ਔਰਤਾਂ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਹਨ ਚੋਕਰ ਜਿਊਲਰੀ ਸੈੱਟ
Thursday, Jan 29, 2026 - 11:47 AM (IST)
ਮੁੰਬਈ - ਅੱਜ ਦੀ ਫੈਸ਼ਨ ਦੀ ਦੁਨੀਆ ’ਚ ਜਿਊਲਰੀ ਔਰਤਾਂ ਦੇ ਲੁੱਕ ਦਾ ਅਟੁੱਟ ਅੰਗ ਬਣ ਚੁੱਕੀ ਹੈ। ਇਕ ਸਧਾਰਨ ਡਰੈੱਸ ਵੀ ਸਹੀ ਜਿਊਲਰੀ ਦੇ ਨਾਲ ਅਸਧਾਰਨ ਅਤੇ ਯਾਦਗਾਰ ਬਣ ਜਾਂਦੀ ਹੈ। ਇਨ੍ਹਾਂ ਦਿਨੀਂ ਚੋਕਰ ਜਿਊਲਰੀ ਸੈੱਟ ਔਰਤਾਂ ਦੇ ਵਿਚਕਾਰ ਖਾਸੇ ਪ੍ਰਸਿੱਧ ਹੋ ਰਹੇ ਹਨ। ਇਹ ਸੈੱਟ ਨਾ ਕੇਵਲ ਗਲੇ ਦੀ ਖ਼ੂਬਸੂਰਤੀ ਨੂੰ ਨਿਖਾਰਦੇ ਹਨ, ਸਗੋਂ ਪੂਰੀ ਸ਼ਖ਼ਸੀਅਤ ਨੂੰ ਕਲਾਸੀ ਅਤੇ ਰੌਇਲ ਲੁੱਕ ਪ੍ਰਦਾਨ ਕਰਦੇ ਹਨ। ਚੋਕਰ ਜਿਊਲਰੀ ਸੈੱਟ ਦਾ ਟ੍ਰੈਂਡ ਸਦੀਆਂ ਪੁਰਾਣਾ ਹੈ ਅਤੇ ਇਹ ਜਿਊਲਰੀ ਸੈੱਟ ਅੱਜ ਵੀ ਟ੍ਰੈਂਡ ’ਚ ਹੈ। ਔਰਤਾਂ ਇਸ ਨੂੰ ਇੰਡੀਅਨ ਅਤੇ ਫਿਊਜ਼ਨ ਦੋਵੇਂ ਸਟਾਈਲ ’ਚ ਬੇਝਿਝਕ ਸਟਾਈਲ ਕਰ ਰਹੀਆਂ ਹਨ।
ਚੋਕਰ ਜਿਊਲਰੀ ਸੈੱਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਗਲੇ ਨਾਲ ਚਿਪਕੇ ਹੋਏ ਰਹਿੰਦੇ ਹਨ। ਲੰਬੇ ਹਾਰਾਂ ਵਾਂਗ ਲਟਕਣ ਦੀ ਬਜਾਏ ਇਹ ਗਰਦਨ ’ਤੇ ਸੁੰਦਰ ਢੰਗ ਨਾਲ ਫਿੱਟ ਹੋ ਜਾਂਦੇ ਹਨ। ਪਿੱਛੇ ਡੋਰੀ ਜਾਂ ਕਲੋਜ਼ਰ ਦੀ ਮਦਦ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਇਸੇ ਕਾਰਨ ਇਹ ਹਰ ਤਰ੍ਹਾਂ ਦੀ ਨੈੱਕਲਾਈਨ ਦੇ ਨਾਲ ਪਰਫੈਕਟਲੀ ਮੈਚ ਕਰਦੇ ਹਨ। ਚਾਹੇ ਡੀਪ ਨੈੱਕ ਹੋਵੇ ਜਾਂ ਹਾਈ ਨੈੱਕ, ਚੋਕਰ ਹਮੇਸ਼ਾ ਸ਼ਾਨਦਾਰ ਲੱਗਦੇ ਹਨ। ਇਹ ਸੈੱਟ ਅਕਸਰ ਝੁਮਕੇ, ਮਾਂਗ ਟੀਕਾ, ਰਿੰਗਜ਼, ਕੰਗਣ ਦੇ ਨਾਲ ਆਉਂਦੇ ਹਨ, ਜਿਸ ਨਾਲ ਪੂਰੀ ਲੁੱਕ ਇਕ ਸਮਾਨ ਅਤੇ ਸੰਤੁਲਿਤ ਬਣ ਜਾਂਦੀ ਹੈ।
ਚੋਕਰ ਜਿਊਲਰੀ ਦੇ ਡਿਜ਼ਾਈਨ ’ਚ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਗੋਲਡ, ਸਿਲਵਰ, ਡਾਇਮੰਡ, ਪੋਲਕੀ, ਕਿਊਬਿਕ ਜ਼ਿਰਕੋਨੀਆ ਅਤੇ ਮਿਰਰ ਵਰਕ ਵਾਲੇ ਚੋਕਰ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਸਟੋਨ ਵਰਕ, ਨਗ, ਮੋਤੀ, ਰੂਬੀ, ਐਮਰਲਡ ਵਰਗੇ ਰਤਨਾਂ ਨਾਲ ਸਜੇ ਚੋਕਰ ਜਿਊਲਰੀ ਸੈੱਟ ਔਰਤਾਂ ਨੂੰ ਸ਼ਾਹੀ ਅੰਦਾਜ਼ ਦਿੰਦੇ ਹਨ। ਉੱਥੇ ਹੀ, ਮਿਨੀਮਲਿਸਟਿਕ ਚੋਕਰ ’ਚ ਸਿੰਗਲ ਲਾਈਨ ਸਟੋਨ ਜਾਂ ਜਾਅਲੀਦਾਰ ਪੈਟਰਨ ਦਾ ਇਸਤੇਮਾਲ ਹੁੰਦਾ ਹੈ, ਜੋ ਰੋਜ਼ਾਨਾ ਦੇ ਲੁੱਕ ਲਈ ਢੁਕਵੇਂ ਹੁੰਦੇ ਹਨ। ਅੱਜਕਲ ਫਿਊਜ਼ਨ ਚੋਕਰ ਵੀ ਟ੍ਰੈਂਡ ’ਚ ਹਨ, ਜਿਨ੍ਹਾਂ ’ਚ ਰਵਾਇਤੀ ਅਤੇ ਮਾਡਰਨ ਐਲੀਮੈਂਟਸ ਦਾ ਮਿਸ਼ਰਣ ਦੇਖਿਆ ਜਾ ਸਕਦਾ ਹੈ। ਇਹ ਸੈੱਟ ਔਰਤਾਂ ਨੂੰ ਆਪਣੀ ਪਸੰਦ ਅਨੁਸਾਰ ਕਸਟਮਾਈਜ਼ ਕਰਨ ਦੀ ਆਜ਼ਾਦੀ ਵੀ ਦਿੰਦੇ ਹਨ।
ਭਾਰਤੀ ਪਹਿਰਾਵਿਆਂ ਦੇ ਨਾਲ ਚੋਕਰ ਜਿਊਲਰੀ ਦਾ ਕੰਬੀਨੇਸ਼ਨ ਸਭ ਤੋਂ ਖ਼ੂਬਸੂਰਤ ਲੱਗਦਾ ਹੈ। ਸਾੜ੍ਹੀ, ਲਹਿੰਗਾ ਚੋਲੀ, ਅਨਾਰਕਲੀ ਸੂਟ, ਗਾਊਨ ਜਾਂ ਇੰਡੋ-ਵੈਸਟਰਨ ਡਰੈੱਸ ਦੇ ਨਾਲ ਇਹ ਸੈੱਟ ਚਾਰ ਚੰਨ ਲਾ ਦਿੰਦੇ ਹਨ। ਇਕ ਸਿੰਪਲ ਸਾੜ੍ਹੀ ਨੂੰ ਵੀ ਚੋਕਰ ਸੈੱਟ ਪਹਿਨ ਕੇ ਔਰਤਾਂ ਖ਼ੁਦ ਨੂੰ ਸਭ ਤੋਂ ਖਾਸ ਮਹਿਸੂਸ ਕਰਦੀਆਂ ਹਨ। ਇਹ ਜਿਊਲਰੀ ਪਾਰਟੀ, ਵਿਆਹ, ਸੰਗੀਤ, ਮਹਿੰਦੀ, ਕਰਵਾ ਚੌਥ, ਐਨੀਵਰਸਰੀ ਜਾਂ ਬਰਥਡੇ ਵਰਗੇ ਖਾਸ ਮੌਕਿਆਂ ’ਤੇ ਪਹਿਨੀ ਜਾਂਦੀ ਹੈ। ਚੋਕਰ ਦਾ ਕਲੋਜ਼-ਫਿੱਟ ਡਿਜ਼ਾਈਨ ਗਰਦਨ ਨੂੰ ਸੁੰਦਰ ਬਣਾਉਂਦਾ ਹੈ ਅਤੇ ਚਿਹਰੇ ਦੀ ਖ਼ੂਬਸੂਰਤੀ ਨੂੰ ਹਾਈਲਾਈਟ ਕਰਦਾ ਹੈ। ਇਸ ਨਾਲ ਔਰਤਾਂ ਦਾ ਆਤਮਵਿਸ਼ਵਾਸ ਵੀ ਵਧਦਾ ਹੈ।
ਮਾਰਕੀਟ ’ਚ ਚੋਕਰ ਜਿਊਲਰੀ ਸੈੱਟਾਂ ਦੀ ਭਰਮਾਰ ਹੈ। ਬ੍ਰਾਂਡਿਡ ਜਿਊਲਰਜ਼ ਤੋਂ ਲੈ ਕੇ ਲੋਕਲ ਬਾਜ਼ਾਰ ਤੱਕ ਹਰ ਜਗ੍ਹਾ ਇਹ ਉਪਲਬਧ ਹਨ। ਕੁਝ ਔਰਤਾਂ ਆਪਣੀ ਪਸੰਦ ਅਨੁਸਾਰ ਕਸਟਮ ਚੋਕਰ ਬਣਵਾਉਂਦੀਆਂ ਹਨ, ਜਦਕਿ ਕਈ ਆਰਟੀਫੀਸ਼ੀਅਲ ਜਾਂ ਸੈਮੀ-ਪ੍ਰੈਸ਼ੀਅਸ ਸਟੋਨ ਵਾਲੇ ਸੈੱਟ ਮਾਰਕੀਟ ਤੋਂ ਖਰੀਦ ਕੇ ਵੱਖ-ਵੱਖ ਡਰੈੱਸਾਂ ਦੇ ਨਾਲ ਮੈਚ ਕਰਦੀਆਂ ਹਨ। ਕੀਮਤ ਦੇ ਹਿਸਾਬ ਨਾਲ ਵੀ ਇਹ ਸੈੱਟ ਹਰ ਬਜਟ ’ਚ ਫਿੱਟ ਹੋ ਜਾਂਦੇ ਹਨ। ਹਲਕੇ ਅਤੇ ਆਰਾਮਦਾਇਕ ਹੋਣ ਕਾਰਨ ਲੰਬੇ ਸਮੇਂ ਤੱਕ ਪਹਿਨਣ ’ਚ ਵੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਕੁੱਲ ਮਿਲਾ ਕੇ, ਚੋਕਰ ਜਿਊਲਰੀ ਸੈੱਟ ਔਰਤਾਂ ਦੀ ਖ਼ੂਬਸੂਰਤੀ ਨੂੰ ਨਿਖਾਰਨ ਦਾ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਨਾ ਕੇਵਲ ਟ੍ਰੈਂਡ ’ਚ ਹਨ, ਸਗੋਂ ਸਦਾਬਹਾਰ ਵੀ ਬਣੇ ਰਹਿੰਦੇ ਹਨ। ਇਕ ਵਾਰ ਪਹਿਨਣ ਦੇ ਬਾਅਦ ਔਰਤਾਂ ਇਨ੍ਹਾਂ ਨੂੰ ਵਾਰ-ਵਾਰ ਚੁਣਦੀਆਂ ਹਨ, ਕਿਉਂਕਿ ਇਹ ਹਰ ਲੁੱਕ ਨੂੰ ਰੌਇਲ ਅਤੇ ਐਲੀਗੈਂਟ ਬਣਾ ਦਿੰਦੇ ਹਨ।
