ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦੇ ਰਹੀ ‘ਡਿਜ਼ਾਈਨਰ ਫਰੌਕ’
Thursday, Jan 01, 2026 - 10:30 AM (IST)
ਮੁੰਬਈ - ਅੱਜ-ਕੱਲ ਦੀਆਂ ਮੁਟਿਆਰਾਂ ਅਤੇ ਔਰਤਾਂ ਹਰ ਮੌਕੇ ’ਤੇ ਅਜਿਹੀ ਡਰੈੱਸ ਦੀ ਚੋਣ ਕਰਦੀਆਂ ਹਨ, ਜੋ ਉਨ੍ਹਾਂ ਨੂੰ ਆਰਾਮਦਾਇਕ ਮਹਿਸੂਸ ਕਰਵਾਉਣ ਦੇ ਨਾਲ-ਨਾਲ ਖੂਬਸੂਰਤ ਅਤੇ ਸਟਾਈਲਿਸ਼ ਲੁੱਕ ਵੀ ਦੇਵੇ। ਇਹੀ ਕਾਰਨ ਹੈ ਕਿ ਖ਼ਾਸ ਮੌਕਿਆਂ ’ਤੇ ਡਿਜ਼ਾਈਨਰ ਫਰੌਕ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇੰਡੀਅਨ ਵੇਅਰ ’ਚ ਲਹਿੰਗਾ-ਚੋਲੀ, ਸਾੜ੍ਹੀ ਜਾਂ ਸਲਵਾਰ ਸੂਟ ਤਾਂ ਹਮੇਸ਼ਾ ਹੀ ਮਕਬੂਲ ਰਹੇ ਹਨ ਪਰ ਵੈਸਟਰਨ ਸਟਾਈਲ ’ਚ ਜੀਨਸ-ਟੌਪ ਤੋਂ ਬਾਅਦ ਹੁਣ ਡਿਜ਼ਾਈਨਰ ਫਰੌਕ ਮੁਟਿਆਰਾਂ ਦਾ ਦਿਲ ਜਿੱਤ ਰਹੀ ਹੈ। ਇਹ ਨਾ ਸਿਰਫ਼ ਉਨ੍ਹਾਂ ਨੂੰ ਟ੍ਰੈਂਡੀ ਅਤੇ ਮਾਡਰਨ ਲੁੱਕ ਦਿੰਦੀ ਹੈ ਸਗੋਂ ਉਨ੍ਹਾਂ ਨੂੰ ਕਿਊਟ ਅਤੇ ਯੰਗ ਫੀਲ ਵੀ ਕਰਵਾਉਂਦੀ ਹੈ।
ਡਿਜ਼ਾਈਨਰ ਫਰੌਕ ਦੀ ਖ਼ਾਸੀਅਤ ਇਹ ਹੈ ਕਿ ਇਹ ਕਈ ਡਿਜ਼ਾਈਨਾਂ ਅਤੇ ਪੈਟਰਨਾਂ ’ਚ ਉਪਲਬਧ ਹੈ। ਬਾਹਾਂ (ਸਲੀਵਜ਼) ’ਚ ਫੁੱਲ ਸਲੀਵਜ਼, ਹਾਫ਼ ਸਲੀਵਜ਼, ਡਿਜ਼ਾਈਨਰ ਸਲੀਵਜ਼ ਤੋਂ ਲੈ ਕੇ ਸਲੀਵਲੈੱਸ ਤੱਕ ਹਰ ਬਦਲ ਮੌਜੂਦ ਹੈ। ਗਲੇ (ਨੈੱਕ) ਦੇ ਡਿਜ਼ਾਈਨ ’ਚ ਬੋਟ ਨੈੱਕ, ਰਾਊਂਡ ਨੈੱਕ, ਹਾਈ ਨੈੱਕ ਜਾਂ ਵੀ-ਨੈੱਕ ਕਾਫ਼ੀ ਟ੍ਰੈਂਡ ’ਚ ਹਨ।
ਕਈ ਫਰੌਕਾਂ ’ਚ ਨੈੱਕਲਾਈਨ ’ਤੇ ਨੈੱਟ ਡਿਟੇਲਿੰਗ ਜਾਂ ਲੇਸ ਵਰਕ ਹੁੰਦਾ ਹੈ, ਜੋ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਕੱਪੜੇ (ਫ਼ੈਬਰਿਕ) ਦੀ ਗੱਲ ਕਰੀਏ ਤਾਂ ਸਿਲਕ, ਸ਼ਿਫ਼ੋਨ, ਵੈਲਵੈੱਟ, ਕਾਟਨ, ਨੈੱਟ ਜਾਂ ਜੌਰਜਟ ਵਰਗੀ ਵੈਰਾਇਟੀ ਮੁਟਿਆਰਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ। ਇਹ ਫ਼ੈਬਰਿਕ ਮੌਸਮ ਅਨੁਸਾਰ ਚੁਣੇ ਜਾ ਸਕਦੇ ਹਨ। ਗਰਮੀਆਂ ’ਚ ਲਾਈਟ ਕਾਟਨ ਅਤੇ ਸਰਦੀਆਂ ’ਚ ਵੈਲਵੈੱਟ ਜਾਂ ਵੂਲ ਡਿਜ਼ਾਈਨਰ ਫਰੌਕ ਦਾ ਫੈਸ਼ਨ ਕਦੇ ਵੀ ਆਊਟਡੇਟਿਡ ਨਹੀਂ ਹੁੰਦਾ। ਬਾਜ਼ਾਰ ’ਚ ਪਲੇਟਿਡ ਫਰੌਕ, ਲੇਅਰਡ ਫਰੌਕ, ਫਲੇਅਰਡ ਫਰੌਕ, ਨੈੱਟ ਡਿਜ਼ਾਈਨ ਜਾਂ ਪੈਪਲਮ ਸਟਾਈਲ ਵਰਗੀਆਂ ਅਣਗਿਣਤ ਕਿਸਮਾਂ ਮਿਲ ਜਾਂਦੀਆਂ ਹਨ। ਪਾਰਟੀ, ਤਿਉਹਾਰ ਜਾਂ ਕੈਜ਼ੂਅਲ ਆਊਟਿੰਗ, ਹਰ ਜਗ੍ਹਾ ਇਹ ਪਰਫੈਕਟ ਲੱਗਦੀਆਂ ਹਨ। ਸਰਦੀਆਂ ’ਚ ਮੁਟਿਆਰਾਂ ਇਨ੍ਹਾਂ ਨੂੰ ਜੈਕਟ, ਸ਼੍ਰੱਗ, ਲੌਂਗ ਕੋਟ ਜਾਂ ਸਟਾਲ ਨਾਲ ਸਟਾਈਲ ਕਰਦੀਆਂ ਹਨ, ਜੋ ਠੰਢ ਤੋਂ ਬਚਾਅ ਦੇ ਨਾਲ-ਨਾਲ ਲੁੱਕ ਨੂੰ ਹੋਰ ਨਿਖਾਰਦਾ ਹੈ।
ਫੁੱਟਵੀਅਰ ’ਚ ਲੌਂਗ ਬੂਟਸ, ਹੀਲਸ ਜਾਂ ਫਲੈਟਸ ਨਾਲ ਫਰੌਕ ਕਮਾਲ ਦੀ ਲੱਗਦੀ ਹੈ। ਇਹ ਉਨ੍ਹਾਂ ਦੇ ਸਮੁੱਚੇ ਰੂਪ ਨੂੰ ਚਾਰ ਚੰਦ ਲਗਾ ਦਿੰਦੀ ਹੈ। ਹੇਅਰ ਸਟਾਈਲ ’ਚ ਖੁੱਲ੍ਹੇ ਵਾਲ, ਪੋਨੀਟੇਲ ਜਾਂ ਕਰਲਜ਼ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਂਦੇ ਹਨ। ਐਸੈਸਰੀਜ਼ ’ਚ ਇਨ੍ਹਾਂ ਨਾਲ ਮੁਟਿਆਰਾਂ ਘੜੀ, ਗੋਗਲਜ਼, ਬੈਗ, ਕਲੱਚ ਅਤੇ ਕੈਪ ਆਦਿ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ।
ਮਾਰਕੀਟ ’ਚ ਡਿਜ਼ਾਈਨਰ ਫਰੌਕ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹਰ ਸੀਜ਼ਨ ’ਚ ਨਵੀਂ ਕਲੈਕਸ਼ਨ ਆ ਰਹੀ ਹੈ। ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਬੌਟਮ ਵੇਅਰ ਜਿਵੇਂ ਲੈਗਿੰਗਸ ਜਾਂ ਪਲਾਜ਼ੋ ਨਾਲ ਵੀ ਕੈਰੀ ਕਰਦੀਆਂ ਹਨ। ਕੁੱਲ ਮਿਲਾ ਕੇ, ਡਿਜ਼ਾਈਨਰ ਫਰੌਕ ਨਾ ਸਿਰਫ਼ ਇਕ ਸਟਾਈਲ ਸਟੇਟਮੈਂਟ ਹੈ, ਸਗੋੋਂ ਮੁਟਿਆਰਾਂ ਲਈ ਇਕ ਕਾਨਫੀਡੈਂਸ ਬੂਸਟਰ ਵੀ ਹੈ। ਇਹ ਹਰੇਕ ਉਮਰ ਦੀਆਂ ਔਰਤਾਂ ਨੂੰ ਸਪੈਸ਼ਲ ਫੀਲ ਕਰਵਾਉਂਦੀਆਂ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਇਸ ਦਾ ਕ੍ਰੇਜ਼ ਘੱਟ ਹੋਣ ਵਾਲਾ ਨਹੀਂ ਹੈ।
