ਟਰੰਪ ਦੀ ਕਿਮ ਜੋਂਗ ਨੂੰ ਧਮਕੀ, ''ਸਾਡੀ ਗੱਲ ਮੰਨੋ, ਨਹੀਂ ਤਾਂ ਤਬਾਹ ਕਰ ਦਿਆਂਗੇ''
Sunday, May 20, 2018 - 12:40 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਜੋਂਗ ਉਨ ਨੂੰ ਉਨ੍ਹਾਂ ਦੀ ਗੱਲ ਮੰਨਣ ਦੀ ਆਫਰ ਦਿੰਦਿਆਂ ਧਮਕੀ ਦਿੱਤੀ ਹੈ। ਸ਼ੁੱਕਰਵਾਰ ਨੂੰ ਟਰੰਪ ਨੇ ਕਿਮ ਜੋਂਗ ਨੂੰ ਦੁਬਾਰਾ ਸੁਚੇਤ ਕੀਤਾ। ਟਰੰਪ ਨੇ ਕਿਹਾ ਕਿ ਜੇਕਰ ਕਿਮ ਪ੍ਰਮਾਣੂ ਪ੍ਰੋਗਰਾਮ ਛੱਡ ਦਿੰਦੇ ਹਨ ਤਾਂ ਸੱਤਾ 'ਚ ਬਣੇ ਰਹਿਣਗੇ ਪਰ ਜੇਕਰ ਉਹ ਵਾਸ਼ਿੰਗਟਨ ਨਾਲ ਸਮਝੌਤੇ ਤੋਂ ਨਾਂਹ ਕਰਦੇ ਹਨ ਤਾਂ ਉਨ੍ਹਾਂ ਨੂੰ 'ਤਬਾਹ' ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕਿਮ ਜੋਂਗ ਨੇ ਧਮਕੀ ਦਿੱਤੀ ਸੀ ਕਿ ਉਹ 12 ਜੂਨ ਨੂੰ ਟਰੰਪ ਨਾਲ ਸਿੰਗਾਪੁਰ 'ਚ ਹੋਣ ਵਾਲੀ ਸੰਭਾਵਿਤ ਬੈਠਕ 'ਚ ਸ਼ਾਮਲ ਨਹੀਂ ਹੋਣਗੇ। ਇਸ 'ਤੇ ਟਰੰਪ ਨੇ ਮੋੜਵਾਂ ਵਾਰ ਕੀਤਾ ਸੀ।
ਵ੍ਹਾਈਟ ਹਾਊਸ ਵਿਚ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਜੇਕਰ ਉਹ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਤਿਆਗਦੇ ਹਨ ਤਾਂ ਮੈਂ ਕਿਮ ਨੂੰ 'ਸੁਰੱਖਿਆ' ਮੁਹੱਈਆ ਕਰਵਾਉਣ ਲਈ ਬਹੁਤ ਕੁਝ ਕਰਨ ਲਈ ਤਿਆਰ ਹਾਂ।'' ਟਰੰਪ ਨੇ ਅੱਗੇ ਕਿਹਾ, ''ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ, ਜੋ ਬਹੁਤ ਮਜ਼ਬੂਤ ਹੋਵੇਗੀ, ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਉਹ ਸਮਝੌਤਾ ਕਰ ਲੈਣ। ਟਰੰਪ ਨੇ ਇਹ ਵੀ ਕਿਹਾ ਕਿ ਗੱਲਬਾਤ ਤੋਂ ਪਿੱਛੇ ਹਟਣ ਸਬੰਧੀ ਉੱਤਰੀ ਕੋਰੀਆ ਵਲੋਂ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ।''