ਕੀ ਚਾਹੁੰਦੇ ਹੋ ਤੁਸੀਂ ਦੌਲਤ, ਸ਼ੋਹਰਤ ਜਾਂ ਸੱਤਾ

04/05/2020 11:36:09 AM

ਡਾ: ਹਰਜਿੰਦਰ ਵਾਲੀਆ

ਵੈਨਕੂਵਰ ਦੇ ਇਕ ਐਡੀਸ਼ਨ ਵਿਚ ਛਪੇ ਹਾਸ਼ੀਏ ਦੇ ਆਰ-ਪਾਰ ਕਾਲਮ ਵਿਚ 'ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ' ਸਿਰਲੇਖ ਹੇਠ ਪ੍ਰਸਾਰਿਤ ਹੋਏ ਮੇਰੇ ਲੇਖ ਨੂੰ ਪੜ੍ਹ ਕੇ ਮੈਨੂੰ ਇਕ ਫੋਨ ਆਉਂਦਾ ਹੈ: 'ਮੈਂ ਵੈਨਕੂਵਰ ਤੋਂ ਮਨਜੀਤ ਕੌਰ ਕੰਗ ਬੋਲ ਰਹੀ ਹਾਂ। ਮੈਂ ਰੇਡੀਓ ਰੈਡ ਐਫ. ਐਫ. ਵਿਚ 'ਸਮੁੰਦਰੋਂ ਪਾਰ' ਪ੍ਰੋਗਰਾਮ ਦੀ ਹੋਸਟ ਹਾਂ। ਮੈਂ ਐਡੀਸ਼ਨ ਵਿਚ ਛਪੇ ਤੁਹਾਡਾ ਆਰਟੀਕਲ 'ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ' ਪੜ੍ਹਿਆ ਹੈ। ਮੈਂ ਇਸ ਆਰਟੀਕਲ ਬਾਰੇ ਇਕ ਟਾਕ ਸ਼ੋਅ ਕਰਨਾ ਚਾਹੁੰਦੀ ਹਾਂ।'ਮੈਂ ਸਹਿਮਤੀ ਦਿੰਦਾ ਹਾਂ ਅਤੇ ਅਗਲੇ ਦਿਨ ਭਾਰਤੀ ਟਾਈਮ ਮੁਤਾਬਕ ਸਵੇਰੇ ਸਾਢੇ 7 ਵਜੇ ਪ੍ਰੋਗਰਾਮ ਵਿਚ ਗੱਲਬਾਤ ਕਰਨੀ ਤਹਿ ਹੋ ਜਾਂਦੀ ਹੈ। 

ਨਿਸਚਿਤ ਵਕਤ ਤੇ ਹੋਸਟ ਮਨਜੀਤ ਕੰਗ ਦਾ ਫੋਨ ਆਉਂਦਾ ਹੈ। ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਵਿਚ ਦੱਸਦਾ ਹਾਂ ਕਿ ਮਨੁੱਖੀ ਮਨ ਵਿਚ ਪੈਦਾ ਹੁੰਦੇ ਵਿਚਾਰ ਅਜਿਹੀਆਂ ਤਰੰਗਾਂ ਪੈਦਾ ਕਰਦੇ ਹਨ ਜੋ ਚੁੰਬਕੀ ਸ਼ਕਤੀ ਵਾਂਗ ਮਨਚਾਹੀਆਂ ਚੀਜ਼ਾਂ ਆਪਣੇ ਵੱਲ ਖਿੱਚਣ ਦੇ ਸਮਰੱਥ ਹੁੰਦੇ ਹਨ। ਜਿਸ ਕਿਸ ਨੇ ਵੀ ਦੌਤ, ਸ਼ੋਹਰਤ ਅਤੇ ਸੱਤਾ ਪ੍ਰਾਪਤ ਕਰਨੀ ਹੈ, ਤਾਂ ਉਸਨੂੰ ਇਸ ਚੁੰਬਕੀ ਖਿੱਚ ਦੇ ਸਿਧਾਂਤ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ''ਇਉਂ ਤਾਂ ਹਰ ਬੰਦਾ ਅਮੀਰ ਬਣਨਾ ਚਾਹੁੰਦਾ ਹੈ ਪਰ ਸਾਰੇ ਅਮੀਰ ਕਿਉਂ ਨਹੀਂ ਬਣਦੇ'' ਮਨਜੀਤ ਕੰਗ ਦਾ ਸਵਾਲ ਹੈ। ''ਬਿਲਕੁਲ ਹਰ ਵਿਅਕਤੀ ਸਫਲ ਹੋਣਾ ਚਾਹੁੰਦਾ ਹੈ ਅਤੇ ਦੌਲਤ ਵੀ ਪਰ ਸੱਚੀ ਗੱਲ ਹੈ ਕਿ ਜੋ ਵਿਅਕਤੀ ਦਿਲੋਂ ਆਪਣੇ ਆਪ ਨੂੰ ਦੌਲਤਮੰਦ ਮਹਿਸੂਸ ਕਰਦਾ ਹੋਇਆ ਪੂਰਨ ਇੱਛਾ ਸ਼ਕਤੀ, ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰਦਾ ਹੈ, ਨਿਸਚਿਤ ਤੌਰ 'ਤੇ ਕੁਦਰਤ ਉਸਦਾ ਸਾਥ ਦਿੰਦੀ ਹੈ। 

ਜਿਹੜੇ ਲੋਕ ਆਪਣੇ ਇਸ ਸਫਰ ਦੌਰਾਨ ਸੰਦੇਹ ਅਤੇ ਸ਼ੱਕ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੇ ਮਨ ਵਿਚ ਨਕਾਰਾਤਮਕ ਵਿਕਾਰਾਂ ਨੂੰ ਜਗ੍ਹਾ ਦੇ ਦਿੰਦੇ ਹਨ ਤਾਂ ਉਹਨਾਂ ਦੀ ਸਫਲਤਾ ਸ਼ੱਕੀ ਹੋ ਜਾਂਦੀ ਹੈ। ਜੇ ਕੋਈ ਆਪਣੇ ਮਕਾਨ ਦੀਆਂ ਕਿਸ਼ਤਾਂ ਮੋੜਨ ਲਈ ਕਰਜ਼ੇ ਬਾਰੇ ਹੀ ਸੋਚਦਾ ਰਹੇਗਾ ਤਾਂ ਉਸਨੂੰ ਕਰਜੇ ਦਾ ਹੀ ਸੁਨੇਹਾ ਮਿਲੇਗਾ, ਕਿਉਂਕਿ ਇਸ ਸਿਧਾਂਤ ਅਨੁਸਾ ਜੋ ਦਿਲੋਂ ਸੋਚੋਗੇ, ਉਹੀ ਪਾਓਗੇ। ਜਿਵੇਂ ਸਾਡੀ ਲੋਕ ਧਾਰਾ ਕਹਿੰਦੀ ਹੈ 'ਜਿਹੀ ਨੀਅਤ ਤੇਹੀ ਮੁਰਾਦ'। ਇਸ ਤਰ੍ਹਾਂ ਮੈਂ ਹੋਸਟ ਦੇ ਸਵਾਲ ਦਾ ਜਵਾਬ ਦਿੰਦਾ ਹਾਂ। ''ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ। ਤੁਸੀਂ ਲੋਕਾਂ ਦਾ ਧਿਆਨ ਖਿੱਚਣ ਲਈ ਲਿਖਿਆ ਹੈ 'ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ।' ਮੇਰੇ ਖਿਆਲ ਵਿਚ ਇਹ ਠੀਕ ਨਹੀਂ।

'ਤੁਹਾਡਾ ਅਜਿਹਾ ਸੋਚਣ ਦਾ ਹੱਕ ਹੈ। ਦੂਜੇ ਪਾਸੇ ਮੈਂ ਸਮਝਦਾ ਹਾਂ ਕਿ ਮੈਂ ਕਰੋੜਪਤੀ ਹੀ ਕਿਉਂ ਲਿਖਿਆ, ਮੈਂ ਅਰਬਪਤੀ ਕਿਉਂ ਨਹੀਂ ਲਿਖਿਆ। 'ਲੇ ਦੇ ਕੇ ਹਮਾਰੇ ਪਾਸ ਏਕ ਨਜ਼ਰ ਹੀ ਤੋ ਹੈ ਕਿਉਂ ਦੇਖੇਂ ਦੁਨੀਆ ਕੋ ਕਿਸੀ ਔਰ ਨਜ਼ਰ ਸੇ ਹਮ।'' ਮੈਂ ਇਸ ਸ਼ੇਅਰ ਨਾਲ ਜਵਾਬ ਦਿੰਦਾ ਹਾਂ। ਚਲੋ ਛੱਡੋ, ਇਹ ਦੱਸੋ ਕਿ ਉਤਰਾਖੰਡ ਵਿਚ ਜੋ ਤਬਾਹੀ ਹੋਈ ਉਸ ਬਾਰੇ ਕਿਸੇ ਨੇ ਕਦੇ ਸੋਚਿਆ ਸੀ। ਉਹ ਤਾਂ ਧਾਰਮਿਕ ਯਾਤਰਾ ਤੇ ਗਏ ਸਨ। ਹਜ਼ਾਰਾਂ ਲੋਕ ਮਾਰੇ ਗਏ।' ਮਨਜੀਤ ਕੌਰ ਕੰਗ ਨੇ ਇਕ ਹੋਰ ਸਵਾਲ ਕੀਤਾ। 'ਬਿਲਕੁਲ ਠੀਕ ਕਹਿ ਰਹੇ ਹੋ, ਇਸ ਤਰ੍ਹਾਂ ਕਿਸੇ ਨਹੀਂ ਸੋਚਿਆ ਸੀ। ਪਰ ਇਹ ਗੱਲ ਵੀ ਠੀਕ ਹੈ ਕਿ ਅਸੀਂ ਸਾਰੀ ਦੁਨੀਆਂ ਵਾਲੇ ਅਗਰ ਕੁਦਰਤ ਨਾਲ ਛੇੜਛਾੜ ਜਾਰੀ ਰੱਖਾਂਗੇ ਤਾਂ ਅਜਿਹਾ ਵਾਪਰਨਾ ਸੁਭਾਵਿਕ ਹੈ। ਇਹ ਸਾਰੀ ਦੁਨੀਆ ਵਿਚ ਹੀ ਵਾਪਰ ਰਿਹਾ ਹੈ। ਜਦੋਂ ਉਤਰਾਖੰਡ ਵਿਚ ਕੁਦਰਤ ਦਾ ਕਹਿਰ ਵਾਪਰ ਰਿਹਾ ਸੀ, ਉਸ ਸਮੇਂ ਹੀ ਕੈਲਗਰੀ ਵਿਚ ਹੜ੍ਹ ਆਇਆ ਸੀ। 

ਬਾਕੀ ਜੋ ਤੁਸੀਂ ਕਹਿ ਰਹੇ ਹੋ ਕਿ ਲੋਕ ਧਾਰਮਿਕ ਯਾਤਰਾ 'ਤੇ ਗਏ ਸਨ, ਇਸ ਬਾਰੇ ਮੈਂ ਤੁਹਾਡੇ ਸਰੋਤਿਆਂ ਤੋਂ ਪਹਿਲਾਂ ਹੀ ਮਾਫੀ ਮੰਗ ਲਵਾਂ, ਜੇ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚ ਜਾਵੇ। ਅਜਿਹੀ ਯਾਤਰਾ ਤੀਰਥ ਯਾਤਰਾ ਘੱਟ ਤੇ ਧਾਰਮਿਕ ਸੈਰ ਸਪਾਟਾ ਜ਼ਿਆਦਾ ਹੁੰਦੀ ਹੈ। ਗਰਮੀ ਦੇ ਦਿਨਾਂ ਵਿਚ ਪਹਾੜਾਂ ਵੱਲ ਨੂੰ ਧਰਮ ਦੇ ਨਾਮ ਤੇ ਸੈਰ ਸਭ ਨੂੰ ਸਹੀ ਲੱਗਦੀ ਹੈ। 'ਨਾਲੇ ਪੁੰਨ ਤੇ ਨਾਲੇ ਫਲ਼ੀਆਂ।' ਖੈਰ ਇਸ ਬਾਰੇ ਫਿਰ ਕਦੇ ਗੱਲ ਹੋ ਸਕਦੀ ਹੈ। ਇਉਂ ਗੱਲਬਾਤ ਜਾਰੀ ਰਹਿੰਦੀ ਹੈ। ਇਕ ਦੋ ਸਰੋਤਿਆਂ ਦੀਆਂ ਫੋਨ ਕਾਲਾਂ ਵੀ ਲਈਆਂ ਜਾਂਦੀਆਂ ਹਨ। ਮੈਨੂੰ ਹੈਰਾਨੀ ਤਾਂ ਉਦੋਂ ਹੋਈ ਜਦੋਂ ਇਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਈ ਫੋਨ ਕਈ ਸਵਾਲ ਆਏ।

ਸਵਾਲ ਵੀ ਅਜਿਹੇ ਜਿਹੜੇ ਆਪਣੇ ਪਾਠਕਾਂ ਨਾਲ ਸਾਂਝੇ ਕਰਨੇ ਜ਼ਰੂਰੀ ਹਨ। ਇਹਨਾਂ ਵਿਚੋਂ ਇਕ ਸੀ: 'ਤੁਸੀਂ ਅੱਜਕਲ੍ਹ ਐਡੀਸ਼ਨ ਵਿਚ ਵਿਚ ਲਗਾਤਾਰ ਸਫਲਤਾ ਦੇ ਸੂਤਰ ਬਾਰੇ ਲਿਖ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਜੋ ਤੁਸੀਂ ਸੋਚ ਸਕਦੇ ਹੋ, ਉਸਨੂੰ ਪਾ ਵੀ ਸਕਦੇ ਹੋ। ਜੇ ਅਜਿਹਾ ਹੈ ਤਾਂ ਕਿਸਮਤ ਕੀ ਹੈ। ਮੇਰੇ ਮੁਤਾਬਕ ਤਾਂ ਜੋ ਕਿਸਮਤ ਵਿਚ ਲਿਖਿਆ ਹੁੰਦਾ ਹੈ, ਉਹੀ ਹੁੰਦਾ ਹੈ। ਜੇ ਕਿਸਮਤ ਵਿਚ ਦੌਲਤ ਲਿਖੀ ਹੈ ਤਾਂ ਦੌਲਤ ਮਿਲੇਗੀ, ਜੇ ਸ਼ੋਹਰਤ ਲਿਖੀ ਹੈ ਤਾਂ ਸ਼ੋਰਤ ਮਿਲੇਗੀ। ਸਫਲਤਾ ਵਿਚ ਕਿਸਮਤ ਦਾ ਕਿੰਨਾ ਕੁ ਰੋਲ ਸਮਝਦੇ ਹੋ'' ''ਜੇ ਤੁਸੀਂ ਸਮਝਦੋ ਹੋ ਕਿ ਕੋਈ ਰੱਬ ਬੈਠਾ ਤੁਹਾਡੇ ਹੱਥਾਂ ਦੀਆਂ ਲਕੀਰਾਂ ਵਾਹ ਰਿਹਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਮਨੁੱਖ ਪਹਿਲਾਂ ਹੀ ਆਪਣੀ ਜ਼ਿੰਦਗੀ ਦੀ ਸਫਲਤਾ, ਅਮੀਰੀ, ਗਰੀਬੀ ਅਤੇ ਬਿਮਾਰੀ ਆਦਿ ਲਿਖਾ ਕੇ ਲਿਆਇਆ ਤਾਂ ਅਜਿਹੀਆਂ ਗੱਲਾਂ ਵਿਚ ਮੈਂ ਉਕਾ ਹੀ ਯਕੀਨ ਨਹੀਂ ਰੱਖਦਾ। 

ਹਾਂ, ਮੈਂ ਕਿਸਮਤ ਉਸ ਗੱਲ ਵਿਚ ਮੰਨਦਾ ਹਾਂ ਜਿਸ ਵਿਚ ਮੇਰਾ ਕੋਈ ਹੱਥ ਵੱਸ ਨਹੀਂ। ਮੈਂ ਕਿਹਨਾਂ ਮਾਪਿਆਂ ਦੇ ਘਰ ਪੈਦਾ ਹੋਇਆ ਹਾਂ। ਕਿਸ ਜਾਤ ਵਿਚ ਜੰਮਿਆ ਹਾਂ। ਮੇਰਾ ਰੰਗ ਰੂਪ ਅਤੇ ਮੇਰੇ ਸਰੀਰ ਦੀ ਬਨਾਵਟ ਕੈਸੀ ਹੈ। ਮੈਂ ਕਿਸ ਧਾਰਮਿਕ ਅਕੀਦੇ ਵਾਲੇ ਮਾਪਿਆਂ ਦੇ ਪੈਦਾ ਹੋਇਆ ਹਾਂ। ਮੇਰੀ ਨਸਲ ਅਤੇ ਮੇਰਾ ਦੇਸ਼ ਕਿਹੜਾ ਹੈ। ਇਹ ਸਭ ਕੁਝ ਮੇਰੇ ਹੱਥ ਵੱਸ ਨਹੀਂ ਸੀ। ਇਸ ਕਾਰਨ ਮੈਂ ਕਹਿੰਦਾ ਹਾਂ ਕਿ ਇਹ ਮੇਰੀ ਕਿਸਮਤ ਹੈ। ਪਰ ਮੈਂ ਗਰੀਬ ਹਾਂ ਜਾਂ ਅਮੀਰ, ਮੈਂ ਸਫਲ ਹਾਂ ਜਾਂ ਅਸਫਲ। ਮੈਂ ਲੋਕਾਂ ਵਿਚ ਹਰਮਨ ਪਿਆਰਾ ਹਾਂ ਜਾਂ ਲੋਕ ਮੈਨੂੰ ਨਫਰਤ ਕਰਦੇ ਹਨ। ਮੈਂ ਮੋਟਾ ਹਾਂ ਜਾਂ ਪਤਲਾ। ਮੇਰੀ ਸਿਹਤ ਕੈਸੀ ਹੈ। ਇਹ ਸਭ ਕੁਝ ਕਿਸਮਤ 'ਤੇ ਨਹੀਂ ਛੱਡਿਆ ਜਾ ਸਕਦਾ।

ਮੇਰੇ ਮੁਤਾਬਕ ਵਾਲਟੇਅਰ ਠੀਕ ਹੀ ਕਹਿੰਦਾ ਹੈ ਕਿ ਜੀਵਨ ਸਾਨੂੰ ਜੋ ਤਾਸ਼ ਦੇ ਪੱਤੇ ਦਿੰਦਾ ਹੈ, ਉਹਨਾਂ ਨੂੰ ਹਰ ਖਿਡਾਰੀ ਨੂੰ ਸਵੀਕਾਰ ਕਰਨਾ ਪੈਂਦਾ ਹੈ। ਪਰ ਜਦੋਂ ਤਾਸ਼ ਦੇ ਇਹ ਪੱਤੇ ਹੱਥ ਵਿਚ ਆ ਜਾਣ ਤਾਂ ਖਿਡਾਰੀ ਨੇ ਖੁਦ ਹੀ ਤਹਿ ਕਰਨਾ ਹੈ ਕਿ ਉਹ ਉਹਨਾਂ ਪੱਤਿਆਂ ਨਾਲ ਕਿਸ ਤਰ੍ਹਾਂ ਖੇਡੇ ਤਾਂ ਜੋ ਉਹ ਬਾਜ਼ੀ ਜਿੱਤ ਸਕੇ। ਉਚੇ ਸੁੱਚੇ ਅਤੇ ਚੰਗੇ ਵਿਚਾਰ, ਵੱਡੇ ਉਦੇਸ਼ ਮਿੱਥਣੇ ਤੁਹਾਡੇ ਆਪਣੇ ਹੱਥ ਵੱਸ ਹਨ। ਵੱਡਾ ਸੁਪਨਾ ਲੈ ਕੇ ਉਸ ਵਿਚ ਰੰਗ ਭਰਨ ਲਈ ਦ੍ਰਿੜ੍ਹ ਇਰਾਦੇ ਨਾਲ ਸਖਤ ਮਿਹਨਤ ਕਰਨੀ ਵੀ ਤੁਹਾਡੇ ਹੱਥ ਵੱਸ ਹੈ। ਚੰਗੀ ਵਿੱਦਿਆ, ਭਾਸ਼ਾ ਦਾ ਗਿਆਨ, ਸੰਚਾਰ ਕਰਨ ਦੀ ਕਲਾ ਅਤੇ ਸਿਹਤ ਠੀਕ ਰੱਖਣ ਲਈ ਰੋਜ਼ਾਨਾ ਕਸਰਤ ਅਤੇ ਸੈਰ ਲਈ ਕਿਸਮਤ ਨਹੀਂ ਤੁਹਾਡੀ ਇੱਛਾ ਸ਼ਕਤੀ ਅਤੇ ਸਮਾਂ ਨਿਯੋਜਨ ਵੀ ਤੁਹਾਡੇ ਆਪਣੇ 'ਤੇ ਨਿਰਭਰ ਹੈ। ਇਸ ਨੂੰ ਕਿਸਮਤ ਕਹਿ ਕੇ ਛੱਡਣਾ ਭਾਂਜਵਾਦ ਹੈ।

ਆਤਮ ਚਿੰਤਨ ਰਾਹੀਂ ਆਪਣੇ ਅੰਦਰ ਦੇ ਸਾਰੇ ਵਿਕਾਰ ਦੂਰ ਕਰਨ ਦਾ ਨਿਰਣਾ ਕਰਨਾ ਅਤੇ ਆਪਣੀਆਂ ਕਮਜ਼ੋਰੀਆਂ ਦੂਰ ਕਰਨੀਆਂ ਹਰ ਬੰਦੇ ਦੇ ਆਪਣੇ ਵੱਸ ਵਿਚ ਹੁੰਦਾ ਹੈ। ਮਨ ਨੂੰ ਇਕਾਗਰ ਕਰਕੇ ਮਾਨਸਿਕ ਸ਼ਕਤੀ ਦਾ ਵਿਕਾਸ ਕੀਤਾ ਜਾ ਸਕਦਾ ਹੈ। ਕਿਤਾਬਾਂ ਨੂੰ ਦੋਸਤ ਬਣਾ ਕੇ ਆਪਣੇ ਆਪ ਨੂੰ ਗਿਆਨਵਾਨ ਬਣਾਇਆ ਜਾ ਸਕਦਾ ਹੈ। ਟਾਈਮ ਮੈਨੇਜਮੈਂਟ ਕਰਕੇ ਸਮੇਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਜਾਚ ਸਿੱਖੀ ਜਾ ਸਕਦੀ ਹੈ। ਅਭਿਆਸ ਨਾਲ ਹਰ ਖੇਤਰ ਵਿਚ ਸਫਲਤਾ ਪਾਉਣ ਦਾ ਹੁਨਰ ਆ ਜਾਂਦਾ ਹੈ। ਆਤਮ ਵਿਸ਼ਵਾਸ ਮਨੁੱਖ ਨੂੰ ਸਥਿਤੀਆਂ ਦਾ ਦਾਸ ਨਹੀਂ ਸਗੋਂ ਸਵਾਮੀ ਬਣਾ ਦਿੰਦਾ ਹੈ। ਚੁਣੌਤੀਆਂ ਨੂੰ ਸਵੀਕਾਰ ਕਰਨ ਦੀ ਕਲਾ ਮਨੁੱਖ ਖੁਦ ਸਿੱਖਦਾ ਹੈ। ਮੌਕਿਆਂ ਨੂੰ ਅਗਾਂਹ ਹੋ ਕੇ ਮਿਲਣ ਵਾਲੇ ਅਤੇ ਨਵੇਂ ਤਜਰਬੇ ਕਰਨ ਦੀ ਹਿੰਮਤ ਰੱਖਣ ਵਾਲੇ ਹਮੇਸ਼ਾ ਆਪਣੀ ਮੰਜ਼ਿਲ ਪ੍ਰਾਪਤ ਕਰ ਲੈਂਦੇ ਹਨ। ਸੋ, ਸਫਲਤਾ ਹੱਥ ਦੀਆਂ ਲਕੀਰਾਂ ਰਾਹੀਂ ਨਹੀਂ ਸਗੋਂ ਹੱਥਾਂ ਨਾਲ ਕੀਤੀ ਮਿਹਨਤ ਨਾਲ ਮਿਲਦੀ ਹੈ। ਆਸ਼ਾਵਾਦੀ ਦ੍ਰਿਸ਼ਟੀਕੋਣ ਸਫਲਤਾ ਲਈ ਰਾਹ ਪੱਧਰੇ ਕਰਦਾ ਹੈ।

''ਮੌਕਿਆਂ ਬਾਰੇ ਕੀ ਕਹੋਗੇ। ਜਦੋਂ ਕਿਸੇ ਨੂੰ ਕਿਸਮਤ ਨਾਲ ਮੌਕਾ ਮਿਲ ਜਾਂਦਾ ਹੈ ਤਾਂ ਉਹ ਸਫਲ ਹੋ ਜਾਂਦਾ ਹੈ। ਜਿਸਨੂੰ ਨਹੀਂ ਮਿਲਦਾ ਉਹ ਰਹਿ ਜਾਂਦਾ ਹੈ। ਇਕ ਹੋਰ ਸਵਾਲ ਪੁੱਛਿਆ ਗਿਆ। ''ਤੁਸੀਂ ਬਿਲਕੁਲ ਦਰੁੱਸਤ ਫੁਰਮਾਇਆ ਹੈ ਕਿ ਕਈ ਵਾਰ ਅਜਿਹਾ ਇਤਫਾਕ ਜਾਂ ਮੌਕਾ ਮਿਲਦਾ ਹੈ ਕਿ ਮਨੁੱਖ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ। ਕਿਸੇ ਸਿਆਸੀ ਲੀਡਰ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਤੇ ਕਿਸੇ ਨਵੇਂ ਬੰਦੇ ਨੂੰ ਟਿਕਟ ਮਿਲ ਜਾਂਦੀ ਹੈ। ਇਸ ਨੂੰ ਦੂਜੇ ਨਜ਼ਰੀਏ ਤੋਂ ਵੀ ਸਮਝਣਾ ਜ਼ਰੂਰੀ ਹੈ ਕਿ ਜੇ ਕੋਈ ਦਿਲੋਂ ਸੱਚੇ ਦਿਲੋਂ ਆਪਣੀ ਚਾਹਤ ਨੂੰ ਕੁਦਰਤ ਸਾਹਮਣੇ ਰੱਖਦਾ ਹੈ ਤਾਂ ਕੁਦਰਤ ਉਸਨੂੰ ਮੌਕਾ ਪ੍ਰਦਾਨ ਕਰਦੀ ਹੈ। ਇਹੀ ਤਾਂ ਅਸਲ ਵਿਚ ਖਿੱਚ ਦਾ ਸਿਧਾਂਤ ਹੈ। ਜਿੰਨੀ ਸ਼ਿੱਦਤ ਨਾਲ ਤੁਸੀਂ ਕਿਸੇ ਚੀਜ਼ ਨੂੰ ਚਾਹੋਗੇ, ਉਨੇ ਹੀ ਮੌਕੇ ਕੁਦਰਤ ਤੁਹਾਨੂੰ-ਉਸਨੂੰ ਪ੍ਰਾਪਤ ਕਰਨ ਦੇ ਦੇਵੇਗੀ। ਇਤਫਾਕ ਜਾਂ ਮੌਕੇ ਦੀ ਸਫਲਤਾ ਜਾਂ ਅਸਫਲਤਾ ਨਾਲ ਕੋਈ ਲੈਣ ਦੇਣ ਨਹੀਂ। ਮੈਂ ਅਜਿਹੇ ਬਹੁਤ ਬੰਦਿਆਂ ਨੂੰ ਜਾਣਦਾ ਹਾਂ ਕਿ ਜਿਹਨਾਂ ਨੂੰ ਬੜੇ ਮੌਕੇ ਮਿਲੇ ਪਰ ਉਹ ਸਫਲ ਨਹੀਂ ਹੋ ਸਕੇ। 

ਕਾਮਯਾਬੀ ਜਾਂ ਸਫਲਤਾ ਲਈ ਤਾਂ ਉਹੀ ਸ਼ਰਤਾਂ ਹਨ। ਇਕ ਉਦੇਸ਼ ਅਤੇ ਉਸ ਉਦੇਸ਼ ਤੇ ਪਹੁੰਚਣ ਲਈ ਇੱਛਾ ਸ਼ਕਤੀ, ਦ੍ਰਿੜ੍ਹ ਇਰਾਦਾ, ਸਹੀ ਦਿਸ਼ਾ, ਅਨੁਸ਼ਾਸਨ, ਸਕਾਰਾਤਮਕ ਸੋਚ, ਸਖਤ ਮਿਹਨਤ ਅਤੇ ਆਤਮ ਵਿਸ਼ਵਾਸ। ਉਂਝ ਤਾਂ ਇਹ ਕਿਹਾ ਜਾਂਦਾ ਹੈ ਕਿ ਕੁਦਰਤ ਇਕ ਵਾਰ ਹਰ ਬੂਹੇ 'ਤੇ ਦਸਤਕ ਦਿੰਦੀ ਹੈ। ਸਫਲਤਾ ਦੇ ਚਾਹਵਾਨ ਉਸ ਮੌਕੇ ਦਾ ਫਾਇਦਾ ਉਠਾ ਲੈਂਦੇ ਹਨ। ਮੈਂ ਇਸ ਨੂੰ ਹੋਰ ਨਜ਼ਰੀਏ ਤੋਂ ਦੇਖਦਾ ਹਾਂ ਕਿ ਜੋ ਮਨੁੱਖ ਸੋਚਦਾ ਹੈ, ਵਿਚਾਰ ਬਣਾਉਂਦਾ ਹੈ ਜਾਂ ਕੁਝ ਬਣਨਾ ਲੋਚਦਾ ਹੈ ਤਾਂ ਉਸਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸ ਨੂੰ ਆਪ ਇਤਫਾਕ ਜਾਂ ਮੌਕੇ ਦਾ ਨਾਮ ਦੇ ਸਕਦੇ ਹੋ ਪਰ ਸਿਧਾਂਤ ਤਾਂ ਉਹੀ ਹੈ ਕਿ ਵਿਚਾਰ ਹੀ ਤੁਹਾਡੀ ਜ਼ਿੰਦਗੀ ਨੂੰ ਬਣਾਉਂਦੇ ਹਨ। ਇਸ ਬਾਰੇ ਮੈਂ ਨਿੱਜੀ ਅਨੁਭਵ ਸਾਂਝਾ ਕਰ ਸਕਦਾ ਹਾਂ।

ਮੇਰਾ ਬੇਟਾ ਹੋਰਨਾਂ ਪੰਜਾਬੀ ਨੌਜਵਾਨਾਂ ਵਾਂਗ ਕੈਨੇਡਾ ਜਾਣ ਦਾ ਚਾਹਵਾਨ ਸੀ। ਉਹ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਮੇਰਾ ਖਿਆਲ ਸੀ ਕਿ ਪਹਿਲਾਂ ਉਸਨੂੰ ਪੜ੍ਹਾਈ ਪੂਰੀ ਕਰ ਲੈਣੀ ਚਾਹੀਦੀ ਹੈ। ਉਸਨੇ 'ਦੀ ਸੀਕਰਟ' ਪੜ੍ਹੀ ਹੋਈ ਸੀ ਅਤੇ ਆਕਰਸ਼ਣ ਦੇ ਸਿਧਾਂਤ ਤੋਂ ਭਲੀ ਭਾਂਤ ਜਾਣੂ ਸੀ। ਮੈਂ ਵੀ ਇਸ ਸਬੰਧੀ ਫਿਲਮ ਵੇਖੀ ਹੋਈ ਸੀ ਅਤੇ ਗੁਰਬਾਣੀ ਅਤੇ ਲੋਕ ਧਾਰਾ ਵਿਚੋਂ ਵੀ ਕਈ ਹਵਾਲੇ ਵੇਖੇ ਹੋਏ ਸਨ। 2009 ਵਿਚ ਜਦੋਂ ਮੈਂ ਕੈਨੇਡਾ ਗਿਆ ਹੋਇਆ ਸੀ ਤਾਂ ਮੇਰੀ ਯਾਤਰਾ ਦੇ ਆਖਰੀ ਦਿਨ ਮੈਨੂੰ ਮੇਰੇ ਇਥ ਪੱਤਰਕਾਰ ਮਿੱਤਰ ਨੇ ਵੈਨਕੂਵਰ ਦੇ ਇਕ ਅੰਗਰੇਜ਼ੀ ਅਖ਼ਬਾਰ ਦੇ ਸੰਪਾਦਕ ਨਾਲ ਮੁਲਾਕਾਤ ਕਰਵਾਈ। ਭਾਰਤ ਆਉਣ ਤੋਂ ਬਾਅਦ ਕੁਝ ਦਿਨਾਂ ਬਾਅਦ ਮੈਨੂੰ ਉਸ ਸੰਪਾਦਕ ਦੀ ਇਕ ਈ ਮੇਲ ਮਿਲੀ, ਜਿਸ ਵਿਚ ਉਸਨੇ ਕਿਸੇ ਆਨਲਾਈਨ ਮੁਕਾਬਲੇ ਬਾਰੇ ਲਿਖਿਆ ਹੋਇਆ ਸੀ। ਮੇਰੇ ਬੇਟੇ ਨੇ ਉਸ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਉਸ ਕਾਰਨ ਉਸ ਨੂੰ ਕੈਨੇਡਾ ਵਿਚ ਪੜ੍ਹਾਈ ਲਈ ਵਜੀਫਾ ਮਿਲ ਗਿਆ। ਹੁਣ ਇਸ ਨੂੰ ਤੁਸੀਂ ਇਤਫਾਕ ਤਾਂ ਕਹਿ ਸਕਦੇ ਹੋ ਪਰ ਉਸਦਾ ਮੁਕਾਬਲੇ ਵਿਚ ਜਿੱਤਣਾ ਅਤੇ ਫਿਰ ਪੜ੍ਹਾਈ ਪੂਰੀ ਕਰਨੀ ਤਾਂ ਉਸ ਦੀ ਆਪਣੀ ਮਿਹਨਤ 'ਤੇ ਹੀ ਨਿਰਭਰ ਸੀ ਨਾ। 

ਸੋ, ਇਉਂ ਹੀ ਇਸ ਸਿਧਾਂਤ ਨੂੰ ਸਮਝਿਆ ਜਾ ਸਕਦਾ ਹੈ। ਮੈਂ ਜਦੋਂ ਲਿਖਿਆ ਸੀ ਕਿ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ ਤਾਂ ਉਹ ਇਸੇ ਹੀ ਸਿਧਾਂਤ ਦੇ ਆਧਾਰ 'ਤੇ ਲਿਖਿਆ ਸੀ। ਜਦੋਂ ਤੁਸੀਂ ਆਪਣੇ ਮਨ ਮਸਤਕ ਵਿਚ ਸ਼ਿੱਦਤ ਨਾਲ ਵਾਰ ਵਾਰ ਇਹ ਖਿਆਲ ਲਿਆਓਗੇ ਕਿ ਤੁਸੀਂ ਕਰੋੜਪਤੀ ਹੋ ਤਾਂ ਵਿਚਾਰਾਂ ਰਾਹੀਂ ਬਣੀਆਂ ਤਰੰਗਾਂ ਤੁਹਾਡੀ ਮੰਜ਼ਿਲ ਨੂੰ ਚੁੰਬਕ ਵਾਂਗ ਤੁਹਾਡੇ ਵੱਲ ਖਿੱਚਣਾ ਸ਼ੁਰੂ ਕਰ ਦੇਣਗੀਆਂ ਅਤੇ ਕੁਦਰਤ ਤੁਹਾਨੂੰ ਮੌਕੇ ਪ੍ਰਦਾਨ ਕਰਨ ਲੱਗੇਗੀ। ਬਾਕੀ ਤੁਹਾਡੀ ਮਿਹਨਤ, ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦੇ 'ਤੇ ਨਿਰਭਰ ਕਰਦਾ ਹੈ।'' ਇਸ ਤਰ੍ਹਾਂ ਦੇ ਹੋਰ ਵੀ ਕਈ ਸਵਾਲ ਪਾਠਕਾਂ ਨੇ ਕੀਤੇ ਹਨ, ਜਿਹਨਾਂ ਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਪ੍ਰਕਾਸ਼ਿਤ ਹੋਣ ਵਾਲੇ ਲੇਖਾਂ ਵਿਚ ਮਿਲ ਜਾਵੇਗਾ। 


Vandana

Content Editor

Related News