਨ ਉਮਰ ਹੱਦ 18 ਤੋਂ 30 ਸਾਲ ਦੇ ਵਿਚਕਾਰ ਹੋਵੇ। ਮਸਲਨ ਓ.ਬੀ.ਸੀ. ਅਤੇ ਐੱਸ.ਸੀ. ਲਈ ਉੱਪਰਲੀ ਉਮਰ ਹੱਦ ਵਿਚ ਪੰਜ ਸਾਲ ਦੀ ਛੋਟ ਹੁੰਦੀ ਹੈ। ਜਦ ਕਿ ਕੇਂਦਰ ਸਰਕਾਰ ਦੀਆਂ ਭਰਤੀ ਦੌਰਾਨ ਓ.ਬੀ.ਸੀ. ਲਈ ਤਿੰਨ ਸਾਲ ਅਤੇ ਐੱਸ.ਸੀ. ਲਈ ਉੱਪਰਲੀ ਉਮਰ ਹੱਦ ਵਿਚ ਪੰਜ ਸਾਲ ਦੀ ਛੋਟ ਹੁੰਦੀ ਹੈ। ਉਮੀਦਵਾਰ ਦੀ ਪੜ੍ਹੀਈ ਘੱਟੋ ਘੱਟ ਬੀ.ਏ. ਹੋਣੀ ਲਾਜ਼ਮੀ ਹੈ। ਜਿਸ ਵਿਚ ਐਗਰੀਕਲਚਰ, ਬੌਟਨੀ, ਕਮਿਸਟਰੀ, ਕੰਪਿਊਟਰ ਐਪਲੀਕੇਸ਼ਨ, ਕੰਪਿਊਟਰ ਸਾਈਸ, ਇੰਜੀਨੀਅਰਿੰਗ ਐਗਰੀਕਲਚਰ, ਕੈਮੀਕਲ, ਸਿਵਲ, ਇਨਵੈਸਟਮੈਂਟ ਸਾਈਸ ਅਤੇ ਫੌਰੇਸਟੀ ਆਦਿ ਵਿਸ਼ਿਆਂ ਵਿਚੋਂ ਕੋਈ ਇਕ ਵਿਸ਼ਾ ਗਰੈਜੂਏਸ਼ਨ ਵਿਚ ਪੜ੍ਹਿਆ ਹੋਵੇ।

ਇਸ ਅਹੁੱਦੇ ਲਈ ਸਰੀਰਕ ਮਾਪਦੰਡ ਮੁੰਡਿਆਂ ਅਤੇ ਕੁੜੀਆਂ ਲਈ ਕ੍ਰਮਵਾਰ ਲਈ - ਕੱਦ : 163 ਸੈਟੀਂਮੀਟਰ ਅਤੇ 150 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਛਾਤੀ ਬਿੰਨਾਂ ਫੁਲਾਏ ਕ੍ਰਮਵਾਰ 84 ਸੈਂਟੀਮੀਟਰ ਅਤੇ 79 ਸੈਂਟੀਮੀਟਰ ਹੋਵੇ ਅਤੇ ਫੁਲਾਕੇ ਕ੍ਰਮਵਾਰ 89 ਸੈਂਟੀਮੀਟਰ ਅਤੇ 84 ਸੈਂਟੀਮੀਟਰ ਹੋਵੇ।

ਫੌਰੈਸਟ ਗਾਰਡ ਦੀ ਭਰਤੀ ਲਈ ਜ਼ਰੂਰੀ ਸ਼ਰਤਾਂ
ਉਮੀਦਵਾਰ ਦੀ ਉਮਰ 18 ਸਾਲ ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਸ ਦੀ ਘੱਟੋ ਘੱਟ ਪੜ੍ਹਾਈ/ ਕੁਆਲੀਫੀਕੇਸ਼ਨ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਸਰੀਰਕ ਮਾਪਦੰਡ ਫੌਰੈਸਟ ਰੇਂਜਰ ਦੇ ਅਹੁੱਦੇ ਮੁਤਾਬਕ ਹੋਣਾ ਜ਼ਰੂਰੀ ਹੈ। ਵਾਇਲਡ ਲਾਈਫ਼ ਅਤੇ ਗੇਮ ਵੌਚਰ ਦੇ ਅਹੁੱਦੇ ਲਈ ਉਮੀਦਵਾਰ ਦੀ ਉਮਰ 18 ਸਾਲ ਤੋਂ 27 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਅਪਲਾਈ ਕਰਤਾ ਦੀ ਪੜ੍ਹਾਈ ਘੱਟੋ ਘੱਟ ਦਸਵੀਂ ਪਾਸ ਤੱਕ ਹੋਵੇ। ਇੱਥੇ ਯਾਦ ਰੱਖਣ ਯੋਗ ਹੈ ਕਿ ਭਾਰਤ ਸਰਕਾਰ ਵਲੋਂ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਪੋਸਟਾਂ ਲਈ ਇੰਟਰਵਿਊ ਖ਼ਤਮ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਵੱਖ ਵੱਖ ਪੋਸਟਾਂ ਵਿਚ ਅਪਲਾਈ ਕਰਨ ਲਈ ਪੰਜਾਬ ਦੇ ਜੰਗਲਾਤ ਮਹਿਕਮੇ ਵਿਚ 'ਅਪਲਾਈ ਫੀਸ' ਮੌਜੂਦਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੱਖੀ ਜਾਂਦੀ ਹੈ ਜਦ ਕਿ ਕੇਂਦਰ ਸਰਕਾਰ ਅਧੀਨ ਭਰਤੀ ਵੇਲੇ ਅਪਲਾਈ ਫੀਸ ਓ.ਬੀ.ਸੀ. ਕੁੜੀਆਂ ਅਤੇ ਐੱਸ.ਸੀ. ਮੁੰਡਿਆਂ-ਕੁੜੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ।

ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ, ਮਹਿਕਮੇ ਵਿਚ ਫੌਰੈਸਟ ਗਾਈਡ, ਵਿਭਾਗੀ ਅਹੁੱਦੇ ਜਿਵੇਂ ਕਲਰਕ, ਸਟੈਨੋਗ੍ਰਾਫਰ, ਜੀਵ ਜੰਤੂ ਮਾਹਰ ਆਦਿ ਦੇ ਨਾਲ-ਨਾਲ ਵਣ ਮਹਿਕਮੇ ਵਿਚ ਡਰਾਇਵਰ ਦੀ ਭਰਤੀ ਲਈ ਵੀ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਜਿੰਨ੍ਹਾਂ ਦੇ ਨੋਟੀਫਿਕੇਸ਼ਨ ਵੱਖ ਵੱਖ ਸਮੇਂ ਅਖ਼ਬਾਰਾਂ ਵਿਚ ਦੇਖੇ ਜਾ ਸਕਦੇ ਹਨ। ਇਨ੍ਹਾਂ ਵੱਖ ਵੱਖ ਅਹੁੱਦਿਆਂ ਨੂੰ ਮੱਦੇਨਜ਼ਰ ਰੱਖਦਿਆਂ ਮਹਿਕਮੇ ਵਲੋਂ ਲਿਖਤੀ ਟੈਸਟ ਲਿਆ ਜਾਂਦਾ ਹੈ। ਜਦ ਕਿ ਡਰਾਈਵਰ ਦੀ ਭਰਤੀ ਮੌਕੇ ਲਾਇਸੈਂਸ ਅਤੇ ਡਰਾਇਵਿੰਗ ਤਜ਼ੁਰਬਾ ਵਾਚਿਆ ਜਾਂਦਾ ਹੈ।  ਦੋਸਤੋ! ਨਵੀਆਂ ਭਰਤੀਆਂ ਅਤੇ ਅਪਡੇਟਡ ਜਾਣਕਾਰੀ ਲਈ ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ, ਵਿਭਾਗ (ਪੰਜਾਬ) ਦੀ ਵੈਬਸਾਈਟ -www.pbforests.gov.in 'ਤੇ ਲਾਗਿਨ ਕੀਤਾ ਜਾ ਸਕਦਾ ਹੈ।
 


Vandana

Content Editor

Related News