H-4 ਵੀਜ਼ਾ ''ਤੇ ਰੋਕ ਜਲਦੀ ਲਾਗੂ ਕਰੇਗਾ ਅਮਰੀਕਾ

05/26/2018 3:51:49 PM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਿਆ ਗਿਆ ਐੱਚ-4 ਵੀਜ਼ਾ 'ਤੇ ਰੋਕ ਲਾਉਣ ਦਾ ਫੈਸਲਾ ਆਖਰੀ ਪੜਾਅ 'ਚ ਹੈ ਅਤੇ ਛੇਤੀ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਟਰੰਪ ਪ੍ਰਸ਼ਾਸਨ ਨੇ ਹੀ ਅਮਰੀਕਾ ਦੀ ਇਕ ਅਦਾਲਤ ਨੂੰ ਦਿੱਤੀ ਹੈ।  ਟਰੰਪ ਪ੍ਰਸ਼ਾਸਨ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਸਮੇਂ ਦੀ ਉਸ ਵਿਵਸਥਾ ਨੂੰ ਖਤਮ ਕਰਨ ਜਾ ਰਿਹਾ ਹੈ, ਜਿਸ ਦੇ ਤਹਿਤ ਐੱਚ-1 ਬੀ. ਵੀਜ਼ਾਧਾਰਕਾਂ ਦੇ ਪਤੀ/ਪਤਨੀ ਨੂੰ ਵਰਕ ਪਰਮਿਟ ਜਾਰੀ ਹੋ ਜਾਂਦਾ ਸੀ। ਯਾਨੀ ਹੁਣ ਪਤੀ ਦੇ ਕੋਲ ਐੱਚ-1 ਬੀ. ਵੀਜ਼ਾ ਹੈ ਤਾਂ ਪਤਨੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸੇ ਤਰ੍ਹਾਂ ਪਤਨੀ ਦੇ ਕੋਲ ਵੀਜ਼ਾ ਹੋਣ 'ਤੇ ਪਤੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਹਜ਼ਾਰਾਂ ਭਾਰਤੀਆਂ 'ਤੇ ਅਸਰ ਪਵੇਗਾ। ਅਮਰੀਕਾ 'ਚ ਕੁਲ 70,000 ਲੋਕਾਂ ਕੋਲ ਐੱਚ-4 ਵੀਜ਼ਾ ਹੈ, ਜਿਨ੍ਹਾਂ 'ਚੋਂ ਕੁਲ 93 ਫ਼ੀਸਦੀ ਭਾਰਤੀ ਹਨ।  ਜਾਣਕਾਰੀ ਅਨੁਸਾਰ ਪ੍ਰਸਤਾਵਿਤ ਨਿਯਮ ਇਕ ਮੰਤਰਾਲਾ ਦੇ ਕੋਲ ਮਨਜ਼ੂਰੀ ਲਈ ਗਿਆ ਹੋਇਆ ਹੈ। ਉਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੁੱਝ ਪ੍ਰਕਿਰਿਆਵਾਂ 'ਚੋਂ ਲੰਘਣ ਤੋਂ ਬਾਅਦ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ।


Related News