ਨੌਜਵਾਨ ਨੇ ਖੱਟੜ ''ਤੇ ਸੁੱਟੀ ਸਿਆਹੀ
Friday, May 18, 2018 - 04:31 AM (IST)

ਚੰਡੀਗੜ੍ਹ, (ਭਾਸ਼ਾ)- ਹਰਿਆਣਾ ਦੇ ਹਿਸਾਰ ਵਿਖੇ ਵੀਰਵਾਰ ਇਕ ਨੌਜਵਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਤੇ ਸਿਆਹੀ ਸੁੱਟ ਦਿੱਤੀ ਜਿਸ ਕਾਰਨ ਜਨਤਕ ਪ੍ਰੋਗਰਾਮ ਵਿਚ ਹੰਗਾਮਾ ਹੋ ਗਿਆ। ਇਸ ਘਟਨਾ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ। ਪ੍ਰੋਗਰਾਮ ਵਿਚ ਇਕ ਨੌਜਵਾਨ ਨੇ ਅਚਾਨਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਖੱਟੜ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਉਸ ਦੀ ਹੱਥੋਪਾਈ ਹੋਈ। ਬਾਅਦ ਵਿਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਉਕਤ ਨੌਜਵਾਨ ਵਲੋਂ ਸੁੱਟੀ ਗਈ ਸਿਆਸੀ ਵਧੇਰੇ ਕਰ ਕੇ ਸੁਰੱਖਿਆ ਮੁਲਾਜ਼ਮਾਂ 'ਤੇ ਹੀ ਡਿੱਗੀ ਪਰ ਸਿਆਹੀ ਦਾ ਕੁਝ ਹਿੱਸਾ ਖੱਟੜ ਦੇ ਚਿਹਰੇ ਤੇ ਵਾਲਾਂ 'ਤੇ ਡਿੱਗਾ। ਖੱਟੜ ਨੂੰ ਆਪਣੀ ਜੇਬ ਵਿਚੋਂ ਰੁਮਾਲ ਕੱਢ ਕੇ ਚਿਹਰਾ ਪੂੰਝਦਿਆਂ ਦੇਖਿਆ ਗਿਆ। ਘਟਨਾ ਹਿਸਾਰ ਵਿਚ ਸੂਬਾਈ ਸਰਕਾਰ ਦੇ ਇਕ ਰੋਡ ਸ਼ੋਅ ਤੋਂ ਪਹਿਲਾਂ ਹੋਈ। ਖੱਟੜ ਨੇ ਬਾਅਦ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਸੂਬੇ ਦੇ ਵਿੱਤ ਮੰਤਰੀ ਅਭਿਮਨਿਊ ਨਾਲ ਖੁਲ੍ਹੀ ਜੀਪ ਵਿਚ ਸਵਾਰ ਹੋਏ। ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਨੌਜਵਾਨ ਨੇ ਨਾਅਰੇਬਾਜ਼ੀ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਇੰਡੀਅਨ ਨੈਸ਼ਨਲ ਲੋਕ ਦਲ ਦਾ ਵਰਕਰ ਹੈ। ਹਿਸਾਰ ਰੇਂਜ ਦੇ ਮੁਖੀ ਸੰਜੇ ਕੁਮਾਰ ਨੇ ਦੱਸਿਆ ਕਿ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।