10 ਦਿਨ ਤੱਕ ਨਹੀਂ ਮਿਲਣਗੀਆਂ ਸਬਜ਼ੀਆਂ ਤੇ ਦੁੱਧ!

Thursday, May 31, 2018 - 03:54 AM (IST)

10 ਦਿਨ ਤੱਕ ਨਹੀਂ ਮਿਲਣਗੀਆਂ ਸਬਜ਼ੀਆਂ ਤੇ ਦੁੱਧ!

ਬਠਿੰਡਾ(ਜ. ਬ.)-ਫਸਲਾਂ ਤੇ ਹੋਰ ਖੇਤੀ ਉਤਪਾਦਾਂ ਦਾ ਪੂਰਾ ਮੁੱਲ ਲੈਣ ਲਈ ਦੇਸ਼ ਭਰ ਦੇ ਕਈ ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ 'ਪਿੰਡ ਬੰਦ' ਦੀ ਕਾਲ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਫਸੇ ਹੋਏ ਹਨ। ਕਿਸਾਨ ਯੂਨੀਅਨਾਂ  ਨੇ ਐਲਾਨ ਕੀਤਾ ਹੈ ਕਿ ਉਕਤ 10 ਦਿਨਾਂ ਤੱਕ ਕੋਈ ਵੀ ਕਿਸਾਨ ਆਪਣਾ ਅਨਾਜ, ਸਬਜ਼ੀਆਂ, ਹਰਾ ਚਾਰਾ ਜਾ ਦੁੱਧ ਸ਼ਹਿਰਾਂ ਵਿਚ ਲੈ ਕੇ ਨਹੀਂ ਆਵੇਗਾ। ਜੇਕਰ ਅਜਿਹੀ ਸਥਿਤੀ ਆਉਂਦੀ ਹੈ ਤਾਂ ਇਹ 10 ਦਿਨ ਸ਼ਹਿਰੀਆਂ ਲਈ ਮੁਸ਼ਕਲਾਂ ਨਾਲ ਭਰੇ ਹੋ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸ਼ਹਿਰ ਵਾਸੀਆਂ ਨਾਲ ਕੋਈ ਵਿਵਾਦ ਨਹੀਂ ਹੈ ਬਲਕਿ ਉਹ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸੰਘਰਸ਼ ਤਹਿਤ ਸਾਰੇ ਕਿਸਾਨ ਸੰਗਠਨ ਗ੍ਰਾਮੀਣ ਇਲਾਕਿਆਂ ਵਿਚ ਹੀ ਮੌਜੂਦ ਰਹਿਣਗੇ ਕਿਉਂਕਿ ਇਸ ਸੰਘਰਸ਼ ਦਾ ਸ਼ਹਿਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਾ ਸ਼ਹਿਰਾਂ ਤੋਂ ਕੁਝ ਖਰੀਦਣਗੇ, ਨਾ ਵੇਚਣਗੇ
ਕਿਸਾਨ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਕਤ 10 ਦਿਨਾਂ ਤੱਕ ਕੋਈ ਵੀ ਕਿਸਾਨ ਆਪਣੀ ਉੱਪਜ ਫਸਲ, ਸਬਜ਼ੀਆਂ, ਦੁੱਧ ਆਦਿ ਨਹੀਂ ਵੇਚੇਗਾ। ਇਸ ਦੇ ਨਾਲ ਹੀ ਕੋਈ ਕਿਸਾਨ ਸ਼ਹਿਰਾਂ ਵੱਲ ਮੂੰਹ ਨਹੀਂ ਕਰੇਗਾ ਤੇ ਸ਼ਹਿਰ ਦੇ ਬਾਜ਼ਾਰਾਂ ਤੋਂ ਕੋਈ ਵੀ ਵਸਤੂ ਨਹੀਂ ਖਰੀਦੇਗਾ। ਜ਼ਿਕਰਯੋਗ ਹੈ ਕਿ ਹਰ ਰੋਜ਼ ਨਜ਼ਦੀਕ ਪਿੰਡਾਂ ਦੇ ਕਿਸਾਨ ਬਠਿੰਡਾ ਦੀ ਮੁੱਖ ਸ਼ਬਜੀ ਮੰਡੀ ਤੋਂ ਇਲਾਵਾ ਹੋਰ ਨਜ਼ਦੀਕੀ ਮੰਡੀਆਂ ਵਿਚ ਆਪਣੀਆਂ ਸਬਜ਼ੀਆਂ, ਹਰਾ ਚਾਰਾ ਤੇ ਹੋਰ ਸਾਮਾਨ ਵੇਚਣ ਲਈ ਆਉਂਦੇ ਹਨ। ਜ਼ਿਆਦਾਤਰ ਕਿਸਾਨ ਆਪਣੀਆਂ ਸਬਜ਼ੀਆਂ ਬਠਿੰਡਾ ਦੀ ਮੁੱਖ ਸਬਜ਼ੀ ਮੰਡੀ ਵਿਚ ਲੈ ਕੇ ਆਉਂਦੇ ਹਨ, ਜਿਥੇ ਹਰ ਘਰ ਵਿਚ ਸਬਜ਼ੀ ਪਹੁੰਚਦੀ ਹੈ। ਪਰ ਹੁਣ ਕਿਸਾਨਾਂ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਜੇਕਰ ਮੰਡੀਆਂ ਵਿਚ 10 ਦਿਨਾਂ ਤੱਕ ਕੋਈ ਸਬਜ਼ੀ ਨਹੀਂ ਪਹੁੰਚੇਗੀ ਤਾਂ ਲੋਕਾਂ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ। ਇਹੀਂ ਨਹੀਂ ਕਿਸਾਨਾਂ ਨੇ ਉਕਤ 10 ਦਿਨਾਂ ਦੌਰਾਨ ਦੁੱਧ ਵੇਚਣ ਤੋਂ ਵੀਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰਾਂ ਵਿਚ ਦੁੱਧ ਦੀ ਕਮੀ ਵੀ ਹੋ ਸਕਦੀ ਹੈ। ਇਸਦੇ ਨਾਲ ਹੀ ਪਸ਼ੂਆਂ ਲਈ ਹਰਾ ਚਾਰਾ ਨਾ ਆਉਣ 'ਤੇ ਵੀ ਦਿੱਕਤਾਂ ਵਧ ਸਕਦੀਆਂ ਹਨ।
ਮਾਰਕੀਟ 'ਤੇ ਪੈ ਸਕਦੈ ਅਸਰ
ਕਿਸਾਨ ਯੂਨੀਅਨਾਂ ਨੇ ਆਪਣੇ ਉਤਪਾਦ ਵੇਚਣ ਦੇ ਨਾਲ-ਨਾਲ ਬਾਜ਼ਾਰਾਂ ਤੋਂ ਕੁਝ ਵੀ ਨਹੀਂ ਖਰੀਦਣ ਦਾ ਵੀਂ ਐਲਾਨ ਕੀਤਾ ਹੈ। ਯੂਨੀਅਨ ਅਨੁਸਾਰ ਉਕਤ 10 ਦਿਨਾਂ ਦੌਰਾਨ ਪਿੰਡਾਂ ਤੋਂ ਕੋਈ ਵੀ ਵਿਅਕਤੀ ਸ਼ਹਿਰਾਂ ਵਿਚ ਨਹੀਂ ਜਾਵੇਗਾ ਤੇ ਨਾ ਹੀ ਕਿਸੀ ਤਰ੍ਹਾਂ ਦੀ ਖਰੀਦਦਾਰੀ ਸ਼ਹਿਰਾਂ ਤੋਂ ਕਰੇਗਾ। ਅਜਿਹੇ ਵਿਚ ਉਕਤ ਮੁਹਿੰਮ ਜੇਕਰ ਸਫਲ ਹੁੰਦੀ ਹੈ ਤਾਂ ਸ਼ਹਿਰ ਦੇ ਬਾਜ਼ਾਰਾਂ ਨੂੰ ਵੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਕਿਸਾਨ ਯੂਨੀਅਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਉਕਤ 10 ਦਿਨਾਂ ਦੌਰਾਨ ਸਬਜ਼ੀ ਆਦਿ ਖਰੀਦਣਾ ਚਾਹੁੰਦਾ ਹੈ ਤਾਂ ਉਹ ਕਿਸੇ ਵੀ ਪਿੰਡ ਵਿਚ ਜਾ ਕੇ ਖਰੀਦ ਕਰ ਸਕਦਾ ਹੈ ਤੇ ਕਿਸਾਨ ਉਸਨੂੰ ਆਪਣੇ ਮੁੱਲ 'ਤੇ ਉਕਤ ਵਸਤੂਆਂ ਮੁਹੱਈਆ ਕਰਵਾਉਣਗੇ। ਬੰਦ ਨੂੰ ਦੇਖਦਿਆਂ ਲੋਕਾਂ ਵਿਚ ਵੀ ਹਲਚਲ ਸ਼ੁਰੂ ਹੋ ਗਈ ਹੈ ਤੇ ਲੋਕਾਂ ਨੇ ਸਬਜ਼ੀਆਂ ਆਦਿ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ, ਬੰਦ ਕਾਰਨ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਸਕਦਾ ਹੈ।


Related News