ਵਰਤਮਾਨ ਸਮੇਂ 'ਚ ਮਨੁੱਖੀ ਜੀਵਨ ਲਈ ਅਤੀ ਜ਼ਰੂਰੀ ਲਾੱਕਡਾਊਨ

4/5/2020 3:29:16 PM

ਸਧਾਰਨ ਸ਼ਬਦਾਂ ਵਿੱਚ ਲਾੱਕਡਾਊਨ ਇੱਕ ਅਜਿਹੀ ਸਥਿਤੀ ਨੂੰ ਕਿਹਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਕਿਸੇ ਐਮਰਜੰਸੀ ਜਾਂ ਸੰਕਟ ਦੌਰਾਨ ਕਿਸੇ ਇਮਾਰਤ ਜਾਂ ਖੇਤਰ ਵਿੱਚ ਦਾਖਲ ਹੋਣ ਜਾਂ ਛੱਡ ਕੇ ਜਾਣ 'ਤੇ ਰੋਕ ਲਗਾਈ ਜਾਂਦੀ ਹੈ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਲਈ ਪੂਰੇ ਭਾਰਤ ਨੂੰ 24 ਮਾਰਚ ਰਾਤ 12 ਵਜੇ ਤੋਂ ਲਾੱਕਡਾਊਨ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮੁੱਖ ਕਾਰਣ ਕੋਰੋਨਾ ਵਾਇਰਸ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਦਾ ਯਤਨ ਹੈ। ਇਹ ਲਾੱਕਡਾਊਨ ਫਿਲਹਾਲ 14 ਅਪ੍ਰੈਲ ਤੱਕ ਐਲਾਨਿਆ ਗਿਆ ਹੈ।

ਚੀਨ ਉਹ ਪਹਿਲਾ ਦੇਸ਼ ਹੈ ਜਿਸ ਵਿੱਚ ਕੋਵਿਡ-19 ਦੀ ਸ਼ੁਰੂਆਤ ਦਸੰਬਰ 2019 ਨੂੰ ਵੁਹਾਨ ਵਿਖੇ ਹੋਈ। ਇਸ ਸ਼ਹਿਰ ਵਿੱਚ ਸੱਭ ਤੋਂ ਪਹਿਲਾਂ ਲਾੱਕਡਾਊਨ 23 ਜਨਵਰੀ ਨੂੰ ਕੀਤਾ ਗਿਆ। ਜਦੋਂ ਇਸ ਦੀ ਸ਼ੁਰੂਆਤ ਹੋਈ ਤਾਂ 2 ਦਿਨਾਂ ਵਿੱਚ ਹਰ ਘਰ ਦੇ ਸਿਰਫ ਇੱਕ ਮੈਂਬਰ ਨੂੰ ਜ਼ਰੂਰੀ ਸਮਾਨ ਖਰੀਦਣ ਲਈ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਸਥਿਤੀ ਹੋਰ ਖਤਰਨਾਕ ਹੋ ਗਈ ਤਾਂ ਜ਼ਰੂਰਤ ਦੀਆਂ ਚੀਜ਼ਾਂ ਘਰਾਂ ਤੱਕ ਪਹੁੰਚਾਈਆਂ ਗਈਆਂ। ਚੀਨ ਨੇ 2 ਮਹੀਨੇ ਤੋਂ ਹੁਬਈ ਪ੍ਰੋਵਿੰਸ ਨੂੰ ਲਾੱਕਡਾਊਨ ਕੀਤਾ ਹੈ ਅਤੇ ਉਮੀਦ ਹੈ ਕਿ 8 ਅਪ੍ਰੈਲ ਨੂੰ ਇਹ ਖਤਮ ਹੋ ਜਾਵੇਗਾ। ਧਿਆਨ ਯੋਗ ਗੱਲ ਇਹ ਹੈ ਕਿ ਚੀਨ ਵਿੱਚ ਅਜੇ ਤੱਕ ਕੁੱਲ 81898 ਕੇਸ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਗਏ ਜਿਨ੍ਹਾਂ ਵਿੱਚੋਂ 3287 ਮਨੁੱਖਾਂ ਦੀ ਮੌਤ ਹੋ ਚੁੱਕੀ ਹੈ। ਅਜੇ ਵੀ 1573 ਕੇਸ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ।

ਭਾਵੇਂ ਚੀਨ ਉਹ ਪਹਿਲਾ ਦੇਸ਼ ਸੀ ਜਿੱਥੇ ਕੋਵਿਡ-19 ਨੇ ਦਸਤਕ ਦਿੱਤੀ ਪਰ ਇਟਲੀ ਉਹ ਦੇਸ਼ ਹੈ ਜਿੱਥੇ ਹੁਣ ਤੱਕ ਸੱਭ ਤੋਂ ਵੱਧ ਮਨੁੱਖ ਕੋਵਿਡ-19 ਕਾਰਣ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਕੁੱਲ 69176 ਕੇਸਾਂ ਵਿਚੋਂ ਇਟਲੀ ਵਿੱਚ ਅੱਜ ਦੇ ਸਮੇਂ ਤੱਕ 6820 ਮੌਤਾਂ ਹੋ ਚੁੱਕੀਆਂ ਹਨ ਅਤੇ 3393 ਕੇਸ ਅਜੇ ਵੀ ਗੰਭੀਰ ਹਨ। ਪਹਿਲਾਂ ਇਟਲੀ ਦੇ ਉੱਤਰੀ ਹਿੱਸੇ ਨੂੰ ਹੀ ਲਾੱਕਡਾਊਨ ਕੀਤਾ ਗਿਆ ਸੀ। ਪਰ ਜਦੋਂ ਲੋਕਾਂ ਨੂੰ ਇਸ ਦੀ ਭਨਕ ਲੱਗੀ ਤਾਂ ਉਹ ਦੇਸ਼ ਦੇ ਹੋਰ ਹਿੱਸਿਆਂ ਵਿੱਚ ਭੱਜ ਗਏ ਜਿਸ ਨਾਲ ਇਹ ਸਥਿਤੀ ਚਿੰਤਾਜਨਕ ਹੋ ਗਈ ਤੇ ਸਰਕਾਰ ਨੂੰ 9 ਮਾਰਚ ਨੂੰ ਪੂਰੇ ਦੇਸ਼ ਵਿੱਚ ਲਾੱਕਡਾਊਨ ਕਰਨਾ ਪਿਆ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਸਪੇਨ ਵਿੱਚ ਕੋਵਿਡ-19 ਕਾਰਣ ਐਮਰਜੰਸੀ ਦੀ ਘੋਸ਼ਣਾ 14 ਮਾਰਚ ਨੂੰ ਕੀਤੀ ਗਈ। ਵਰਤਮਾਨ ਸਮੇਂ ਵਿੱਚ ਸਪੇਨ ਵਿੱਚ 39676 ਕੇਸ ਪੌਜ਼ਿਟਿਵ ਪਾਏ ਗਏ ਜਿਨ੍ਹਾਂ ਵਿਚੋਂ 3434 ਵਿਅਕਤੀ ਮਰ ਗਏ ਅਤੇ 2355 ਵਿਅਕਤੀ ਅਜੇ ਵੀ ਗੰਭੀਰ ਹਨ। ਸਪੇਨ ਦੇ ਪ੍ਰਧਾਨ ਮੰਤਰੀ ਨੇ ਲਾੱਕਡਾਊਨ ਨੂੰ 11 ਅਪ੍ਰੈਲ ਤੱਕ ਵਧਾ ਦਿੱਤਾ ਹੈ ਤਾਂ ਕਿ ਇਸ ਮਹਾਂਮਾਰੀ ਨੂੰ ਠੱਲ ਪਾਈ ਜਾ ਸਕੇ। ਉਪਰੋਕਤ ਦੇਸ਼ਾਂ ਤੋਂ ਇਲਾਵਾ ਈਰਾਨ, ਅਮਰੀਕਾ, ਫਰਾਂਸ, ਆਸਟ੍ਰੇਲੀਆ ਸਮੇਤ 195 ਦੇਸ਼ ਹਨ ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਹਨ। ਇਨ੍ਹਾਂ ਵਿਚੋਂ ਕਰੀਬ ਹਰ ਦੇਸ਼ ਨੇ ਵਿਸ਼ੇਸ਼ ਰੂਪ ਵਿੱਚ ਉਸ ਖੇਤਰ ਜਾਂ ਸ਼ਹਿਰ ਨੂੰ ਲਾੱਕਡਾਊਨ ਕੀਤਾ ਹੈ ਜਿੱਥੇ ਇਸ ਬੀਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਹੈ।

PunjabKesari

ਲਾੱਕਡਾਊਨ ਦੇ ਕਾਰਣ: ਕੋਵਿਡ-19 ਮਹਾਮਾਰੀ ਨੋਵਲ ਕੋਰੋਨਾ ਵਾਇਰਸ ਦੇ ਫੈਲ ਜਾਣ ਕਾਰਣ ਹੋਂਦ ਵਿੱਚ ਆਈ ਹੈ।ਇਹ ਬਹੁਤ ਸੂਖਮ ਪਰ ਪ੍ਰਭਾਵੀ ਵਾਇਰਸ ਹੈ। ਕੋਰੋਨਾ ਵਾਇਰਸ ਮਨੁੱਖੀ ਵਾਲ ਨਾਲੋਂ 900 ਗੁਣਾ ਛੋਟਾ ਹੈ ਇਸ ਨਾਲ ਮਨੁੱਖ ਨੂੰ ਜੁਕਾਮ ਤੋਂ ਲੈਕੇ ਸਾਹ ਲੈਣ ਦੀ ਮੁਸ਼ਕਲਾਂ ਆਉਂਦੀਆਂ ਹਨ।ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ ਅਤੇ ਖਾਸ ਤੌਰ ਤੇ ਵੱਡੀ ਉਮਰ ਵਾਲੇ ਵਿਅਕਤੀ ਅਤੇ ਜਿਨ੍ਹਾਂ ਨੂੰ ਪਹਿਲਾਂ ਹੀ ਸਾਹ, ਦਿਲ ਜਾਂ ਸ਼ੂਗਰ ਦੀ ਬੀਮਾਰੀ ਹੈ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ।ਇਸ ਲਈ ਇਸ ਛੂਤ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾੱਕਡਾਊਨ ਇਕ ਕਾਰਗਰ ਉਪਾਅ ਹੈ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਾਇਰਸ ਦੇ ਸਰੀਰ ਵਿੱਚਪਹੁੰਚਣ ਅਤੇ ਇਸ ਦੇ ਲੱਛਣ ਦਿਖਣ ਵਿੱਣ 14 ਦਿਨ ਦਾ ਸਮਾਂ ਲੱਗਦਾ ਹੈ।ਜਦੋਂ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਤਾਂ ਉਸਦੇ ਥੁੱਕ ਦੇ ਬਰੀਕ ਕਣ ਹਵਾ ਵਿੱਚ ਫੈਲਦੇ ਹਨ। ਇਹ ਕਣ ਜਦੋਂ ਕਿਸੇ ਵਿਅਕਤੀ 'ਤੇ ਪੈ ਜਾਂਦੇ ਹਨ ਤਾਂ ਉਸਨੂੰ ਵੀ ਇਹ ਬੀਮਾਰੀ ਹੋ ਜਾਂਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਪੀੜਤ ਵਿਅਕਤੀ ਨੂੰ ਹੱਥ ਮਿਲਾਉਂਦਾ ਹੈ ਤਾਂ ਕੋਰੋਨਾ ਵਾਇਰਸ ਦੇ ਕੀਟਾਣੂ ਉਸ ਦੇ ਹੱਥ ਵਿੱਚ ਚਲੇ ਜਾਂਦੇ ਹਨ ਅਤੇ ਜਦੋਂ ਉਹ ਵਿਅਕਤੀ ਆਪਣੇ ਮੂੰਹ ਜਾਂ ਨੱਕ ਨੂੰ ਹੱਥ ਲਗਾ ਲੈਂਦਾ ਹੈ ਉਹ ਵੀ ਇਸ ਤੋਂ ਪੀੜਤ ਹੋ ਜਾਂਦਾ ਹੈ।

ਲਾੱਕਡਾਊਨ ਦੇ ਪ੍ਰਭਾਵ: ਲਾੱਕਡਾਊਨ ਕਰਨ ਨਾਲ ਸੋਸ਼ਲ ਡਿਸਟੈਂਸਿਂਗ ਵਧੇਗੀ ।ਸੋਸ਼ਲ ਡਿਸਟੈਂਸਿਂਗ ਭਾਵ ਸਮਾਜਕ ਦੂਰੀ ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦਾ ਹੈ ਦੂਸਰੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖਣਾ। ਇਸ ਦਾ ਪ੍ਰਯੋਗ ਕਿਸੇ ਬੀਮਾਰੀ ਦੀ ਰੋਕਥਾਮ ਲਈ ਕੀਤਾ ਜਾਂਦਾ ਹੈ। ਸਧਾਰਨ ਸ਼ਬਦਾਂ ਵਿੱਚ ਇਸ ਦਾ ਅਰਥ ਹੈ ਲੋਕਾਂ ਨਾਲ ਮੇਲਜੋਲ ਬੰਦ ਕਰਨਾ ਨਾ ਘਰ ਵਿੱਚ ਨਾ ਕੰਮ ਵਾਲੀ ਥਾਂ ਵਿੱਚ। ਹਾਰਵਰਡ ਯੂਨੀਵਰਸਿਟੀ ਵਿੱਚ ਇਨਫੈਕਸ਼ੀਅਸ ਡਿਸੀਜ਼ਿਜ਼ ਮਾੱਡਲਿੰਗ ਦੀ ਐਕਸਪਰਟ ਮਾਰਕ ਲਿਪਿਸਟੇਕ ਦੇ ਅਨੁਸਾਰ ਫਿਲਹਾਲ ਕੋਵਿਡ-19 'ਤੇ ਕਾਬੂ ਪਾਉਣ ਦਾ ਇਹੀ ਸੱਭ ਤੋਂ ਵਧੀਆ ਤਰੀਕਾ ਹੈ। ਚੀਨ ਨੇ ਜੇਕਰ ਵੁਹਾਨ ਵਿੱਚ ਹਾਲਾਤ 'ਤੇ ਕਾਬੂ ਪਾਇਆ ਹੈ ਤਾਂ ਸੋਸ਼ਲ ਡਿਸਟੈਂਸਿੰਗ ਕਰਕੇ ਹੀ ਸੰਭਵ ਹੋਇਆ ਹੈ। ਅੱਜ ਇਟਲੀ, ਸਪੇਨ, ਅਮੇਰਿਕਾ, ਇੰਗਲੈਂਡ ਅਤੇ ਭਾਰਤ ਵਰਗੇ ਕਈ ਦੇਸ਼ਾਂ ਵਿੱਚ ਸੜਕਾਂ ਇਸੇ ਕਾਰਣ ਸੁੰਨਸਾਨ ਪਈਆਂ ਹਨ।

ਭਾਰਤ ਦੇ ਸੰਦਰਭ ਵਿੱਚ ਸਿਰਫ ਸੋਸ਼ਲ ਡਿਸਟੈਂਸਿਂਗ ਹੀ ਇੱਕ ਜ਼ਰੀਆ ਹੈ ਜਿਸ ਨਾਲ ਇਸ ਨਾਮੁਰਾਦ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਸਮੇਂ ਦੀ ਮੰਗ ਹੈ ਕਿ ਅਸੀਂ ਭਾਰਤਵਾਸੀ ਆਪਣੇ ਘਰਾਂ ਵਿੱਚ ਬੰਦ ਰਹਿਣ, ਕਿਸੇ ਵੀ ਵਿਆਹ ਜਾਂ ਉਤਸਵ ਦਾ ਹਿੱਸਾ ਨਾ ਬਣੀਏ, ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਨਾ ਕਰੀਏ, ਲੋਕ ਇੱਕ ਥਾਂ 'ਤੇ ਇਕੱਠੇ ਨਾ ਹੋਈਏ ਆਦਿ। ਇਸ ਦਾ ਫਾਇਦਾ ਇਹ ਹੋਵੇਗਾ ਕਿ ਕੋਵਿਡ-19 ਤੋਂ ਪ੍ਰਭਾਵਿਤ ਵਿਅਕਤੀ ਦੂਸਰੇ ਲੋਕਾਂ ਦੇ ਸੰਪਰਕ ਵਿੱਚ ਨਹੀਂ ਆਵੇਗਾ। 14 ਅਪ੍ਰੈਲ ਤੱਕ ਲਾੱਕਡਾਊਨ ਨੂੰ ਸਫਲ ਕਰੀਏ ਕਿਉਂਕਿ ਭਾਰਤਵਾਸੀਆਂ ਦੀ ਜ਼ਿੰਦਗੀ ਤੋਂ ਵੱਧ ਜ਼ਰੂਰੀ ਇਸ ਸਮੇਂ ਕੁੱਝ ਨਹੀਂ ਹੈ।ਸਧਾਰਨ ਜਨਤਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਪੂਰੀ ਤਨਦੇਹੀ ਨਾਲ ਕਰਨ। ਇਹ ਉਨ੍ਹਾਂ ਦਾ ਫਰਜ਼ ਅਤੇ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਲ-ਨਾਲ ਦੂਸੇ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਣ। ਉਮੀਦ ਹੈ ਕਿ ਇਸ ਮੁਸ਼ਕਿਲ ਸਮੇਂ ਸਾਰੇ ਭਾਰਤਵਾਸੀ ਇਕਜੁੱਟ ਹੋਕੇ ਇਸ ਮਹਾਮਾਰੀ ਨੂੰ ਹਰਾ ਦੇਣਗੇ ਅਤੇ ਜਿੱਤ ਸਾਡੇ ਆਤਮ-ਵਿਸ਼ਵਾਸ, ਦੇਸ਼ਭਗਤੀ ਅਤੇ ਦ੍ਰਿੜ੍ਹ ਵਿਸ਼ਵਾਸ ਦੀ ਹੋਵੇਗੀ।

ਪੂਜਾ ਸ਼ਰਮਾ
ਲੈਕਚਰਾਰ (ਅੰਗ੍ਰੇਜ਼ੀ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)
Mobile No: 9914459033ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana